ਰੂਪਨਗਰ : ਸੂਬੇ ਦੇ ਵਿਦਿਅਕ ਖੇਤਰ ਵਿੱਚ ਕੀਤੇ ਜਾ ਰਹੇ ਕ੍ਰਾਂਤੀਕਾਰੀ ਬਦਲਾਅ ਦੀ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦਾ ਅਚਨਚੇਤੀ ਦੌਰਾ ਕੀਤਾ। ਮੁੱਖ ਮੰਤਰੀ ਨੇ ਰੂਪਨਗਰ ਜ਼ਿਲ੍ਹੇ ਦੇ ਸਕੂਲ ਆਫ਼ ਐਮੀਨੈਂਸ, ਸੁੱਖੋ ਮਾਜਰਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲੁਠੇੜੀ ਦੇ ਸਰਕਾਰੀ ਸਕੂਲਾਂ ਦਾ ਦੌਰਾ ਕਰਕੇ ਸਕੂਲਾਂ ਵਿੱਚ ਮੌਜੂਦ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਸਕੂਲਾਂ ਦਾ ਅਚਨਚੇਤੀ ਦੌਰਾ ਕਰਕੇ ਖੌਫ਼ ਪੈਦਾ ਕਰਨ ਨਹੀਂ ਆਏ ਸਗੋਂ ਕਮੀਆਂ ਦੂਰ ਕਰਨ ਲਈ ਉਹ ਖੁਦ ਸਰਕਾਰੀ ਸਕੂਲਾਂ ਵਿੱਚ ਜਾ ਰਹੇ ਹਨ ਤਾਂ ਕਿ ਬੱਚਿਆਂ ਲਈ ਮਿਆਰੀ ਸਿੱਖਿਆ ਯਕੀਨੀ ਬਣਾਈ ਜਾ ਸਕੇ। ਦੂਰ-ਦੁਰਾਡੇ ਇਲਾਕਿਆਂ ਤੋਂ ਪੜ੍ਹਨ ਆਉਂਦੇ ਵਿਦਿਆਰਥੀਆਂ ਵਾਸਤੇ ਆਵਾਜਾਈ ਦੇ ਸਾਧਨਾਂ ਦੀ ਘਾਟ ਪੂਰੀ ਕਰਨ ਲਈ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸਾਰੇ ਸਰਕਾਰੀ ਸਕੂਲਾਂ ਨੂੰ ਬੱਸਾਂ ਮੁਹੱਈਆ ਕਰਵਾ ਰਹੀ ਹੈ ਤਾਂ ਕਿ ਕੋਈ ਵੀ ਵਿਦਿਆਰਥੀ ਸਾਧਨ ਦੀ ਕਮੀ ਕਾਰਨ ਸਿੱਖਿਆ ਤੋਂ ਵਾਂਝਾ ਨਾ ਰਹੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸਾਧਨਾਂ ਦੀ ਕਮੀ ਕਾਰਨ ਸਾਡੇ ਬੱਚੇ ਖਾਸ ਕਰਕੇ ਲੜਕੀਆਂ ਅੱਧ-ਵਿਚਾਲੇ ਪੜ੍ਹਾਈ ਛੱਡ ਜਾਂਦੀਆਂ ਸਨ ਪਰ ਹੁਣ ਹਰੇਕ ਵਿਦਿਆਰਥੀ ਨੂੰ ਸਾਰੀਆਂ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਮਿਲ ਰਹੀ ਤਾਲੀਮ ਉਤੇ ਤਸੱਲੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਜਦੋਂ ਅੱਜ ਮੈਂ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਤਾਂ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਕਿ ਸਾਰੇ ਬੱਚੇ ਆਪਣੇ ਭਵਿੱਖ ਬਾਰੇ ਬਿਲਕੁਲ ਸਪੱਸ਼ਟ ਹਨ ਕਿ ਉਨ੍ਹਾਂ ਨੇ ਜੀਵਨ ਵਿੱਚ ਕਿਹੜਾ ਪੇਸ਼ਾ ਅਪਣਾਉਣਾ ਹੈ। ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਹੁਣ ਪੰਜਾਬ ਦੇ ਸਿੱਖਿਆ ਖੇਤਰ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਬਹੁਤ ਸਾਰੇ ਬੱਚੇ ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਲੈ ਰਹੇ ਹਨ। ਮੈਨੂੰ ਪੂਰਨ ਵਿਸ਼ਵਾਸ ਹੈ ਕਿ ਇਸ ਵਾਰ ਸਰਕਾਰੀ ਸਕੂਲਾਂ ਦੇ ਸ਼ਾਨਦਾਰ ਨਤੀਜੇ ਆਉਣਗੇ ਜਿਸ ਨਾਲ ਮੇਰੀ ਸਰਕਾਰ ਦੇ ਉਪਰਾਲਿਆਂ ਨੂੰ ਹੌਂਸਲਾ ਮਿਲੇਗਾ।”
ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਸਰਕਾਰੀ ਸਕੂਲਾਂ ਨੂੰ ਸਮੇਂ ਦੇ ਹਾਣ ਦਾ ਬਣਾਏਗੀ ਤੇ ਯਕੀਨਨ ਤੌਰ ਉਤੇ ਪੰਜਾਬ, ਦੇਸ਼ ਭਰ ਵਿਚ ਰੋਲ ਮਾਡਲ ਬਣ ਕੇ ਉੱਭਰੇਗਾ। ਭਗਵੰਤ ਸਿੰਘ ਮਾਨ ਨੇ ਕਿਹਾ, “ਉਹ ਦਿਨ ਹੁਣ ਦੂਰ ਨਹੀਂ ਜਦੋਂ ਸੂਬੇ ਦੇ ਸਰਕਾਰੀ ਸਕੂਲ, ਪ੍ਰਾਈਵੇਟ ਸਕੂਲਾਂ ਨਾਲੋਂ ਬਿਹਤਰ ਸਿੱਖਿਆ ਮੁਹੱਈਆ ਕਰਵਾਉਣਗੇ ਅਤੇ ਮਾਪੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਪੜ੍ਹਾਉਣ ਵਿੱਚ ਮਾਣ ਮਹਿਸੂਸ ਕਰਿਆ ਕਰਨਗੇ।” ਉਨ੍ਹਾਂ ਕਿਹਾ ਕਿ ਦਿੱਲੀ ਵਿਚ ਅਜਿਹੇ ਸਕੂਲਾਂ ਨੇ ਉਥੇ ਦੇ ਸਿੱਖਿਆ ਖੇਤਰ ਦੀ ਤਸਵੀਰ ਬਦਲ ਦਿੱਤੀ ਹੈ ਅਤੇ ਅੱਜ ਉਥੇ ਸਰਕਾਰੀ ਸਕੂਲ ਸ਼ਾਨਦਾਰ ਕਾਰਗੁਜ਼ਾਰੀ ਦਿਖਾ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਹੁਣ ਸਾਡੀ ਸਰਕਾਰ ਨੇ ਸੂਬੇ ਦੀ ਸਿੱਖਿਆ ਦਾ ਪੱਧਰ ਵਿਸ਼ਵ ਦੇ ਹਾਣ ਦਾ ਬਣਾਉਣ ਦਾ ਪ੍ਰਣ ਕੀਤਾ ਹੋਇਆ ਹੈ ਅਤੇ ਭਵਿੱਖ ਵਿੱਚ ਪੰਜਾਬ ਦਾ ਤਾਲੀਮਯਾਫ਼ਤਾ ਬੱਚਾ ਦੁਨੀਆ ਦੀਆਂ ਚੋਟੀ ਦੀਆਂ ਸੰਸਥਾਵਾਂ ਵਿਚ ਮੁਕਾਮ ਹਾਸਲ ਕਰੇਗਾ। ਉਨ੍ਹਾਂ ਦੱਸਿਆ ਕਿ ਸਕੂਲਾਂ ਦੇ ਪ੍ਰਬੰਧਾਂ ਦੀ ਦੇਖ-ਰੇਖ ਲਈ ਸਰਕਾਰ ਨੇ ਕੈਂਪਸ ਮੈਨੇਜਰ ਭਰਤੀ ਕੀਤੇ ਹਨ ਤਾਂ ਕਿ ਸੁਚਾਰੂ ਵਿਵਸਥਾ ਯਕੀਨੀ ਬਣਾਈ ਜਾ ਸਕੇ।
