ਪਟਿਆਲਾ : ਪੰਜਾਬੀ ਯੂਨੀਵਰਸਿਟੀ, ਪਟਿਆਲਾ "ਗੁਰੂ ਨਾਨਕ ਦੇ ਪੈਂਡਿਆਂ ਉੱਤੇ ਮੌਜੂਦਾ ਸਮੇਂ ਤੁਰਨਾ ਸਮਕਾਲ ਦੇ ਦੌਰ ਵਿੱਚ ਤੁਰਦਿਆਂ ਉਸ ਦੌਰ ਦੀਆਂ ਔਕੜਾਂ ਨੂੰ ਸਮਝਣਾ ਹੈ। ਜੇ ਉਸ ਸਮੇਂ ਆਵਾਜਾਈ ਦੀਆਂ ਔਕੜਾਂ ਦਰਪੇਸ਼ ਸਨ ਤਾਂ ਮੌਜੂਦਾ ਸਮੇਂ ਭੌਤਿਕ ਰਾਜਨੀਤਕ ਬੰਦਸ਼ਾਂ ਹਨ ਕਿ ਗੁਰੂ ਸਾਹਿਬ ਦੀ ਉਦਾਸੀਆਂ ਨਾਲ ਸਬੰਧਤ ਕੁੱਲ ਨੌ ਮੁਲਕਾਂ ਵਿਚਲਾ ਤਕਰੀਬਨ 77 ਫ਼ੀਸਦੀ ਹਿੱਸਾ ਅੱਜ ਵੀ ਉਨ੍ਹਾਂ ਨੂੰ ਦੇ ਪੈਰੋਕਾਰਾਂ ਦੀ ਪਹੁੰਚ ਤੋਂ ਬਾਹਰ ਰਹਿ ਜਾਂਦਾ ਹੈ।"
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰੂ ਸਾਹਿਬ ਨਾਲ ਸਬੰਧਤ ਉਦਾਸੀਆਂ ਨੂੰ ਆਧਾਰ ਬਣਾ ਕੇ ਕਲਾਤਮਿਕ ਦਸਤਾਵੇਜ਼ੀ ਲੜੀ ਦਾ ਨਿਰਮਾਣ ਕਰਨ ਵਾਲੇ ਫ਼ਿਲਮਸਾਜ਼ ਅਮਰਦੀਪ ਸਿੰਘ ਵੱਲੋਂ ਪੰਜਾਬੀ ਯੂਨੀਵਰਸਿਟੀ ਵਿੱਚ ਰੱਖੇ ਗਏ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕੀਤਾ ਗਿਆ।
ਉਹ ਆਪਣੀ ਸਾਥੀ ਫਿਲਮਸਾਜ਼ ਵਨਿੰਦਰ ਕੌਰ ਨਾਲ ਸਿੰਘਾਪੁਰ ਤੋਂ ਉਚੇਚੇ ਤੌਰ ਉੱਤੇ ਪੰਜਾਬੀ ਯੂਨੀਵਰਸਿਟੀ ਪਹੁੰਚੇ।
ਉਨ੍ਹਾਂ ਆਪਣਾ ਅਨੁਭਵ ਸਾਂਝਾ ਕਰਦਿਆਂ ਦੱਸਿਆ ਕਿ ,"ਕਾਰਪੋਰੇਟ ਸੈਕਟਰ ਦੀਆਂ ਵੱਖ-ਵੱਖ ਵੱਡੀਆਂ ਕੰਪਨੀਆਂ ਵਿੱਚ ਕੰਮ ਕਰਦਿਆਂ ਮੈਂ ਵਿਦੇਸ਼ਾਂ ਵਿੱਚ ਬੈਠਾ ਚੰਗੀ ਕਮਾਈ ਕਰ ਰਿਹਾ ਸੀ; ਫਿਰ ਸਭ ਕੁੱਝ ਛੱਡ-ਛੁਡਾ ਕੇ ਆਪਣਾ ਰਾਹ ਬਦਲ ਲਿਆ; ਪਰ ਇਹ ਸਾਰੀਆਂ ਨੌਕਰੀਆਂ ਛੱਡ ਕੇ ਮੈਂ ਜੋ ਹੁਣ ਕਮਾਈ ਕਰ ਰਿਹਾ ਹਾਂ ਉਹ ਕਮਾਈ ਇਸ ਸਭ ਕੁੱਝ ਤੋਂ ਵੱਡੀ ਹੈ। ਉਸ ਕਮਾਈ ਦਾ ਲਾਭ ਸਿਰਫ਼ ਮੈਨੂੰ ਹੀ ਨਹੀਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਹੋਵੇਗਾ।"
ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਦੇ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ. ਐੱਮ. ਆਰ. ਸੀ.) ਵੱਲੋਂ 'ਗੁਰੂ ਨਾਨਕ ਦੀਆਂ ਪੈੜਾਂ ਉੱਤੇ ਸਮਕਾਲੀ ਦੌਰ ਦਾ ਸਫ਼ਰ' ਵਿਸ਼ੇ ਉੱਤੇ ਇੱਕ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਫਿ਼ਲਮਸਾਜ਼ ਅਮਰਦੀਪ ਸਿੰਘ ਵੱਲੋਂ ਨਿਰਮਿਤ ਦਸਤਾਵੇਜ਼ੀ ਲੜੀ ਦੇ ਸੰਖੇਪ ਰੂਪ ਦੀ ਪਰਦਾਪੇਸ਼ੀ ਕੀਤੀ ਗਈ ਅਤੇ ਇਸ ਉਪਰੰਤ ਇਸ ਲੜੀ ਨਾਲ ਸੰਬੰਧਤ ਦੋਹੇਂ ਫਿ਼ਲਮਸਾਜ਼ ਅਮਰਦੀਪ ਸਿੰਘ ਅਤੇ ਵਨਿੰਦਰ ਕੌਰ ਨਾਲ ਸੰਵਾਦ ਰਚਾਇਆ ਗਿਆ।
ਵਰਨਣਯੋਗ ਹੈ ਕਿ ਅਮਰਦੀਪ ਸਿੰਘ ਅਤੇ ਵਨਿੰਦਰ ਕੌਰ ਵੱਲੋਂ ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਨਾਲ ਜੁੜੇ ਦੁਨੀਆਂ ਦੇ ਨੌ ਵੱਖ-ਵੱਖ ਦੇਸਾਂ ਵਿਚਲੀਆਂ ਤਕਰੀਬਨ ਸਾਰੀਆਂ ਥਾਵਾਂ ਦੀ ਨਿਸ਼ਾਨਦੇਹੀ ਕਰਦਿਆਂ ਉਨ੍ਹਾਂ ਨੂੰ ਆਪਣੇ ਕਲਾਤਮਿਕ ਢੰਗ ਨਾਲ ਫਿ਼ਲਮਾਇਆ ਗਿਆ ਹੈ। 24 ਐਪੀਸੋਡਜ਼ ਦੀ ਇਹ ਦਸਤਾਵੇਜ਼ੀ ਲੜੀ ਇਨ੍ਹੀਂ ਦਿਨੀਂ ਚਰਚਾ ਵਿੱਚ ਹੈ।
ਇਸ ਦਸਤਾਵੇਜ਼ੀ ਲੜੀ ਦੀ ਸੰਖੇਪ ਪਰਦਾਪੇਸ਼ੀ ਉਪਰੰਤ ਰਚਾਏ ਗਏ ਸੰਵਾਦ ਦੌਰਾਨ ਇਨ੍ਹਾਂ ਦੋਹੇਂ ਫਿ਼ਲਮਸਾਜ਼ਾਂ ਵੱਲੋਂ ਇਸ ਦੀ ਨਿਰਮਾਣਕਾਰੀ ਨਾਲ ਜੁੜੇ ਆਪਣੇ ਅਨੁਭਵ ਸਾਂਝੇ ਕੀਤੇ ਗਏ। ਅਮਰਦੀਪ ਸਿੰਘ ਨੇ ਦੱਸਿਆ ਕਿ ਦਸਤਾਵੇਜ਼ੀ ਲੜੀ ਦੇ ਨਿਰਮਾਣ ਸਮੇਂ ਉਸ ਨੂੰ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਅਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।
