ਪਟਿਆਲਾ : ਪੰਜਾਬੀ ਯੂਨੀਵਰਸਿਟੀ, ਪਟਿਆਲਾ ਆਈ. ਆਈ. ਐੱਸ.ਈ. ਆਰ. ਤਿਰੂਪਤੀ ਦੇ ਬੀ. ਐੱਸ.ਐੱਮ. ਐੱਸ. ਕੋਰਸ ਦੀ ਇੱਕ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਿਗਿਆਨ ਲੈਬ ਦੀ ਮਦਦ ਨਾਲ ਖੋਜ ਕਰਨ ਹਿਤ ਸ਼ਾਮਿਲ ਹੋਈ ਹੈ।
ਅਬਿਰਾਮੀ ਮੇਨਾਥ ਨਾਮਕ ਇਹ ਵਿਦਿਆਰਥੀ ਆਈ. ਆਈ. ਐੱਸ.ਈ. ਆਰ. ਤਿਰੂਪਤੀ ਦੇ ਇਸ ਸੰਬੰਧਤ ਕੋਰਸ ਦੀ 2018 ਬੈਚ ਨਾਲ ਸੰਬੰਧਤ ਵਿਦਿਆਰਥੀ ਹੈ। ਉਹ ਪੰਜਾਬੀ ਯੂਨੀਵਰਸਿਟੀ ਵਿੱਚ ਡਾ. ਹਿਮੇਂਦਰ ਭਾਰਤੀ ਦੀ ਲੈਬ ਵਿੱਚ ਆਪਣੇ ਐਮ.ਐੱਸ ਦੇ ਥੀਸਿਸ ਲਈ ਪੰਜਾਬੀ ਯੂਨੀਵਰਸਿਟੀ ਦੀ ਖੋਜ ਲੈਬਬ ਸੇਵਾਵਾਂ ਹਾਸਿਲ ਕਰ ਰਹੀ ਹੈ।
ਡਾ. ਹਿਮੇਂਦਰ ਭਾਰਤੀ ਨੇ ਦੱਸਿਆ ਕਿ ਕਿ ਉਹ ਹਿਮਾਲਿਆ ਦੀਆਂ ਚੋਟੀਆਂ ਤੇ ਪਾਈਆਂ ਜਾਣ ਵਾਲੀਆਂ ਸਥਾਨਕ ਪ੍ਰਜਾਤੀਆਂ ਦੀਆਂ ਕੀੜੀਆਂ (ਮਿਰਮਿਕਾ) ਦੇ ਸਮਾਜਿਕ ਸੰਗਠਨ ,ਵਿਵਹਾਰ, ਗਤੀਵਿਧੀਆਂ, ਜੈਵਿਕ ਵਿਕਾਸ ਆਦਿ ਵਿਸ਼ੇ ਬਾਰੇ ਖੋਜ ਕਰਨ ਜਾ ਰਹੀ ਹੈ।
ਇਸ ਸੰਬੰਧੀ ਹੋਰ ਵੇਰਵੇ ਦਿੰਦਿਆਂ ਡਾ.ਭਾਰਤੀ ਨੇ ਦੱਸਿਆ ਕਿ ਇਸ ਪ੍ਰਜਾਤੀ ਦੀਆਂ ਇਹ ਕੀੜੀਆਂ ਸਿਰਫ਼ ਹਿਮਾਲਿਆ ਉੱਪਰ ਹੀ ਪਾਈਆਂ ਜਾਂਦੀਆਂ ਹਨ ਕਿਉਂਕਿ ਇਹ ਹਿਮਾਲਿਆ ਦੇ ਗਠਨ ਤੋਂ ਬਾਅਦ ਪੈਦਾ ਹੋਈਆਂ ਹਨ ਅਤੇ ਇਹਨਾਂ ਦਾ ਸਮਾਜਿਕ ਸੰਗਠਨ ਬਾਕੀਆਂ ਨਾਲੋਂ ਬਹੁਤ ਵੱਖਰਾ ਹੈ। ਉਨ੍ਹਾਂ ਦੱਸਿਆ ਕਿ ਇਸ ਖੋਜ ਦੌਰਾਨ ਕੀੜੀਆਂ ਦੀ ਇਸ ਪ੍ਰਜਾਤੀ ਦੇ ਜੈਵਿਕ ਵਿਗਾਸ ਅਤੇ ਭੋਜਨ ਪ੍ਰਾਪਤੀ ਲਈ ਗਤੀਵਿਧੀਆਂ ਬਾਰੇ ਜਾਣਨਾ ਬਹੁਤ ਹੀ ਦਿਲਚਸਪ ਹੋਵੇਗਾ।
ਅਬਿਰਾਮੀ ਮੇਨਾਥ ਨੇ ਦੱਸਿਆ ਕਿ ਉਹ ਆਪਣੀ ਇਸ ਖੋਜ ਦੌਰਾਨ ਉੱਚ ਪਹਾੜੀ ਇਲਾਕਿਆਂ ਵਿੱਚ ਪਾਈਆਂ ਜਾਣ ਵਾਲੀਆਂ ਕੀੜੀਆਂ ਦੇ ਜੀਵਨ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ਉੱਪਰ ਕੰਮ ਕਰ ਰਹੀ ਹੈ। ਉਸ ਨੇ ਕਿਹਾ ਕਿ ਉਸ ਨੂੰ ਖੁਸ਼ੀ ਹੈ ਕਿ ਉਸ ਨੂੰ ਡਾ. ਹਿਮੇਂਦਰ ਭਾਰਤੀ ਅਤੇ ਉਸ ਦੀ ਟੀਮ ਨਾਲ ਮਿਲ ਕੇ ਇਸ ਦਿਸ਼ਾ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਹੈ।
ਜਿ਼ਕਰਯੋਗ ਹੈ ਕਿ ਡਾ. ਹਿਮੇਂਦਰ ਭਾਰਤੀ, ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਅਲਾ ਵਿੱਚ ਸਥਾਪਿਤ 'ਪੰਜਾਬ ਦਾ ਵਣ-ਤ੍ਰਿਣ ਜੀਵ-ਜੰਤ ਮੁੜ ਸੰਤੁਲਨ ਕੇਂਦਰ' ਦੇ ਡਾਇਰੈਕਟਰ ਵੀ ਹਨ, ਦਾ ਵੱਖ-ਵੱਖ ਪ੍ਰਜਾਤੀਆਂ ਦੀਆਂ ਕੀੜੀਆਂ ਬਾਰੇ ਬਹੁਤ ਸਾਰਾ ਖੋਜ ਕਾਰਜ ਹੈ ਜਿਸ ਨੂੰ ਕੌਮਾਂਤਰੀ ਪੱਧਰ ਉੱਤੇ ਮਾਨਤਾ ਪ੍ਰਾਪਤ ਹੈ।