ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਕੌਮਾਂਤਰੀ ਯੋਗ ਦਿਹਾੜੇ ਦੇ ਸੰਬੰਧ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਇਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਗਿਆ। ਯੂਨੀਵਰਸਿਟੀ ਦੇ ਖੇਡ ਵਿਗਿਆਨ ਵਿਭਾਗ ਵੱਲੋਂ ਆਯੋਜਿਤ ਇਸ ਪ੍ਰੋਗਰਾਮ ਵਿੱਚ 'ਸਰੀਰ ਵਿਗਿਆਨ ਵਿੱਚ ਯੋਗਾ ਦੀ ਮਹੱਤਤਾ' ਵਿਸ਼ੇ ਨੂੰ ਦਰਸਾਉਂਦਾ ਇਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ।
ਇਹ ਪ੍ਰੋਗਰਾਮ ਖੇਡ ਵਿਗਿਆਨ ਵਿਭਾਗ ਦੇ ਮੁਖੀ ਡਾ. ਅਜੀਤਾ ਦੀ ਅਗਵਾਈ ਵਿਚ ਆਯੋਜਿਤ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਕੀਤੀ ਗਈ ।
ਪ੍ਰੋਗਰਾਮ ਵਿਚਲਾ ਇਹ ਮੁੱਖ ਭਾਸ਼ਣ ਉੱਘੇ ਸਰੀਰ ਵਿਗਿਆਨੀ ਪ੍ਰੋ. ਅਸੀਸ ਗੋਸਵਾਮੀ ਵੱਲੋਂ ਦਿੱਤਾ ਗਿਆ। ਉਹਨਾਂ ਵੱਲੋਂ ਆਪਣੇ ਇਸ ਭਾਸ਼ਣ ਵਿੱਚ ਯੋਗਾ ਦੇ ਸਰੀਰ ਵਿਗਿਆਨਕ ਦ੍ਰਿਸ਼ਟੀਕੋਣ ਬਾਰੇ ਵਿਸਥਾਰ ਵਿੱਚ ਗੱਲਬਾਤ ਕੀਤੀ ਗਈ ਜਿਸ ਵਿੱਚ ਯੋਗਾ ਦੀ ਸਰੀਰਕ ਅਤੇ ਮਾਨਸਿਕ ਤੌਰ ਉੱਤੇ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ। ਯੋਗਾ ਦੇ ਵੱਖ-ਵੱਖ ਪੱਖਾਂ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਇਹ ਵੀ ਦੱਸਿਆ ਕਿ ਜੇ ਬਿਨਾ ਕਿਸੇ ਯੋਗ ਤਜਰਬੇ ਤੋਂ ਯੋਗਾ ਕੀਤਾ ਜਾਂਦਾ ਹੈ ਤਾਂ ਕਈ ਵਾਰ ਇਹ ਸਰੀਰ ਲਈ ਨੁਕਸਾਨ ਦਾਇਕ ਵੀ ਸਾਬਿਤ ਹੋ ਸਕਦਾ ਹੈ। ਇਸ ਲਈ ਯੋਗਾ ਕਰਨ ਹਿਤ ਸਹੀ ਜਾਣਕਾਰੀ ਦਾ ਹੋਣਾ ਬਹੁਤ ਜ਼ਰੂਰੀ ਹੈ।
ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਕਿਹਾ ਗਿਆ ਕਿ ਸਾਨੂੰ ਆਪਣੀ ਸਰੀਰਕ ਅਤੇ ਮਾਨਸਿਕ ਸਿਹਤ ਦਾ ਖਿਆਲ ਰੱਖਣ ਲਈ ਯੋਗਾ ਜਿਹੀਆਂ ਵਿਸ਼ੇਸ਼ ਵਿਧੀਆਂ ਵੱਲ ਧਿਆਨ ਦੇਣ ਦੀ ਲੋੜ ਹੈ।
ਇਸ ਮੌਕੇ ਬੋਲਦਿਆਂ ਪ੍ਰੋ. ਅਜੀਤਾ ਵੱਲੋਂ ਵੀ ਯੋਗਾ ਦੀ ਅਹਿਮੀਅਤ ਬਾਰੇ ਵੱਖ-ਵੱਖ ਪੱਖਾਂ ਨੂੰ ਉਜਾਗਰ ਕਰਦੇ ਹੋਏ ਆਪਣੇ ਸ਼ਬਦ ਪ੍ਰਗਟਾਏ ਗਏ।
ਇਸ ਪ੍ਰੋਗਰਾਮ ਵਿੱਚ ਖੇਡ ਵਿਗਿਆਨ ਵਿਭਾਗ ਤੋਂ ਇਲਾਵਾ ਹੋਰਨਾਂ ਵੱਖ-ਵੱਖ ਵਿਭਾਗਾਂ ਤੋਂ ਵਿਦਿਆਰਥੀਆਂ, ਖੋਜਾਰਥੀਆਂ ਅਤੇ ਫੈਕਲਟੀ ਮੈਂਬਰਾਂ ਵੱਲੋਂ ਸ਼ਿਰਕਤ ਕੀਤੀ ਗਈ।