ਚੰਡੀਗੜ੍ਹ (ਅਮਰਜੀਤ ਰਤਨ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਪੀ ਏ ਲੁਧਿਆਣਾ ਵਿਚ ਆਪਣੀ ਨਕਲੀ ਬਹਿਸ ਦੌਰਾਨ ਬਾਦਲ ਪਰਿਵਾਰ ਖਿਲਾਫ ਕੀਤੇ ਕੂੜ ਪ੍ਰਚਾਰ ਲਈ ਬਿਨਾਂ ਸ਼ਰਤ 10 ਦਿਨਾਂ ਦੇ ਅੰਦਰ-ਅੰਦਰ ਮੁਆਫੀ ਮੰਗਣ ਜਾਂ ਫਿਰ ਫੌਜਦਾਰੀ ਮਾਣਹਾਨੀ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੀ ਏ ਵੀ ਯੂ ਵਿਖੇ ਇਕ ਵਨ ਮੈਨ ਸ਼ੋਅ ਜਿਸਦਾ ਸਾਰੀ ਵਿਰੋਧੀ ਧਿਰ ਨੇ ਬਾਈਕਾਟ ਕੀਤਾ, ਦੌਰਾਨ ਮੁੱਖ ਮੰਤਰੀ ਨੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਅਕਸ ਖਰਾਬ ਕਰਨ ਵਾਸਤੇ ਇਹ ਦਾਅਵਾ ਕੀਤਾ ਕਿ 1998 ਵਿਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਹਰਿਆਣਾ ਦੇ ਬਾਲਾਸਰ ਵਿਚ ਬਾਦਲ ਫਾਰਮ ਤੱਕ ਨਹਿਰ ਲੁਆਉਣ ਲਈ ਭਾਖੜਾ ਮੇਨ ਲਾਈਨ ਨਹਿਰ ਦੀ ਉਚਾਈ ਉੱਚੀ ਚੁੱਕੀ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਦਾਅਵਾ ਸੱਚ ਤੋਂ ਕੋਹਾਂ ਦੂਰ ਹੈ। ਉਹਨਾਂ ਕਿਹਾ ਕਿ ਸ੍ਰੀ ਦੇਵੀ ਲਾਲ ਤਾਂ 1977 ਵਿਚ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ ਜਦੋਂ ਕਿ ਬਾਲਾਸਰ ਬ੍ਰਾਂਚ 12.3.1964 ਨੂੰ ਹੋਂਦ ਵਿਚ ਆਈ ਸੀ। ਉਹਨਾਂ ਕਿਹਾ ਕਿ ਬਾਲਾਸਰ ਬ੍ਰਾਂਚ ਬਾਣੀ ਬ੍ਰਾਂਚ ਦਾ ਹਿੱਸਾ ਹੈ ਜੋ ਅੱਗੇ ਭਾਖੜਾ ਨਹਿਰੀ ਪ੍ਰਣਾਲੀ ਦੀ ਪੰਜੋਆਣਾ ਪ੍ਰਣਾਲੀ ਦਾ ਹਿੱਸਾ ਹੈ।