ਪਟਿਆਲਾ : ਪਟਿਆਲਾ ਜ਼ਿਲ੍ਹੇ 'ਚ ਅੱਜ ਤੀਸਰੇ ਮਹੀਨੇ ਲਗਾਤਾਰ 8 ਜਨ ਸੁਵਿਧਾ ਕੈਂਪ ਸਫ਼ਲਤਾ ਪੂਰਵਕ ਲਗਾਏ ਗਏ। ਜ਼ਿਲ੍ਹੇ ਦੇ ਵਿਧਾਇਕਾਂ ਅਜੀਤਪਾਲ ਸਿੰਘ ਕੋਹਲੀ, ਡਾ. ਬਲਬੀਰ ਸਿੰਘ, ਨੀਨਾ ਮਿੱਤਲ, ਚੇਤਨ ਸਿੰਘ ਜੌੜਾਮਾਜਰਾ, ਗੁਰਦੇਵ ਸਿੰਘ ਦੇਵ ਮਾਨ, ਹਰਮੀਤ ਸਿੰਘ ਪਠਾਣਮਾਜਰਾ, ਗੁਰਲਾਲ ਘਨੌਰ ਤੇ ਕੁਲਵੰਤ ਸਿੰਘ ਬਾਜੀਗਰ ਦੀ ਅਗਵਾਈ ਹੇਠ ਲੱਗੇ ਇਨ੍ਹਾਂ ਕੈਂਪਾਂ ਨੂੰ ਸਥਾਨਕ ਵਸਨੀਕਾਂ ਨੇ ਲਾਮਿਸਾਲ ਹੁੰਗਾਰਾ ਦਿੱਤਾ।
ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਰੂ ਕੀਤੀ 'ਤੁਹਾਡੀ ਸਰਕਾਰ-ਤੁਹਾਡੇ ਦੁਆਰ' ਦੀ ਨਿਵੇਕਲੀ ਪਹਿਲਕਦਮੀ ਦੇ ਮੱਦੇਨਜ਼ਰ ਲਗਾਏ ਇਨ੍ਹਾਂ ਕੈਂਪਾਂ ਲਈ ਪੰਜਾਬ ਸਰਕਾਰ, ਵਿਧਾਇਕਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਪਟਿਆਲਾ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ। ਵਿਧਾਇਕਾਂ ਨੇ ਕਿਹਾ ਕਿ ਅਜਿਹੇ ਜਨ ਸੁਵਿਧਾ ਕੈਂਪ ਲਗਾਤਾਰ ਜਾਰੀ ਰਹਿਣਗੇ।
ਪਟਿਆਲਾ ਸ਼ਹਿਰੀ 'ਚ ਕਸ਼ਯਪ ਰਾਜਪੂਤ ਸਭਾ ਬਡੂੰਗਰ ਧਰਮਸ਼ਾਲਾ, ਪਟਿਆਲਾ ਦਿਹਾਤੀ ਲਈ ਸਰਕਾਰੀ ਐਲੀਮੈਂਟਰੀ ਸਕੂਲ ਤਫ਼ੱਜਲਪੁਰਾ, ਹਲਕਾ ਸਨੌਰ ਦਾ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੁਧਨਸਾਧਾਂ, ਸਮਾਣਾ ਦਾ ਡੇਰਾ ਬਾਬਾ ਮੰਗੇਸ਼ਰ ਦਾਸ ਜੀ, ਗਰਾਮ ਪੰਚਾਇਤ ਕੁਲਾਰਾਂ, ਨਾਭਾ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੀਂਟਾਂਵਾਲਾ, ਸ਼ੁਤਰਾਣਾ ਹਲਕੇ ਦੇ ਪਿੰਡਾਂ ਲਈ ਸਰਕਾਰੀ ਮਿਡਲ ਸਕੂਲ ਬਰਾਸ, ਰਾਜਪੁਰਾ ਦਾ ਸੀਨੀਅਰ ਸੈਕੰਡਰੀ ਸਕੂਲ ਅਲੂਣਾ ਬਸੰਤਪੁਰਾ ਤੇ ਘਨੌਰ ਹਲਕੇ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੰਭੂਕਲਾਂ ਵਿਖੇ ਜਨ ਸੁਵਿਧਾ ਕੈਂਪ ਲਗਾਇਆ ਗਿਆ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪਟਿਆਲਾ ਪੰਜਾਬ ਦਾ ਪਹਿਲਾ ਜ਼ਿਲ੍ਹਾ ਹੈ, ਜਿਥੇ ਕਲਸਟਰ ਵਾਈਜ਼ ਇਹ ਕੈਂਪ ਲਗਾਕੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਮੁਤਾਬਕ ਯੋਗ ਲਾਭਪਾਤਰੀਆਂ ਨੂੰ ਮੌਕੇ 'ਤੇ ਹੀ ਸਰਕਾਰੀ ਸੇਵਾਵਾਂ ਦਾ ਲਾਭ ਪ੍ਰਦਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਨੋਡਲ ਅਫ਼ਸਰ ਏ.ਡੀ.ਸੀ. (ਦਿਹਾਤੀ ਵਿਕਾਸ) ਈਸ਼ਾ ਸਿੰਘਲ, ਐਸ.ਡੀ.ਐਮਜ਼ ਡਾ. ਇਸਮਤ ਵਿਜੇ ਸਿੰਘ, ਚਰਨਜੀਤ ਸਿੰਘ, ਡਾ. ਸੰਜੀਵ ਕੁਮਾਰ, ਕੰਨੂ ਗਰਗ ਤੇ ਨਵਦੀਪ ਕੁਮਾਰ ਦੀ ਦੇਖ-ਰੇਖ ਹੇਠ ਵੱਖ-ਵੱਖ ਸਰਕਾਰੀ ਵਿਭਾਗਾਂ ਵੱਲੋਂ ਸਰਕਾਰੀ ਸਕੀਮਾਂ ਦਾ ਲਾਭ ਯੋਗ ਲਾਭਪਾਤਰੀਆਂ ਤੱਕ ਪਹੁੰਚਾਇਆ ਗਿਆ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਅੱਜ 10286 ਤੋਂ ਵਧੇਰੇ ਲੋਕਾਂ ਨੇ ਕੈਂਪਾਂ 'ਚ ਆਪਣੇ ਕੰਮਾਂ-ਕਾਰਾਂ ਲਈ ਪਹੁੰਚ ਬਣਾਈ, 2068 ਦਰਖ਼ਾਸਤਾਂ ਦਿੱਤੀਆਂ, ਜਿਨ੍ਹਾਂ 'ਚੋਂ 672 ਦੀ ਮੌਕੇ 'ਤੇ ਪੜਤਾਲ ਕਰਕੇ 647 ਨੂੰ ਯੋਗ ਪਾਉਂਦਿਆਂ ਮੌਕੇ 'ਤੇ ਵੱਖ-ਵੱਖ ਸੇਵਾਵਾਂ ਦੇ ਸਰਟੀਫਿਕੇਟ ਪ੍ਰਦਾਨ ਕਰ ਦਿੱਤੇ ਗਏ।