ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ @SGPC ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਇੱਕ ਕਰੋੜ ਦੇ ਜੂਠ ਘੁਟਾਲੇ ਨੂੰ ਲੈ ਕੇ ਸਸਪੈਂਡ ਕੀਤੇ 51 ਵਿਚੋਂ 21 ਮੁਲਾਜ਼ਮ ਬਹਾਲ ਕਰ ਦਿੱਤੇ ਹਨ। ਬਹਾਲ ਕੀਤੇ ਗਏ ਮੁਲਾਜ਼ਮਾਂ ਵਿਚ ਜ਼ਿਆਦਾਤਰ ਇੰਸਪੈਕਟਰ ਰੈਂਕ ਦੇ ਮੁਲਾਜ਼ਮ ਹਨ। ਦੱਸਣਯੋਗ ਹੈ ਕਿ ਇਹ ਮੁਲਾਜ਼ਮ ਸਸਪੈਂਡ ਕੀਤੇ ਜਾਣ ਤੋਂ ਬਾਅਦ ਹੀ ਸ਼੍ਰੋਮਣੀ ਕਮੇਟੀ ਮੁਲਾਜ਼ਮ ਯੂਨੀਅਨ ਦਾ ਗਠਨ ਕੀਤਾ ਗਿਆ ਸੀ ਜਿਸਨੂੰ ਸ਼੍ਰੋਮਣੀ ਕਮੇਟੀ ਨੇ ਗੰਭੀਰਤਾ ਨਾਲ ਲੈਂਦਿਆਂ ਯੂਨੀਅਨ ਬਣਾਉਣ ਵਾਲਿਆਂ ਦੇ ਦੂਰ ਦੁਰਾਡੇ ਤਬਾਦਲੇ ਕਰ ਦਿੱਤੇ ਸਨ।
ਲੰਗਰ @Langer ਸ੍ਰੀ ਗੁਰੂ ਰਾਮਦਾਸ ਜੀ ਵਿਖੇ ਸੁੱਕੀਆਂ ਰੋਟੀਆਂ ਜੂਠ ਵਿਚ ਹੋਈ ਇਕ ਕਰੋੜ ਰੁਪਏ ਦੀ ਹੇਰਾ ਫੇਰੀ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਘੁਟਾਲੇ ਸਮੇਂ ਦੇ 2 ਸਟੋਰ ਕੀਪਰ, 9 ਮੈਨੇਜਰ, 6 ਸੁਪਰਵਾਈਜਰ 34 ਇੰਸਪੈਕਟਰਾਂ ਸਮੇਤ 51 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਸੀ। ਜਿਸ ਸਬੰਧੀ ਧਾਮੀ ਵੱਲੋਂ ਡੁੰਘਾਈ ਵਿਚ ਪੜਤਾਲ ਲਈ ਸਬ ਕਮੇਟੀ ਬਣਾ ਦਿੱਤੀ ਸੀ।ਸਬੰਧੀ ਬਣਾਈ ਸਬ ਕਮੇਟੀ ਨੇ 23 ਇੰਸਪੈਕਟਰਾਂ ਨੂੰ ਹੇਰਾਫੇਰੀ ਵਿਚ ਸ਼ਾਮਲ ਨਾ ਹੋਣ ਅਤੇ ਅਣਗਹਿਲੀ ਦੀ ਪਹਿਲੀ ਰਿਪੋਰਟ 7 ਅਗਸਤ ਨੂੰ ਅੰਤ੍ਰਿੰਗ ਕਮੇਟੀ ਨੂੰ ਸੋਂਪ ਦਿੱਤੀ ਸੀ। ਇਸ ਰਿਪੋਰਟ ਅਨੁਸਾਰ 23 ਗੁਰਦੁਆਰਾ ਇੰਸਪੈਕਟਰ ਘੁਟਾਲੇ ਵਿਚ ਸਿੱਧੇ ਤੌਰ ‘ਤੇ ਸ਼ਾਮਲ ਨਾ ਹੋਣ ਅਤੇ ਡਿਊਟੀ ਵਿਚ ਅਣਗਹਿਲੀ ਹੋਣ ਕਾਰਨ ਕਾਰਵਾਈ ਹੋਈ ਸੀ।
ਦਅਰਸਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਲੰਗਰ ਘੁਟਾਲੇ ਦੀ ਜਾਂਚ ਦੌਰਾਨ ਪਹਿਲਾਂ 62 ਲੱਖ ਦਾ ਘੁਟਾਲ਼ਾ ਸਾਹਮਣੇ ਆਇਆ ਸੀ, ਫਿਰ ਇਹ ਵੱਧ ਕੇ 1 ਕਰੋੜ ਦੇ ਕਰੀਬ ਪਹੁੰਚ ਗਿਆ ਸੀ ।ਅਪ੍ਰੈਲ 2019 ਤੋਂ ਦਸੰਬਰ 2022 ਤੱਕ ਲੰਗਰ ਵਿਖੇ ਜੂਠ ਦਾ ਠੇਕਾ, ਸੁੱਕੀਆਂ ਰੋਟੀਆਂ ਦੀ ਵਿੱਕਰੀ, ਮਾਂਹ ਤੇ ਝੋਨੇ, ਚੋਕਰ ਰੂਲਾ ਚੜ੍ਹਾਵੇ ਦੀ ਕੀਤੀ ਗਈ ਨਿਲਾਮੀ ਅਤੇ ਵਿੱਕਰੀ ਵਿੱਚ ਤਕਰੀਬਨ ਇੱਕ ਕਰੋੜ ਦੀ ਹੇਰਾਫੇਰੀ ਸਾਹਮਣੇ ਆਈ ਸੀ । SGPC ਦੇ ਫਲਾਇੰਗ ਵਿਭਾਗ ਵੱਲੋਂ 2 ਸਟੋਰਕੀਪਰਾਂ ਨੂੰ ਪਹਿਲਾਂ ਸਸਪੈਂਡ ਕਰਕੇ ਉਨ੍ਹਾਂ ਤੋਂ ਲੱਖਾਂ ਰੁਪਏ ਵਸੂਲਣ ਦੇ ਨਿਰਦੇਸ਼ ਦਿੱਤੇ ਸਨ । ਦੱਸਿਆ ਜਾ ਰਿਹਾ ਹੈ ਇਸ ਪੂਰੇ ਘੁਟਾਲੇ ਵਿੱਚ ਮੈਨੇਜਰ,ਸੁਪਰਵਾਈਜ਼ਰ,ਸਟੋਰਕੀਪਰ ਜ਼ਿੰਮੇਵਾਰ ਹਨ । ਇਹ ਵੀ ਸਾਹਮਣੇ ਆਇਆ ਸੀ ਕਿ ਘੁਟਾਲੇ ਵਿੱਚ ਮੌਜੂਦਾ ਮੈਨੇਜਰ ਅਤੇ 3 ਰਿਟਾਇਰਡ ਮੈਨੇਜਰਾਂ ਦਾ ਨਾਂ ਵੀ ਸਾਹਮਣੇ ਆਇਆ ਸਨ।