ਇਸ ਮੌਕੇ ਉਨ੍ਹਾਂ ਵੱਲੋਂ ਆਪਣੇ ਇਸ ਵੱਡੇ ਪ੍ਰਾਜੈਕਟ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਯੋਗਦਾਨ ਬਾਰੇ ਜਿ਼ਕਰ ਕਰਦਿਆਂ ਦੱਸਿਆ ਗਿਆ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸਿ਼ਤ ਪੁਸਤਕਾਂ ਨੇ ਕਿਸ ਤਰ੍ਹਾਂ ਉਨ੍ਹਾਂ ਦੀ ਗੁਰੂ ਸਾਹਿਬ ਨਾਲ ਜੁੜੇ ਇਤਿਹਾਸ ਨੂੰ ਜਾਨਣ ਸੰਬੰਧੀ ਮਦਦ ਕੀਤੀ ਗਈ। ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਪੀਡੀਆ ਅਤੇ ਫੌਂਟ/ਲਿਪੀ ਨੂੰ ਤਬਦੀਲ ਕਰਨ ਵਾਲੇ ਸਾਫ਼ਟਵੇਅਰਾਂ ਨੇ ਵੀ ਉਸ ਦੀ ਟੀਮ ਦੀ ਬਹੁਤ ਮਦਦ ਕੀਤੀ ਹੈ।
ਇਸ ਮੌਕੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਉਨ੍ਹਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਚੰਗੀ ਗੱਲ ਇਹ ਹੈ ਕਿ ਉਨ੍ਹਾਂ ਵੱਲੋਂ ਕੀਤੇ ਗਏ ਇਸ ਕਾਰਜ ਦਾ ਮਿਆਰ ਬਹੁਤ ਉੱਚਾ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਨਾਲ਼ ਜਿੱਥੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦਾ ਦਾਇਰਾ ਦੁਨੀਆਂ ਵਿੱਚ ਹੋਰ ਵਧੇਰੇ ਫੈਲੇਗਾ ਓਥੇ ਹੀ ਬਹੁਤ ਸਾਰੀਆਂ ਨਵੀਂਆਂ ਪਰਤਾਂ ਵੀ ਖੁੱਲ੍ਹਣਗੀਆਂ। ਉਨ੍ਹਾਂ ਕਿਹਾ ਕਿ ਹੁਣ ਦੇ ਸਮੇਂ ਵਿੱਚ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੇ ਫ਼ਲਸਫ਼ੇ ਤੋਂ ਦੂਰ ਹੁੰਦੇ ਜਾ ਰਹੇ ਹਾਂ ਤਾਂ ਨਵੀਂਆਂ ਪੀੜ੍ਹੀਆਂ ਨੂੰ ਇਸ ਨਾਲ ਜੋੜਨ ਲਈ ਅਜਿਹੇ ਯਤਨਾਂ ਦੀ ਲੋੜ ਹੈ।
