ਐੱਸ.ਏ.ਐੱਸ. ਨਗਰ : ਖੇਤੀਬਾੜੀ ਵਿਗਿਆਨੀ (ਭਾਰਤ ਸਰਕਾਰ) ਡਾ. ਵਿਕਰਾਂਤ, ਮੁੱਖ ਖੇਤੀਬਾੜੀ ਅਫਸਰ, ਗੁਰਮੇਲ ਸਿੰਘ, ਐਸ.ਏ.ਐਸ ਨਗਰ ਅਤੇ ਡਾ. ਸ਼ੁਭਕਰਨ ਸਿੰਘ, ਬਲਾਕ ਖੇਤੀਬਾੜੀ ਅਫਸਰ, ਡੇਰਾਬੱਸੀ ਵਲੋਂ ਬਲਾਕ ਡੇਰਾਬੱਸੀ ਦੇ ਪਿੰਡ ਪਰਾਗਪੁਰ ਅਤੇ ਸ਼ੇਖਪੁਰ ਕਲਾਂ ਵਿਖੇ ਕਿਸਾਨਾਂ ਦੇ ਕਣਕ ਦੇ ਖੇਤਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਪਰਾਗਪੁਰ ਦੇ ਕਿਸਾਨ ਸ. ਮੇਜਰ ਸਿੰਘ ਅਤੇ ਸ਼ੇਖਪੁਰ ਕਲਾਂ ਦੇ ਕਿਸਾਨ ਸ. ਰਣਜੀਤ ਸਿੰਘ ਨੇ ਆਪਣੇ ਖੇਤ ਵਿੱਚ ਕਣਕ ਦੀਆਂ ਲਗਾਈਆਂ ਵੱਖਰੀਆਂ-ਵੱਖਰੀਆਂ ਕਿਸਮਾਂ ਬਾਰੇ ਦੱਸਿਆ। ਸ. ਮੇਜਰ ਸਿੰਘ ਨੇ ਦੱਸਿਆ ਕਿ ਪਿਛਲੇ ਪੰਜ ਸਾਲ ਤੋਂ ਉਹ ਸੁਪਰ ਸੀਡਰ ਨਾਲ ਝੋਨੇ ਦੀ ਨਾੜ ਧਰਤੀ ਵਿੱਚੇ ਹੀ ਵਾਹ ਕੇ ਕਣਕ ਦੀਆਂ ਵੱਖ-ਵੱਖ ਕਿਸਮਾਂ ਲਗਾ ਰਹੇ ਹਨ। ਉਹਨਾਂ ਨੇ ਪੀ. ਬੀ. ਡਬਲਿਊ 826, ਡੀ.ਬੀ. ਡਬਲਿਊ. 187 ਅਤੇ ਐੱਚ.ਡੀ. 3086 ਕਣਕ ਦੀਆਂ ਕਿਸਮਾਂ ਲਗਾਈਆਂ ਹਨ। ਇਸ ਮੌਕੇ ਡਾ. ਵਿਕਰਾਂਤ ਨੇ ਕਣਕ ਦੀਆਂ ਸਾਰੀਆਂ ਕਿਸਮਾਂ ਦੇ ਰੋਗਾਂ ਬਾਰੇ ਤਕਨੀਕੀ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ ਅਤੇ ਮੌਕੇ 'ਤੇ ਫਸਲ ਦਾ ਨਿਰੀਖਣ ਕੀਤਾ। ਉਹਨਾਂ ਨੇ ਕਿਸਾਨਾਂ ਨਾਲ ਖੇਤੀਬਾੜੀ ਨਾਲ ਹੋਰ ਸਬੰਧਿਤ ਵਿਸ਼ਿਆਂ ਬਾਰੇ ਚਰਚਾ ਵੀ ਕੀਤੀ।
ਕਿਸਾਨ ਨੇ ਦੱਸਿਆ ਕਿ ਪਿਛਲੀ ਵਾਰ ਉਹਨਾਂ ਵਲੋਂ ਬੀਜੀਆਂ ਗਈਆਂ ਇਹਨਾਂ ਕਿਸਮਾਂ ਦਾ ਚੰਗਾ ਝਾੜ ਹੋਣ ਕਰ ਕੇ ਇਸ ਵਾਰ ਵੀ ਇਹਨਾਂ ਕਿਸਮਾਂ ਦੀ ਬਿਜਾਈ ਕੀਤੀ ਹੋਈ ਹੈ। ਮੁੱਖ ਖੇਤੀਬਾੜੀ ਅਫਸਰ ਡਾ. ਗੁਰਮੇਲ ਸਿੰਘ ਨੇ ਕਣਕ ਦੀ ਫਸਲ 'ਤੇ ਸੰਖੇਪ ਤਕਨੀਕੀ ਜਾਣਕਾਰੀ ਸਾਂਝੀ ਕੀਤੀ। ਡਾ ਸ਼ੁਭਕਰਨ ਸਿੰਘ ਨੇ ਕਣਕ ਦੀਆਂ ਕਿਸਮਾਂ ਵਿੱਚ ਪਾਈ ਖਾਦ ਅਤੇ ਹੋਰ ਸਪਰੇਅ ਬਾਰੇ ਕਿਸਾਨਾਂ ਤੋਂ ਜਾਣਕਾਰੀ ਲਈ। ਉਹਨਾਂ ਨੇ ਦੱਸਿਆ ਕਿ ਵੱਧਦੇ ਤਾਪਮਾਨ ਕਾਰਨ ਕਣਕਾਂ ਦੇ ਝਾੜ ਦੇ ਉੱਪਰ ਮਾੜਾ ਅਸਰ ਪੈ ਰਿਹਾ ਹੈ ਤੇ ਇਸ ਕਰ ਕੇ ਕਿਸਾਨ ਵੀਰਾਂ ਨੂੰ ਵਾਤਾਵਰਨ ਅਨੁਕੂਲ ਕਿਸਮਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਕਿਸਾਨਾਂ ਨੂੰ ਦੱਸਿਆ ਗਿਆ ਕਿ ਜਦੋਂ ਕਣਕ ਗੋਭ ਤੋਂ ਆਉਂਦੀ ਹੈ ਤਾਂ ਕਿਸਾਨਾਂ ਨੂੰ ਪੋਟਾਸ਼ੀਅਮ ਨਾਈਟ੍ਰੇਟ ਦੀ ਸਪਰੇਅ ਕਰਨੀ ਚਾਹੀਦੀ ਹੈ। ਇਸ ਮੌਕੇ ਸਰਕਲ ਅਮਲਾਲਾ ਦੇ ਇੰਚਾਰਜ ਡਾ. ਸੁਖਜੀਤ ਕੌਰ, ਖੇਤੀਬਾੜੀ ਵਿਸਥਾਰ ਅਫਸਰ ਅਤੇ ਗੁਰਵਿੰਦਰ ਕੌਰ, ਖੇਤੀਬਾੜੀ ਵਿਸਥਾਰ ਅਫਸਰ ਅਤੇ ਏ.ਟੀ.ਐਮ. ਜਤਿੰਦਰ ਸਿੰਘ ਵੀ ਮੌਜੂਦ ਸਨ।