ਐਸ.ਏ.ਐਸ.ਨਗਰ :- ਚੰਡੀਗੜ੍ਹ-ਜ਼ੀਰਕਪੁਰ ਹਾਈਵੇਅ ਤੇ ਬਣੇ 'ਵਹਿਕੁਲਰ ਅੰਡਰ ਬ੍ਰਿਜ' 'ਤੇ ਵਾਹਨ ਚਾਲਕਾਂ ਨੂੰ ਆ ਰਹੀ ਸਮੱਸਿਆ ਦਾ ਗੰਭੀਰ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਕਾਰਜਕਾਰੀ ਇੰਜੀਨੀਅਰ ਨੈਸ਼ਨਲ ਹਾਈਵੇਅ ਨੂੰ ਇਸ ਸਮੱਸਿਆ ਦੇ ਹੱਲ ਲਈ ਤੁਰੰਤ ਪ੍ਰਭਾਵੀ ਕਦਮ ਚੁੱਕਣ ਲਈ ਕਿਹਾ ਹੈ। ਉਪ ਮੰਡਲ ਮੈਜਿਸਟਰੇਟ ਡੇਰਾਬੱਸੀ ਹਿਮਾਂਸ਼ੂ ਗੁਪਤਾ ਦੀ ਹਾਜ਼ਰੀ ਵਿੱਚ ਨੈਸ਼ਨਲ ਹਾਈਵੇਜ਼ ਦੇ ਕਾਰਜਕਾਰੀ ਇੰਜਨੀਅਰ ਯੁਵਰਾਜ ਸਿੰਘ ਬਿੰਦਰਾ ਨਾਲ ਲੋਕ ਹਿੱਤ ਦੇ ਮੁੱਦੇ ’ਤੇ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਵੀ ਯੂ ਬੀ ਦੀ ਸਰਵਿਸ ਲੇਨ ਦੀ ਤਰਸਯੋਗ ਹਾਲਤ ਕਾਰਨ ਪੈਦਾ ਹੋਈ ਸਮੱਸਿਆ ਦਾ ਨਿਪਟਾਰਾ ਕਰਨਾ ਸਾਡਾ ਫਰਜ਼ ਹੈ। ਕਾਰਜਕਾਰੀ ਇੰਜਨੀਅਰ ਨੇ ਡੀ ਸੀ ਨੂੰ ਸਟੇਟਸ ਰਿਪੋਰਟ ਤੋਂ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਸੀਵਰੇਜ ਵਿਭਾਗ ਵੱਲੋਂ ਵਿਭਾਗ ਦੀ ਅਗਾਊਂ ਮਨਜ਼ੂਰੀ ਲੈ ਕੇ ਸੜਕ ਨੂੰ ਪੁੱਟਿਆ ਗਿਆ ਸੀ ਅਤੇ ਹੁਣ ਕੰਮ ਪੂਰਾ ਹੋਣ ਤੋਂ ਬਾਅਦ ਉਨ੍ਹਾਂ ਦੇ ਵਿਭਾਗ ਵੱਲੋਂ ਇਸ ਨੂੰ ਵਾਹਨਾਂ ਦੇ ਚੱਲਣ ਦੇ ਯੋਗ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰੀ-ਕਾਰਪੇਟਿੰਗ ਦਾ ਅਨੁਮਾਨ ਪਹਿਲਾਂ ਹੀ ਸਰਕਾਰ ਨੂੰ ਭੇਜਿਆ ਜਾ ਚੁੱਕਾ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਸਰਵਿਸ ਲੇਨ ਦੇ ਦੂਜੇ ਪਾਸੇ ਵੀ ਧਿਆਨ ਰੱਖਿਆ ਜਾਵੇ ਤਾਂ ਜੋ ਸੜਕ ਦੀ ਮਾੜੀ ਹਾਲਤ ਕਾਰਨ ਰਾਹਗੀਰਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਉਨ੍ਹਾਂ ਨੇ ਆਰ ਯੂ ਬੀਜ਼ (ਰੇਲਵੇ ਅੰਡਰ ਬ੍ਰਿਜ) ਮੁਬਾਰਕਪੁਰ ਅਤੇ ਭਾਂਖਰਪੁਰ ਨਾਲ ਸਬੰਧਤ ਕਾਰਜਕਾਰੀ ਇੰਜਨੀਅਰ ਮਨਪ੍ਰੀਤ ਸਿੰਘ ਦੂਆ ਨੂੰ ਵੀ ਹਦਾਇਤ ਕੀਤੀ ਕਿ ਦੋਵੇਂ ਪੁਲਾਂ ਦੀਆਂ ਪਹੁੰਚ ਸੜਕਾਂ ਨੂੰ ਆਉਣ-ਜਾਣ ਵਾਲਿਆਂ ਲਈ ਸੁਵਿਧਾਜਨਕ ਬਣਾਇਆ ਜਾਵੇ।