ਪਟਿਆਲਾ : ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਥੀਏਟਰ ਅਤੇ ਟੈਲੀਵਿਯਨ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਰੋਹਤਕ ਵਿਖੇ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ ਵਿੱਚ 'ਮੇਰੇ ਲੋਕ' ਨਾਮ ਦੇ ਨਾਟਕ ਦੀ ਪੇਸ਼ਕਾਰੀ ਕੀਤੀ ਗਈ ਸੀ। ਇਸ ਪੇਸ਼ਕਾਰੀ ਨੇ 31,000 ਰੁਪਏ ਦਾ ਨਕਦ ਇਨਾਮ ਜਿੱਤਿਆ ਸੀ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਹ ਇਨਾਮੀ ਰਾਸ਼ੀ ਇਸ ਟੀਮ ਵਿੱਚ ਸ਼ਾਮਿਲ ਸਾਰੇ ਮੈਂਬਰਾਂ ਨੂੰ ਪ੍ਰਦਾਨ ਕੀਤੀ ਗਈ।
ਇਸ ਮੌਕੇ ਬੋਲਦਿਆਂ ਪ੍ਰੋ. ਅਰਵਿੰਦ ਨੇ ਇਸ ਟੀਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਸਲ ਮਾਨਤਾ ਉਹ ਹੀ ਹੁੰਦੀ ਹੈ ਜੋ ਦੂਜਾ ਸਾਨੂੰ ਦੇਵੇ। ਇਸ ਲਈ ਜੇ ਉਸ ਯੂਨੀਵਰਸਿਟੀ ਨੇ ਟੀਮ ਨੂੰ ਮਾਨਤਾ ਦਿੰਦਿਆਂ ਇਸ ਪੇਸ਼ਕਾਰੀ ਤੋਂ ਖੁਸ਼ ਹੋ ਕੇ ਇਹ ਇਨਾਮ ਦਿੱਤਾ ਹੈ ਤਾਂ ਵਿਦਿਆਰਥੀਆਂ ਅਤੇ ਵਿਭਾਗ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਲਈ ਵੀ ਇਹ ਮਾਣ ਵਾਲੀ ਗੱਲ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥੀਏਟਰ ਅਤੇ ਟੈਲੀਵਿਯਨ ਵਿਭਾਗ ਦੀ ਮੁਖੀ ਡਾ. ਜਸਪਾਲ ਦਿਉਲ ਨੇ ਦੱਸਿਆ ਕਿ ਇਸ ਟੀਮ ਵਿੱਚ ਵਿਭਾਗ ਦੇ ਐੱਮ.ਏ. ਭਾਗ ਦੂਜਾ ਦੇ ਸਮੈਸਟਰ ਚੌਥਾ ਦੇ ਵਿਦਿਆਰਥੀਆਂ ਨੇ ਸਿ਼ਰਕਤ ਕੀਤੀ ਸੀ। ਵਿਦਿਆਰਥੀਆਂ ਦੀ ਇਸ ਪੇਸ਼ਕਾਰੀ ਨੂੰ ਖ਼ੂਬ ਸਲਾਹਿਆ ਗਿਆ।
ਇਨਾਮੀ ਰਾਸ਼ੀ ਪ੍ਰਦਾਨ ਕੀਤੇ ਜਾਣ ਦੀ ਇਸ ਰਸਮ ਸਮੇਂ ਰਜਿਸਟਰਾਰ ਪ੍ਰੋ. ਨਵਜੋਤ ਕੌਰ, ਪ੍ਰੋਫ਼ੈਸਰ ਇੰਚਾਰਜ ਵਿੱਤ ਡਾ. ਰਾਕੇਸ਼ ਖੁਰਾਣਾ ਅਤੇ ਸੈਂਟਰ ਫਾਰ ਐਡਵਾਂਸਡ ਮੀਡੀਆ ਸਟੱਡੀਜ਼ ਦੇ ਮੁਖੀ ਡਾ. ਹਰਜੀਤ ਵੀ ਹਾਜ਼ਰ ਰਹੇ।