ਪਟਿਆਲਾ : ਬੂਟੇ ਲਗਾਕੇ ਵਾਤਾਵਰਣ ਦੀ ਸੇਵਾ ਕਰਨਾ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੈ। ਵਾਤਾਵਰਣ ਦੀ ਸੇਵਾ ਕਰਨਾ ਭਗਤ ਸਿੰਘ ਦੀ ਸੋਚ ਨੂੰ ਅਪਣਾਉਣਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੁਸ੍ਰੀ ਸਾਕਸ਼ੀ ਸਾਹਨੀ, ਆਈਏਐਸ, ਡਿਪਟੀ ਕਮਿਸ਼ਨਰ ਪਟਿਆਲਾ ਨੇ ਕੀਤਾ। ਉਹ ਪਾਵਰ ਕਲੋਨੀ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਹਰਿਆਵਲ ਲਹਿਰ ਤਹਿਤ ਸ਼ਹੀਦ ਭਗਤ ਸਿੰਘ ਜੀ ਦੇ ਜਨਮਦਿਵਸ ਨੂੰ ਸਮਰਪਿਤ ਪੌਦਾਰੋਪਣ ਸਪਤਾਹ ਦੇ ਸਮਾਪਨ ਮੌਕੇ ਆਯੋਜਿਤ ਵਣ ਮਹਾਂਉਤਸਵ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਵਣ ਮਹਾਂਉਤਸਵ ਦਾ ਆਯੋਜਨ ਜਿਲਾ ਪ੍ਰਸ਼ਾਸ਼ਨ, ਵਣ ਮੰਡਲ (ਵਿਸਥਾਰ) ਪਟਿਆਲਾ ਅਤੇ ਪ੍ਰਸਿੱਧ ਸਮਾਜ ਸੇਵੀ ਸੰਸਥਾ ਉਮੰਗ ਵੈਲਫੇਅਰ ਫਾਉੰਡੇਸ਼ਨ ਵੱਲੋਂ ਪੀਐਸਪੀਸੀਐਲ ਦੇ ਸਹਿਯੋਗ ਨਾਲ ਕੀਤਾ ਗਿਆ। ਵਣ ਮਹਾਂਉਤਸਵ ਦੀ ਪ੍ਰਧਾਨਗੀ ਸੁਸ੍ਰੀ ਵਿੱਦਿਆ ਸਾਗਰੀ ਆਰ.ਯੂ., ਆਈਐਫ਼ਐਸ, ਵਣ ਮੰਡਲ ਅਫ਼ਸਰ (ਵਿਸਥਾਰ) ਪਟਿਆਲਾ ਨੇ ਕੀਤੀ।
ਡੀਸੀ ਸਾਹਨੀ ਨੇ ਕਿਹਾ ਕਿ ਮੌਜੂਦਾ ਸਮੇੰ ਵਿੱਚ ਹਰ ਨਾਗਰਿਕ ਹਰਿਆਲੀ ਦਾ ਰੱਖਿਅਕ ਬਣਕੇ ਦੇਸ਼ ਪ੍ਰਤੀ ਕੁਝ ਕਰਨ ਦੇ ਆਪਣੇ ਜਜ਼ਬੇ ਨੂੰ ਪੂਰਾ ਕਰ ਸਕਦਾ ਹੈ। ਉਨ੍ਹਾਂ ਨੇ ਉਮੰਗ ਫਾਉਂਡੇਸ਼ਨ ਵੱਲੋਂ ਪੌਦਾਰੋਪਣ ਸਪਤਾਹ ਦੌਰਾਨ ਬੂਟੇ ਲਗਾਉਣ ਵਾਲੇ ਵਾਤਾਵਰਣ ਸੇਵੀਆਂ ਨੂੰ ‘ਗਾਰਡੀਅਨ ਆਫ਼ ਰੁੱਖ’ ਸਰਟੀਫਿਕੇਟ ਦੇਣ ਦੀ ਵੀ ਸ਼ਲਾਘਾ ਕੀਤੀ।
