ਪਟਿਆਲਾ : ਸਥਾਨਕ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਪਟਿਆਲਾ ਵੱਲੋਂ ਉਦਯੋਗਿਕ ਇਕਾਈਆਂ ਦੇ ਸਹਿਯੋਗ ਨਾਲ ਤਕਨੀਕੀ ਸਿੱਖਿਆ ਨੂੰ ਹੋਰ ਮਿਆਰੀ ਬਣਾਉਣ ਤਹਿਤ ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਸ ਸਬ ਸੈਂਟਰ ਪਟਿਆਲਾ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ।
ਪ੍ਰਿੰਸੀਪਲ ਰਵਿੰਦਰ ਸਿੰਘ ਹੁੰਦਲ ਦੀ ਅਗਵਾਈ ਵਿਚ ਆਰਕੀਟੈਕਚਰ ਵਿਭਾਗ ਵੱਲੋਂ ਕੀਤੀ ਗਈ ਇਸ ਨਵੇਕਲੀ ਪਹਿਲ ਦਾ ਮਕਸਦ ਫ਼ੀਲਡ ਆਰਕੀਟੈਕਟਸ ਨਾਲ ਤਾਲਮੇਲ ਕਰਕੇ ਉਨ੍ਹਾਂ ਦੀ ਮੰਗ ਅਨੁਸਾਰ ਸਿਲੇਬਸ ਬਣਾਉਣ ਅਤੇ ਵਿਦਿਆਰਥੀਆਂ ਦੇ ਲਈ ਰੋਜ਼ਗਾਰ ਅਤੇ ਸਿਖਲਾਈ ਦੇ ਮੌਕੇ ਪੈਦਾ ਕਰਨਾ ਹੈ। ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਸ ਪਟਿਆਲਾ ਵੱਲੋਂ ਚੇਅਰਮੈਨ ਆਰਕੀਟੈਕਟ ਰਾਜਿੰਦਰ ਸੰਧੂ, ਪੈਟਰਨ ਆਰਕੀਟੈਕਟ ਐਲ ਆਰ ਗੁਪਤਾ, ਸ੍ਰੀਮਤੀ ਇੰਦੂ ਅਰੋੜਾ ਆਰਕੀਟੈਕਟ ਲੋਕੇਸ਼ ਗੁਪਤਾ, ਰਾਕੇਸ਼ ਅਰੋੜਾ, ਆਰਕੀਟੈਕਟ ਸੁਪਿੰਦਰ ਕੌਰ, ਸੁਖਪ੍ਰੀਤ ਕੌਰ ਚੰਨੀ ਰੈਡੀਮਿਕਸ ਕੰਕਰੀਟ, ਥਾਪਰ ਪੌਲੀਟੈਕਨਿਕ ਕਾਲਜ ਦੇ ਮੁਖੀ ਵਿਭਾਗ ਸੰਗੀਤਾ ਗੋਇਲ ਵੱਲੋਂ ਇਸ ਮੀਟਿੰਗ ਵਿੱਚ ਸ਼ਿਰਕਤ ਕੀਤੀ ਗਈ।
ਕਾਲਜ ਦੇ ਆਰਕੀਟੈਕਚਰ ਵਿਭਾਗ ਦੇ ਮੁਖੀ ਰਵਨੀਤ ਕੌਰ ਵੱਲੋਂ ਆਰਕੀਟੈਕਚਰ ਵਿਭਾਗ ਦੇ ਸਿਲੇਬਸ ਵਿਚ ਤਜਵੀਜਤ ਸੋਧਾਂ ਸਬੰਧੀ ਵਫ਼ਦ ਦੇ ਵਿਚਾਰ ਲਏ ਗਏ ਤਾਂ ਜੋ ਅਕਾਦਮਿਕ ਸਿਲੇਬਸ ਨੂੰ ਫ਼ੀਲਡ ਦੇ ਅਨੁਸਾਰ ਤਕਨੀਕੀ ਮੁਹਾਰਤ ਨਾਲ ਤਿਆਰ ਕੀਤਾ ਜਾ ਸਕੇ। ਸੀਨੀਅਰ ਆਰਕੀਟੈਕਟ ਐਲ ਆਰ ਗੁਪਤਾ ਨੇ ਵਿਦਿਆਰਥੀਆਂ ਦੇ ਵਿੱਦਿਅਕ ਮਿਆਰ ਨੂੰ ਉੱਚਾ ਚੁੱਕਣ ਲਈ ਦੁਵੱਲੀ ਪ੍ਰੈਕਟੀਕਲ ਟ੍ਰੇਨਿੰਗ ਉਪਰ ਜ਼ੋਰ ਦਿੱਤਾ ਅਤੇ ਐਸੋਸੀਏਸ਼ਨ ਵੱਲੋਂ ਪੂਰਨ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ।