ਈ. ਐੱਮ.ਆਰ.ਸੀ. ਦੇ ਡਾਇਰੈਕਟਰ ਦਲਜੀਤ ਅਮੀ ਵੱਲੋਂ ਦੋਹੇਂ ਫਿ਼ਲਮਸਾਜ਼ਾਂ ਅਤੇ ਉਨ੍ਹਾਂ ਦੇ ਕੰਮ ਬਾਰੇ ਜਾਣਕਾਰੀ ਦਿੰਦਿਆਂ ਇਸ ਪ੍ਰੋਗਰਾਮ ਦੀ ਬਹੁ-ਅਨੁਸ਼ਾਸਨੀ ਪਹੁੰਚ ਬਾਰੇ ਚਾਨਣਾ ਪਾਇਆ ਗਿਆ। ਪ੍ਰੋਗਰਾਮ ਵਿੱਚ ਸਮਾਜ ਵਿਗਿਆਨ ਵਿਭਾਗ ਦੇ ਮੁਖੀ ਡਾ. ਦੀਪਕ ਕੁਮਾਰ ਵੱਲੋਂ ਆਪਣੇ ਵਿਸ਼ੇ ਦੇ ਦ੍ਰਿਸ਼ਟੀਕੋਣ ਤੋਂ ਅਹਿਮ ਟਿੱਪਣੀਆਂ ਕੀਤੀਆਂ ਗਈਆਂ। ਪ੍ਰੋਗਰਾਮ ਦਾ ਸੰਚਾਲਨ ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਤੋਂ ਡਾ. ਕਰਮਜੀਤ ਕੌਰ ਵੱਲੋਂ ਕੀਤਾ ਗਿਆ ਜਦੋਂ ਕਿ ਰਸਮੀ ਰੂਪ ਵਿੱਚ ਧੰਨਵਾਦੀ ਸ਼ਬਦ ਸੈਂਟਰ ਫ਼ਾਰ ਇੰਪਾਵਰਮੈਂਟ ਆਫ਼ ਪਰਸਨ ਵਿਦ ਡਿਸੇਬਿਲਟੀਜ਼ ਦੇ ਡਾਇਰੈਕਟਰ ਡਾ. ਕਿਰਨ ਵੱਲੋਂ ਬੋਲੇ ਗਏ।
ਜਿ਼ਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਵਿਚਲੇ ਵੱਖ-ਵੱਖ ਵਿਭਾਗਾਂ ਜਿਨ੍ਹਾਂ ਵਿੱਚ ਸੈਂਟਰ ਫ਼ਾਰ ਐਡਵਾਂਸਡ ਮੀਡੀਆ ਸਟੱਡੀਜ਼, ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ, ਸਮਾਜ ਵਿਗਿਆਨ ਅਤੇ ਸਮਾਜਿਕ ਮਾਨਵ-ਵਿਗਿਆਨ ਵਿਭਾਗ ਅਤੇ ਸੈਂਟਰ ਫ਼ਾਰ ਇੰਪਾਵਰਮੈਂਟ ਆਫ਼ ਪਰਸਨ ਵਿਦ ਡਿਸੇਬਿਲਟੀਜ਼ ਸ਼ਾਮਿਲ ਸਨ, ਵੱਲੋਂ ਇਸ ਪ੍ਰੋਗਰਾਮ ਦੇ ਆਯੋਜਨ ਵਿੱਚ ਸਹਿਯੋਗ ਦਿੱਤਾ ਗਿਆ। ਇਸ ਸਮਾਗਮ ਦੀ ਇੱਕ ਵਿਸ਼ੇਸ਼ਤਾ ਇਹ ਵੀ ਰਹੀ ਕਿ ਸਾਰੇ ਸਮਾਗਮ ਦਾ ਨਾਲ਼ੋ-ਨਾਲ਼ ਤਰਜਮਾ ਸੰਕੇਤਕ ਭਾਸ਼ਾ ਵਿੱਚ ਕੀਤਾ ਗਿਆ ਜਿਸ ਸੰਬੰਧੀ ਸੰਕੇਤਕ ਭਾਸ਼ਾ ਮਾਹਿਰ ਰਵਿੰਦਰ ਕੌਰ ਵੱਲੋਂ ਆਪਣੀਆਂ ਸੇਵਾਵਾਂ ਨਿਭਾਈਆਂ ਗਈਆਂ।