ਚੰਡੀਗੜ੍ਹ :- ਪੰਜਾਬ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਡਾ. ਸੁਭਾਸ਼ ਥੋਬਾ ਨੇ ਡੀ.ਜੀ.ਪੀ. ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨਾਲ ਅੱਜ ਆਉਣ ਵਾਲੇ ਕ੍ਰਿਸਮਿਸ ਦੇ ਪਵਿੱਤਰ ਤਿਉਹਾਰ ਅਤੇ ਇਸ ਸਬੰਧੀ ਕੱਢੀਆਂ ਜਾਣ ਵਾਲੀਆਂ ਸ਼ੋਭਾ ਯਾਤਰਾਵਾਂ ਦੀ ਸੁਰੱਖਿਆ ਲਈ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ। ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਡਾ. ਸੁਭਾਸ਼ ਥੋਬਾ ਨੇ ਮੀਟਿੰਗ ਦੌਰਾਨ ਕਿਹਾ ਕਿ ਕ੍ਰਿਸਮਿਸ ਦਾ ਪਵਿੱਤਰ ਤਿਉਹਾਰ ਸਾਰਿਆਂ ਲਈ ਬਹੁਤ ਮਹੱਤਵਪੂਰਨ ਹੈ। ਇਸ ਤਿਉਹਾਰ ਦੇ ਮੱਦੇਨਜ਼ਰ ਪੁਲਿਸ ਵਿਭਾਗ ਨੂੰ ਸੂਬੇ ਭਰ ਵਿੱਚ ਚਰਚਾਂ ਦੇ ਆਲੇ-ਦੁਆਲੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ। ਇਸ ਤੋਂ ਇਲਾਵਾ ਕ੍ਰਿਸਮਿਸ ਮੌਕੇ ਕੱਢੀਆਂ ਜਾਣ ਵਾਲੀਆਂ ਸ਼ੋਭਾ ਯਾਤਰਾਵਾਂ ਵਿੱਚ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਕ੍ਰਿਸਚੀਅਨ ਭਾਈਚਾਰੇ ਨਾਲ ਮਾੜੇ ਅਨਸਰਾਂ ਵੱਲੋਂ ਕਈ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਸੀ, ਜਿਸ ਦੇ ਮੱਦੇਨਜਰ ਸੁਰੱਖਿਆ ਦੇ ਮਜ਼ਬੂਤ ਪ੍ਰਬੰਧ ਕੀਤੇ ਜਾਣੇ ਲੋੜੀਂਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਵਿੱਚ ਵਾਪਰੇ ਇੱਕ ਮਾਮਲੇ ਨਾਲ ਮਸੀਹ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ। ਇਸ ਦੌਰਾਨ ਡੀ.ਜੀ.ਪੀ. ਨੇ ਮੀਟਿੰਗ ਦੌਰਾਨ ਵਿਸ਼ਵਾਸ ਦਿਵਾਇਆ ਕਿ ਕ੍ਰਿਸਮਿਸ ਮੌਕੇ ਚਰਚ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ। ਈਸਾਈ ਭਾਈਚਾਰੇ ਨਾਲ ਸਬੰਧਤ ਸਾਰੇ ਲੰਬਿਤ ਪਏ ਕੇਸਾਂ ਦਾ ਵੀ ਜਲਦੀ ਨਿਪਟਾਰਾ ਕਰ ਦਿੱਤਾ ਜਾਵੇਗਾ। ਇਸ ਮੌਕੇ ਪ੍ਰੋਫੈਸਰ ਇਮਾਨੁਅਲ ਨਹਰ, ਜੌਹਨ ਕੋਟਲੀ, ਬਲਦੇਵ ਰੰਧਾਵਾ ਆਦਿ ਵੀ ਹਾਜ਼ਰ ਸਨ।