ਆਰ ਰਜਿੰਦਰ ਸਿੰਘ ਸੰਧੂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਨਵੀਂ ਤਕਨੀਕ ਤੋਂ ਜਾਣੂ ਕਰਵਾਉਣ ਲਈ ਉਨ੍ਹਾਂ ਵੱਲੋਂ ਵਿਸ਼ੇਸ਼ ਸੈਮੀਨਾਰ ਕਰਵਾਏ ਜਾਣਗੇ। ਇੰਦੂ ਅਰੋੜਾ ਵੱਲੋਂ ਵਿਦਿਆਰਥੀਆਂ ਦੇ ਫ਼ੀਲਡ ਵਿਜ਼ਟ ਲਈ ਵਿਭਾਗ ਨਾਲ ਮਿਲ ਕੇ ਸਲਾਨਾ ਕਲੰਡਰ ਤਿਆਰ ਕਰਨ ਦੀ ਤਜਵੀਜ਼ ਦਿੱਤੀ ਗਈ ਤਾਂ ਜੋ ਆਰਕੀਟੈਕਚਰ ਦੇ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਤਜਰਬਾ ਮੁਹੱਈਆ ਕਰਵਾਇਆ ਜਾ ਸਕੇ।
ਕਾਲਜ ਦੇ ਪ੍ਰਿੰਸੀਪਲ ਰਵਿੰਦਰ ਸਿੰਘ ਹੁੰਦਲ ਵੱਲੋਂ ਐਸੋਸੀਏਸ਼ਨ ਦੇ ਸੁਝਾਵਾਂ ਮੁਤਾਬਕ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਆਰਕੀਟੈਕਚਰ ਵਿਭਾਗ ਨੂੰ ਹੋਰ ਹੁਨਰਮੰਦ ਦਾ ਅਹਿਦ ਲਿਆ ਗਿਆ। ਇਸ ਮੌਕੇ ਆਰਕੀਟੈਕਚਰ ਵਿਭਾਗ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਅਧਿਕਾਰੀ ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ ਵੱਲੋਂ ਵਿਦਿਆਰਥੀਆਂ ਦੀ ਮੌਜੂਦਾ ਪਲੇਸਮੈਂਟ ਅਤੇ ਟ੍ਰੇਨਿੰਗ ਸਬੰਧੀ ਰਿਪੋਰਟ ਪੇਸ਼ ਕੀਤੀ ਗਈ। ਇਸ ਮੌਕੇ ਕਾਲਜ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਅਫ਼ਸਰ ਅਜੈਪਾਲ ਸਿੰਘ, ਪ੍ਰੋ ਮਨੀਸ਼ ਕੁਮਾਰ, ਮੈਡਮ ਪਰਲ ਸਰਾਓ ਅਤੇ ਮੈਡਮ ਰਿਤੂ ਚੋਪੜਾ ਨੇ ਵੀ ਆਪਣੇ ਸੁਝਾਅ ਪੇਸ਼ ਕੀਤੇ।