ਪਟਿਆਲਾ : ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਅੰਗਰੇਜ਼ੀ ਵਿਭਾਗ ਦੇ ਕੁੱਝ ਵਿਦਿਆਰਥੀਆਂ ਵੱਲੋਂ 'ਯੂਨਾਨੀ ਭਾਸ਼ਾ, ਸੱਭਿਆਚਾਰ ਅਤੇ ਸਭਿਅਤਾ' ਵਿਸ਼ੇ ਉੱਤੇ ਆਯੋਜਿਤ ਸੱਤ ਰੋਜ਼ਾ ਅੰਤਰਰਾਸ਼ਟਰੀ ਵਰਕਸ਼ਾਪ (ਸਮਰ ਸਕੂਲ) ਵਿੱਚ ਭਾਗ ਲਿਆ। ਇਸ ਵਰਕਸ਼ਾਪ ਦਾ ਆਯੋਜਨ ਇੰਡੋ-ਹੇਲੇਨਿਕ ਖੋਜ ਕੇਂਦਰ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਵਿਖੇ ਸਥਾਪਿਤ ਗ੍ਰੀਕ ਚੇਅਰ, ਸਕੂਲ ਆਫ਼ ਲੈਂਗੂਏਜ, ਲਿਟਰੇਚਰ ਐਂਡ ਕਲਚਰਲ ਸਟੱਡੀਜ਼-1 ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ ਸੀ। ਭਾਗ ਲੈਣ ਵਾਲੇ ਇਨ੍ਹਾਂ ਵਿਦਿਆਰਥੀਆਂ ਵਿੱਚ ਹਰਵੀਰ ਸਿੰਘ, ਜਤਿੰਦਰ ਕੁਮਾਰ, ਕੁਲਵੀਰ ਕੌਰ, ਦੀਪਿੰਦਰ ਕੌਰ, ਆਸਿ਼ਮਾ ਵਾਲੀਆ, ਸੁਖਪਾਲ ਸ਼ਰਮਾ, ਬ੍ਰਹਮਜੀਤ ਸਿੰਘ, ਸਤਵਿੰਦਰ ਸਿੰਘ, ਪ੍ਰਿੰਸਪਾਲ ਸਿੰਘ, ਦੀਪ ਪ੍ਰਿਯਾ ਪੱਬੀ ਅਤੇ ਤਨਵੀਰ ਕੌਰ ਅੰਟਾਲ ਸ਼ਾਮਿਲ ਸਨ।
ਵਿਭਾਗ ਮੁਖੀ ਪ੍ਰੋ. ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਇਸ ਵਰਕਸ਼ਾਪ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਇਨ੍ਹਾਂ ਤਿੰਨ ਹਿੱਸਿਆਂ ਵਿੱਚ ਯੂਨਾਨੀ ਭਾਸ਼ਾ ਦੀ ਸਿੱਖਿਆ, ਯੂਨਾਨੀ ਦਰਸ਼ਨ ਅਤੇ ਸਭਿਆਚਾਰ ਉੱਤੇ ਗੱਲਬਾਤ ਅਤੇ ਭਾਰਤ-ਯੂਨਾਨੀ ਸਭਿਅਤਾਵਾਂ ਵਿਚਕਾਰ ਆਪਸੀ ਸਬੰਧਾਂ 'ਤੇ ਚਰਚਾ ਸ਼ਾਮਿਲ ਸਨ।ਵਰਕਸ਼ਾਪ ਵਿੱਚ ਭਾਗ ਲੈਣ ਵਾਲਿਆਂ ਨੂੰ ਸੰਬੰਧਤ ਮਾਹਿਰਾਂ ਵੱਲੋਂ ਪੂਰਬੀ ਸੰਸਾਰ ਦੇ ਉਸ ਇਤਿਹਾਸ ਦੀ ਮੁੜ ਜਾਂਚ ਕਰਨ ਸੰਬੰਧੀ ਮੁਹਾਰਤਾਂ ਤੋਂ ਜਾਣੂ ਕਰਵਾਇਆ ਗਿਆ ਜੋ ਸਦੀਆਂ ਤੋਂ ਪੂਰਬੀ ਸੰਸਾਰ ਦੇ ਪ੍ਰਭਾਵ ਹੇਠ ਦੱਬਿਆ ਹੋਇਆ ਸੀ।
ਵਰਕਸ਼ਾਪ ਵਿੱਚ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਸੰਸਕ੍ਰਿਤ ਅਤੇ ਯੂਨਾਨੀ ਮੂਲ ਦੀ ਸ਼ਬਦਾਵਲੀ ਵਿਚਲੀਆਂ ਸਮਾਨਤਾਵਾਂ ਤੋਂ ਇਲਾਵਾ ਵਿਆਕਰਨਿਕ ਸੰਬੰਧਾਂ ਅਤੇ ਧੁਨੀ ਸੰਬੰਧੀ ਨਿਯਮਾਂ ਵਿਚਲੇ ਸਾਂਝੇ ਲੱਛਣਾਂ ਤੋਂ ਜਾਣੂ ਕਰਵਾਇਆ ਗਿਆ। ਵਰਕਸ਼ਾਪ ਦੌਰਾਨ ਇਨ੍ਹਾਂ ਦੋਹੇਂ ਭਾਸ਼ਾਵਾਂ ਵੱਲੋਂ ਆਪਸ ਵਿੱਚ ਇੱਕ ਦੂਜੀ ਨੂੰ ਪ੍ਰਭਾਵਿਤ ਕਰਨ ਦੇ ਵਿਸ਼ੇ ਉੱਪਰ ਵੀ ਵਿਚਾਰ ਚਰਚਾ ਕੀਤੀ ਗਈ।
ਵਰਕਸ਼ਾਪ ਵਿੱਚ ਭਾਰਤ ਭਰ ਦੀਆਂ ਹੋਰ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਵਰਕਸ਼ਾਪ ਦੀ ਵਿਸ਼ੇਸ਼ਤਾ ਇਹ ਵੀ ਰਹੀ ਹੈ ਕਿ ਉਨ੍ਹਾਂ ਨੂੰ ਹੋਰਨਾਂ ਵੱਖ-ਵੱਖ ਯੂਨੀਵਰਸਿਟੀਆਂ ਦੇ ਅਧਿਆਪਕਾਂ ਨਾਲ ਵੀ ਸੰਵਾਦ ਰਚਾਉਣ ਦਾ ਮੌਕਾ ਮਿਲਿਆ।