ਪਟਿਆਲਾ : ਬਾਗਬਾਨੀ ਵਿਭਾਗ, ਪੰਜਾਬ ਰਾਜ ਵਿੱਚ ਕਿਸਾਨਾਂ ਨੂੰ ਰਵਾਇਤੀ ਫ਼ਸਲਾਂ ਦੇ ਬਦਲ ਵਜੋਂ ਬਾਗਬਾਨੀ ਫ਼ਸਲਾਂ ਜਿਵੇਂ ਕਿ ਫਲ, ਸਬਜ਼ੀਆਂ ਤੇ ਫੁੱਲਾਂ ਆਦਿ ਦੀ ਕਾਸ਼ਤ ਨੂੰ ਵਧਾਉਣ ਲਈ ਕਿਸਾਨਾਂ ਦੀ ਭਲਾਈ ਲਈ ਕਈ ਸਕੀਮਾਂ ਲਾਗੂ ਕਰਕੇ ਉਤਸ਼ਾਹਿਤ ਕਰਦਾ ਆ ਰਿਹਾ ਹੈ ਤਾਂ ਕਿ ਰਾਜ ਵਿੱਚ ਖੇਤੀ ਵਿਭਿੰਨਤਾ ਅਧੀਨ ਨਾ ਸਿਰਫ਼ ਕਿਸਾਨਾਂ ਦੀ ਆਮਦਨ ਵਧਾਈ ਜਾਵੇ, ਸਗੋਂ ਰਾਜ ਦੇ ਕੁਦਰਤੀ ਸੋਮਿਆਂ ਜਿਵੇਂ ਕਿ ਮਿੱਟੀ, ਪਾਣੀ ਆਦਿ ਦੀ ਸੰਭਾਲ ਵੀ ਕੀਤੀ ਜਾ ਸਕੇ। ਇਸ ਨੂੰ ਮੁੱਖ ਰੱਖਦੇ ਹੋਇਆ ਬਾਗ਼ਬਾਨੀ ਵਿਭਾਗ ਵੱਲੋਂ ਫ਼ਸਲਾਂ ਦੀ ਤੁੜਾਈ ਉਪਰੰਤ ਸਾਂਭ-ਸੰਭਾਲ ਲਈ ਖਾਸ ਤੌਰ ਤੇ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਉਨ੍ਹਾਂ ਦੇ ਖੇਤਾਂ ਵਿੱਚ ਹੀ ਛੋਟੇ ਕੋਲਡ ਰੂਮ (ਆਨ ਫਾਰਮ ਕੋਲਡ ਰੂਮ) ਸਕੀਮ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਅਧੀਨ ਪਾਸ ਕਰਵਾਈ ਗਈ ਹੈ।
ਉਪ ਡਾਇਰੈਕਟਰ ਬਾਗਬਾਨੀ ਨਿਰਵੰਤ ਸਿੰਘ ਨੇ ਦੱਸਿਆ ਕਿ ਇਸ ਕੋਲਡ ਰੂਮ ਜਿਸ ਦੀ ਸਮਰੱਥਾ ਲਗਭਗ 3 ਮੀ.ਟਨ ਹੈ, ਵਿੱਚ ਲਗਭਗ ਸਾਰੀਆਂ ਹੀ ਬਾਗਬਾਨੀ ਫ਼ਸਲਾਂ ਵੱਖ-ਵੱਖ ਤਾਪਮਾਨ ਅਤੇ ਨਮੀ ਤੇ ਸਟੋਰ ਕੀਤੀਆਂ ਜਾ ਸਕਦੀਆਂ ਹਨ। ਇਨ੍ਹਾਂ ਕੋਲਡ ਰੂਮਾਂ ਦੀ ਸਹਾਇਤਾ ਨਾਲ ਕਿਸਾਨ ਆਪਣੀਆਂ ਫ਼ਸਲਾਂ ਨੂੰ ਤੁੜਾਈ ਉਪਰੰਤ ਲੋੜ ਅਨੁਸਾਰ ਮੰਡੀਕਰਨ ਲਈ ਲੈ ਕੇ ਜਾ ਸਕਦਾ ਹੈ, ਜਿਸ ਕਰਕੇ ਮਾਰਕੀਟ ਵਿੱਚ ਕਿਸਾਨ ਆਪਣੀ ਫ਼ਸਲ ਦਾ ਚੰਗਾ ਮੁੱਲ ਪਾ ਸਕਦਾ ਹੈ ਅਤੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਦਾ ਹੈ। ਇਸ ਸਕੀਮ ਅਧੀਨ ਆਨ ਫਾਰਮ ਕੋਲਡ ਰੂਮ ਬਣਾਉਣ ਤੇ 1.50 ਲੱਖ ਰੁਪਏ ਦੀ ਸਬਸਿਡੀ ਦਾ ਉਪਬੰਧ ਹੈ। ਉਨ੍ਹਾਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਸਕੀਮ ਦਾ ਲਾਭ ਲੈਣ ਲਈ ਆਪਣੇ ਬਲਾਕ/ਜ਼ਿਲ੍ਹਾ ਅਧਿਕਾਰੀ ਨਾਲ ਸੰਪਰਕ ਕੀਤਾ ਜਾਵੇ।
ਬਾਗਬਾਨੀ ਵਿਭਾਗ ਵੱਲੋਂ 3 ਮੀ.ਟਨ ਆਨ ਫਾਰਮ ਕੋਲਡ ਰੂਮ 50 ਫ਼ੀਸਦੀ ਸਬਸਿਡੀ ਤੇ ਲਗਵਾਏ ਜਾ ਰਹੇ ਹਨ। ਡਿਪਟੀ ਡਾਇਰੈਕਟਰ ਬਾਗਬਾਨੀ ਪਟਿਆਲਾ ਨਿਰਵੰਤ ਸਿੰਘ ਵੱਲੋਂ ਅੱਜ ਅਜਿਹੇ ਕੋਲਡ ਰੂਮ ਪਿੰਡ ਰਾਜਲਾ ਵਿਖੇ ਦੌਰਾ ਕੀਤਾ ਗਿਆ। ਕਿਸਾਨ ਬਲਰਾਜ ਸਿੰਘ ਨੇ ਦੱਸਿਆ ਕਿ ਇਸ ਕੋਲਡ ਰੂਮ ਦਾ ਉਹਨਾਂ ਨੂੰ ਬਹੁਤ ਲਾਭ ਹੋ ਰਿਹਾ ਹੈ।