ਪ੍ਰਧਾਨਗੀ ਭਾਸ਼ਣ ਦੌਰਾਨ ਡੀਐਫਓ (ਵਿਸਥਾਰ) ਵਿੱਦਿਆ ਸਾਗਰੀ ਨੇ ਕਿਹਾ ਕਿ ਭਗਤ ਸਿੰਘ ਦੇ ਸੁਪਨਿਆਂ ਦੇ ਭਾਰਤ ਨੂੰ ਸਾਕਾਰ ਰੂਪ ਦੇਣ ਲਈ ਹਰ ਨਾਗਰਿਕ ਨੂੰ ‘ਗਾਰਡੀਅਨ ਆਫ਼ ਰੁੱਖ’ ਬਣਕੇ ਵਿਚਰਨਾ ਚਾਹੀਦਾ ਹੈ। ਉਨ੍ਹਾਂ ਉਮੰਗ ਫਾਉੰਡੇਸ਼ਨ ਵੱਲੋਂ ਪੌਦਾਰੋਪਣ ਸਪਤਾਹ ਮਨਾਉਣ ਦੇ ਯਤਨ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਵੀ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਮੰਗ ਫਾਉੰਡੇਸ਼ਨ ਦੇ ਚੇਅਰਮੈਨ ਹਰਦੀਪ ਸਿੰਘ ਬਡੂੰਗਰ, ਪੀਪੀਐਸ, ਡੀਐਸਪੀ ਹੈਡਕੁਆਟਰ ਪਟਿਆਲਾ ਨੇ ਦੱਸਿਆ ਕਿ ਫਾਉੰਡੇਸ਼ਨ ਵੱਲੋਂ ਸ਼ੁਰੂ ਕੀਤੀ ਮੁਹਿੰਮ ਤਹਿਤ ਕੇਵਲ ਪਟਿਆਲਾ ਹੀ ਨਹੀੰ ਬਲਕਿ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ਤੋਂ ਵੀ ਨਾਗਰਿਕ ‘ਗਾਰਡੀਅਨ ਆਫ਼ ਰੁੱਖ’ ਬਨਣ ਲਈ ਪ੍ਰੇਰਿਤ ਹੋਏ ਹਨ, ਜਿਨ੍ਹਾਂ ਦੀ ਸੰਖਿਆ ਇੱਕ ਹਜ਼ਾਰ ਦੇ ਕਰੀਬ ਹੈ। ਉਨ੍ਹਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਹਰਿਆਵਲ ਲਹਿਰ ਤਹਿਤ ਪੌਦਾਰੋਪਣ ਮੁਹਿੰਮ ਲਗਾਤਾਰ ਜਾਰੀ ਰਹੇਗੀ। ਪੌਦਾ ਲਗਾਉਣ ਅਤੇ ਉਸਨੂੰ ਸਾਂਭਣ ਦਾ ਪ੍ਰਣ ਕਰਨ ਵਾਲੇ ਵਾਤਾਵਰਣ ਸੇਵੀਆਂ ਨੂੰ ‘ਗਾਰਡੀਅਨ ਆਫ਼ ਰੁੱਖ’ ਸਰਟੀਫਿਕੇਟ ਆਨਲਾਈਨ ਪ੍ਰਦਾਨ ਕੀਤੇ ਜਾਣਗੇ। ਵਣ ਰੇਂਜ ਅਫ਼ਸਰ (ਵਿਸਥਾਰ) ਪਟਿਆਲਾ ਸੁਰਿੰਦਰ ਸ਼ਰਮਾ ਅਤੇ ਉਮੰਗ ਫਾਉਂਡੇਸ਼ਨ ਦੇ ਪ੍ਰਧਾਨ ਅਰਵਿੰਦਰ ਸਿੰਘ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਵਣ ਬੀਟ ਅਫ਼ਸਰ ਅਮਨ ਅਰੋੜਾ ਨੇ ਬਾਖੂਬੀ ਮੰਚ ਸੰਚਾਲਨ ਕੀਤਾ।
