ਪਟਿਆਲਾ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਇੱਥੇ ਕਿਲਾ ਮੁਬਾਰਕ ਦੇ ਦੁਆਲੇ ਬਣ ਰਹੀ ਹੈਰੀਟੇਜ ਸਟਰੀਟ ਦਾ ਦੌਰਾ ਕਰਕੇ ਇਸ ਪ੍ਰਾਜੈਕਟ ਦਾ ਜਾਇਜ਼ਾ ਲਿਆ ਅਤੇ ਸਥਾਨਕ ਵਸਨੀਕਾਂ ਸਮੇਤ ਦੁਕਾਨਦਾਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਜਾਣੀਆਂ।
ਡਿਪਟੀ ਕਮਿਸ਼ਨਰ ਨੇ ਸਮਾਨੀਆ ਗੇਟ ਤੋਂ ਲੈਕੇ ਕਿਲੇ ਦੇ ਨੇੜੇ ਤੱਕ ਜਾ ਕੇ ਹੈਰੀਟੇਜ ਸਟਰੀਟ ਪ੍ਰਾਜੈਕਟ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਅਤੇ ਲੋਕਾਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਕਿਹਾ ਕਿ ਸਬੰਧਤ ਵਿਭਾਗਾਂ ਨੂੰ ਇਹ ਪ੍ਰਾਜੈਕਟ ਜਲਦੀ ਮੁਕੰਮਲ ਕਰਨ ਦੀਆਂ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ। ਇਸ ਤੋਂ ਬਿਨ੍ਹਾਂ ਇਸ ਪ੍ਰਾਜੈਕਟ 'ਚ ਜਿਥੇ ਕਿਸੇ ਸੁਧਾਰ ਦੀ ਲੋੜ ਹੈ ਉਸਨੂੰ ਵੀ ਅਮਲ 'ਚ ਲਿਆਂਦਾ ਜਾਵੇਗਾ।
ਗੁੜ ਮੰਡੀ ਵਿਖੇ ਦੁਕਾਨਦਾਰਾਂ ਦੀ ਮੰਗ 'ਤੇ ਸਾਕਸ਼ੀ ਸਾਹਨੀ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਢੁਕਵੀਂ ਥਾਂ 'ਤੇ ਟੁਆਇਲਟ ਦੀ ਸੁਵਿਧਾ ਪ੍ਰਦਾਨ ਕਰਨ ਲਈ ਆਖਿਆ। ਇਸੇ ਤਰ੍ਹਾਂ ਬਿਜਲੀ ਦੇ ਖੰਭਿਆਂ, ਟਰਾਂਸਫਾਰਮਰ ਸਮੇਤ ਤਾਰਾਂ ਦੀ ਸਮੱਸਿਆ ਦਾ ਹੱਲ ਕਰਨ ਲਈ ਬਿਜਲੀ ਨਿਗਮ ਦੇ ਅਧਿਕਾਰੀਆਂ ਨੂੰ ਮੌਕੇ 'ਤੇ ਆਦੇਸ਼ ਦਿੱਤੇ ਗਏ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਪ੍ਰਾਜੈਕਟ ਨੂੰ ਜਲਦੀ ਪੂਰਾ ਕਰਨ ਸਮੇਤ ਲੋਕਾਂ ਨੂੰ ਇਸ ਪ੍ਰਾਜੈਕਟ ਦੇ ਮੱਦੇਨਜ਼ਰ ਦਰਪੇਸ਼ ਮੁਸ਼ਕਿਲਾਂ ਨੂੰ ਤੁਰੰਤ ਹੱਲ ਕਰਨ ਲਈ ਟੀਮ ਪਟਿਆਲਾ ਤੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦੇ ਨਾਲ ਪਟਿਆਲਾ ਵਿਕਾਸ ਅਥਾਰਟੀ ਦੇ ਏ.ਸੀ.ਏ ਪਵਿੱਤਰ ਸਿੰਘ, ਕਾਰਜਕਾਰੀ ਇੰਜੀਨੀਅਰ ਨਵੀਨ ਕੰਬੋਜ ਤੇ ਬਿਜਲੀ ਨਿਗਮ ਦੇ ਕਾਰਜਕਾਰੀ ਇੰਜੀਨੀਅਰ ਜਤਿੰਦਰ ਸਿੰਘ ਕੰਡਾ ਵੀ ਮੌਜੂਦ ਸਨ।