ਕੁਰਾਲੀ : ਸਥਾਨਕ ਸ਼ਹਿਰ ਦੇ ਵਾਰਡ ਨੰਬਰ 12 ’ਚ ਸਿੰਘਪੁਰਾ ਰੋਡ ਤੇ ਸਥਿਤ ਏ ਵੰਨ ਕਾਲੌਨੀ ਨੰਬਰ 2 ਵਿਖੇ ਅੱਜ ਸ਼ਹਿਰ ਦੀਆਂ ਔਰਤਾਂ ਵੱਲੋਂ ਸਾਉਣ ਦੇ ਮਹੀਨੇ ’ਚ ਤੀਆਂ ਨੂੰ ਮੁੱਖ ਰੱਖਦਿਆਂ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਹਾਜਰ ਮੋਹਤਬਰ ਕੁਲਵਿੰਦਰ ਕੌਰ, ਸੰਦੀਪ ਕੌਰ, ਸਿਮਰਨ ਕੌਰ, ਅੰਕਿਤਾ ਅਤੇ ਹੋਰਨਾਂ ਨੇ ਦੱਸਿਆ ਕਿ ਇਸ ਸੱਭਿਆਚਾਰਕ ਅਤੇ ਪਰਿਵਾਰਕ ਸਮਾਗਮ ਦੌਰਾਨ ਪਹੁੰਚੀਆਂ ਔਰਤਾਂ ਅਤੇ ਕੁੜੀਆਂ ਵੱਲੋਂ ਆਪਣੇ ਹੱਥ ਵੱਖ-ਵੱਖ ਭਾਂਤ ਦੇ ਡਿਜਾਇਨ ਦੀ ਮਹਿੰਦੀ ਨਾਲ ਸਿੰਗਾਰੇ ਹੋਏ ਸਨ ਅਤੇ ਉਨ੍ਹਾਂ ਡੀ.ਜੇ ਦੀ ਧਮਕ ਤੇ ਪੰਜਾਬੀ ਲੋਕ ਗੀਤ ਅਤੇ ਬੋਲੀਆਂ ਤੇ ਨੱਚ ਨੱਚ ਕੇ ਲੰਬਾ ਸਮਾਂ ਧੂੰਮਾਂ ਪਾਈ ਰੱਖੀਆਂ। ਇਸ ਮੌਕੇ ਹਾਜਰ ਕੁੜੀਆਂ ਅਤੇ ਔਰਤਾਂ ਵੱਲੋਂ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਬੋਲੀਆਂ ਵੀ ਢੋਲ ਦੀ ਥਾਪ ਤੇ ਪਾਈਆਂ ਗਈਆਂ। ਉਕਤ ਮੋਹਤਬਰਾਂ ਨੇ ਦੱਸਿਆ ਕਿ ਏ ਵੰਨ ਕਾਲੌਨੀ 2 ਵਿਖੇ ਇਹ ਉਨ੍ਹਾਂ ਦਾ ਪਲੇਠਾ ਸਮਾਗਮ ਹੈ ਅਤੇ ਆਉਂਦੇ ਵਰਿਆਂ ਦੌਰਾਨ ਤੀਆਂ ਦੇ ਮੇਲੇ ਸਬੰਧੀ ਇਸ ਸਮਾਗਮ ਨੂੰ ਵੱਡੇ ਪੱਧਰ ਤੇ ਮਨਾਇਆ ਜਾਵੇਗਾ। ਇਸ ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਬੀਬੀ ਸੁਖਜੀਤ ਕੌਰ ਸੋਢੀ ਸਾਬਕਾ ਕੌਂਸਲਰ ਨੇ ਇਸ ਸਮਾਗਮ ਸਬੰਧੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਆਪਣੇ ਸੱਭਿਆਚਾਰ ਅਤੇ ਵਿਰਸੇ ਨੂੰ ਜਿਊਂਦਾ ਰੱਖਣ ਦੇ ਨਾਲ ਨਾਲ ਆਪਣੇ ਬੱਚਿਆਂ ਨੂੰ ਪੁਰਾਤਨ ਵਿਰਸੇ ਤੋਂ ਜਾਣੂੰ ਕਰਵਾਉਣ ਲਈ ਅਜਿਹੇ ਸਮਾਗਮ ਕਰਵਾਉਣ ਦੀ ਅਹਿਮ ਲੋੜ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰੇਸ਼ਮਾ, ਰੀਮਾ, ਜਸਵੀਰ ਕੌਰ, ਸੋਨੂੰ ਕੌਰ, ਸੁਖਵਿੰਦਰ ਕੌਰ ਧੀਮਾਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਦੀਆਂ ਔਰਤਾਂ ਨੇ ਹਿੱਸਾ ਲੈਂਦਿਆਂ ਤੀਆਂ ਦੇ ਇਸ ਮੇੇਲੇ ਦਾ ਖੂਬ ਆਨੰਦ ਮਾਣਿਆ।