ਇਸ ਤੋਂ ਪਹਿਲਾਂ ਡੀਸੀ ਸਾਹਨੀ ਵੱਲੋਂ ਕਲੋਨੀ ਦੇ ਪਾਰਕ ਵਿੱਚ ਬਹੇੜੇ ਦਾ ਬੂਟਾ ਲਗਾਇਆ ਗਿਆ। ਪੀਐਸਪੀਐਲ ਅਤੇ ਵਣ ਵਿਭਾਗ ਦੇ ਸਹਿਯੋਗ ਨਾਲ ਉਮੰਗ ਫਾਉੰਡੇਸ਼ਨ ਦੇ ਮੈਂਬਰਾਂ ਅਤੇ ਕਲੋਨੀ ਦੇ ਬਸ਼ਿੰਦਿਆਂ ਨੇ ਪਾਰਕ ਵਿੱਚ ਲੱਗਣ ਵਾਲੇ ਦੋ ਸੌ ਬੂਟਿਆਂ ਦੀ ਸਾਂਭ ਸੰਭਾਲ ਦਾ ਪ੍ਰਣ ਕੀਤਾ ਹੈ।
ਇਸ ਮੌਕੇ ਤੇ ਵਣ ਰੇੰਜ ਅਫ਼ਸਰ ਬਲਿਹਾਰ ਸਿੰਘ, ਐਸਡੀਓ ਪੀਐਸਪੀਸੀਐਲ ਗੁਰਵਿੰਦਰ ਸਿੰਘ, ਜੇਈ ਰਿਸ਼ਵ ਕੁਮਾਰ, ਵਣ ਬਲਾਕ ਅਫ਼ਸਰ ਮਹਿੰਦਰ ਸਿੰਘ, ਬੀਟ ਅਫ਼ਸਰ ਮਨਵੀਨ ਕੌਰ, ਪੂਜਾ ਜਿੰਦਲ, ਹਰਦੀਪ ਸ਼ਰਮਾ, ਨਵਜੋਤ ਸਿੰਘ, ਐਡਵੋਕੇਟ ਯੋਗੇਸ਼ ਪਾਠਕ, ਰਜਿੰਦਰ ਸਿੰਘ ਲੱਕੀ, ਤਾਈਕਵਾਂਡੋ ਕੋਚ ਸਤਵਿੰਦਰ ਸਿੰਘ, ਡਾ. ਜਸਪ੍ਰੀਤ ਸਿੰਘ, ਗੁਰਜੀਤ ਸਿੰਘ, ਵਿਮਲ ਕੁਮਾਰ, ਹਿਮਾਨੀ, ਵੰਦੇ ਮਾਤਰਮ ਦਲ ਤੋਂ ਗੁਰਮੁਖ ਗੁਰੂ, ਯੂਥ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਪਰਮਿੰਦਰ ਪਹਿਲਵਾਨ, ਪਾਵਰ ਹਾਊਸ ਯੂਥ ਕਲੱਬ ਤੋਂ ਜਤਵਿੰਦਰ ਗ੍ਰੇਵਾਲ, ਰੁਪਿੰਦਰ ਕੌਰ, ਏਕਮ, ਰਵਯਾ ਅਤੇ ਹੋਰ ਵਾਤਾਵਰਣ ਸੇਵੀ ਹਾਜ਼ਰ ਸਨ।
ਕੈਪਸ਼ਨ-ਬੁੱਧਵਾਰ ਨੂੰ ਪਟਿਆਲਾ ਦੀ ਪਾਵਰ ਕਲੋਨੀ-1 ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮਦਿਵਸ ਨੂੰ ਸਮਰਪਿਤ ਪੌਦਾਰੋਪਣ ਸਪਤਾਹ ਤਹਿਤ ਆਯੋਜਿਤ ਵਣ ਮਹਾਂਉਤਸਵ ਦੌਰਾਨ ਬੂਟਾ ਲਗਾਉਂਦੇ ਡੀਸੀ ਸਾਕਸ਼ੀ ਸਾਹਨੀ, ਡੀਐਫਓ (ਵਿਸਥਾਰ) ਵਿੱਦਿਆ ਸਾਗਰੀ, ਡੀਐਸਪੀ ਹੈੱਡਕੁਆਟਰ ਹਰਦੀਪ ਸਿੰਘ ਬਡੂੰਗਰ, ਵਣ ਰੇਂਜ ਅਫ਼ਸਰ ਸੁਰਿੰਦਰ ਸ਼ਰਮਾ, ਅਰਵਿੰਦਰ ਸਿੰਘ, ਅਮਨ ਅਰੋੜਾ ਅਤੇ ਹੋਰ।