ਸਕੂਲ ਸਿਲੇਬਸ ਵਿੱਚ ਢੁਕਵਾਂ ਬਦਲਾਅ ਕਰਨ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਿਲੇਬਸ ਵਿੱਚ ਸਾਕਾਰਤਮਕ ਸੁਧਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਮਹਾਨ ਗੁਰੂ ਸਾਹਿਬਾਨ ਦਾ ਜੀਵਨ ਅਤੇ ਫਲਸਫਾ ਅਤੇ ਸ਼ਹੀਦਾਂ ਦੀਆਂ ਲਾਮਿਸਾਲ ਕੁਰਬਾਨੀਆਂ ਸਾਡੇ ਸਿਲੇਬਸ ਦਾ ਵਿਸ਼ੇਸ਼ ਹਿੱਸਾ ਹੋਣ ਤਾਂ ਕਿ ਬੱਚਿਆਂ ਨੂੰ ਆਪਣੇ ਗੌਰਵਮਈ ਇਤਿਹਾਸ ਤੋਂ ਸੇਧ ਮਿਲ ਸਕੇ। ਇਸੇ ਤਰ੍ਹਾਂ ਹੁਨਰ ਵਿਕਾਸ ਦੇ ਮੌਜੂਦਾ ਯੁੱਗ ਵਿੱਚ ਸਿਲੇਬਸ ਵਿੱਚ ਵੀ ਲੋੜੀਂਦਾ ਬਦਲਾਅ ਹੋਣਾ ਚਾਹੀਦਾ ਹੈ ਤਾਂ ਕਿ ਸਾਡੇ ਵਿਦਿਆਰਥੀ ਹੁਨਰਮੰਦ ਸਿੱਖਿਆ ਹਾਸਲ ਕਰ ਸਕਣ। ਮੁੱਖ ਮੰਤਰੀ ਨੇ ਦੁੱਖ ਨਾਲ ਕਿਹਾ ਕਿ ਇਹ ਪੰਜਾਬ ਦੀ ਬਦਕਿਸਮਤੀ ਹੈ ਕਿ ਪਿਛਲੇ ਸਮੇਂ ਵਿੱਚ ਸਰਕਾਰੀ ਸਕੂਲ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਸਨ ਪਰ ਸਰਕਾਰਾਂ ਨੇ ਇਨ੍ਹਾਂ ਸਕੂਲਾਂ ਦੇ ਸੁਧਾਰ ਲਈ ਕੁਝ ਨਹੀਂ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਅਸਲ ਵਿਚ ਪਿਛਲੀਆਂ ਸਰਕਾਰਾਂ ਨੇ ਸਿੱਖਿਆ ਵਰਗੇ ਖੇਤਰਾਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਜਿਸ ਨਾਲ ਸਾਡੇ ਹਜ਼ਾਰਾਂ ਬੱਚਿਆਂ ਨੂੰ ਪੜ੍ਹਾਈ ਲਈ ਅੱਗੇ ਵਧਣ ਦੇ ਮੌਕੇ ਨਸੀਬ ਨਹੀਂ ਹੋਏ। ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਲੜਕੀਆਂ ਨੂੰ ਸਾਧਨਾਂ ਦੀ ਘਾਟ ਕਾਰਨ ਪੜ੍ਹਾਈ ਅੱਧ-ਵਿਚਾਲੇ ਛੱਡਣੀ ਪਈ ਜੋ ਪਿਛਲੀਆਂ ਸਰਕਾਰਾਂ ਦੀ ਨਾਕਾਮੀ ਨੂੰ ਸਿੱਧ ਕਰਦੀਆਂ ਹਨ।
ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਸਥਾਪਤ ਕੀਤੇ ਜਾ ਰਹੇ 117 ‘ਸਕੂਲ ਆਫ਼ ਐਮੀਨੈਂਸ’ ਨੂੰ ਹੋਣਹਾਰ ਵਿਦਿਆਰਥੀਆਂ ਦੇ ਰੌਸ਼ਨ ਭਵਿੱਖ ਦੀਆਂ ਸੰਸਥਾਵਾਂ ਦੱਸਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਿੱਖਿਆ ਖੇਤਰ ਵਿਚ ਨਵਾਂ ਇਨਕਲਾਬ ਲੈ ਕੇ ਆਉਣ ਦਾ ਉਦੇਸ਼ ਹੋਣਹਾਰ ਅਤੇ ਕਾਬਲ ਵਿਦਿਆਰਥੀਆਂ ਖਾਸ ਕਰਕੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਆਪਣੇ ਸੁਪਨੇ ਸਾਕਾਰ ਕਰਨ ਲਈ ਸੇਧ ਅਤੇ ਮੌਕਾ ਦੇਣਾ ਹੈ ਤਾਂ ਕਿ ਇਹ ਵਿਦਿਆਰਥੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਦੇਸ਼ ਦੇ ਬਾਕੀ ਬੱਚਿਆਂ ਨੂੰ ਪਛਾੜ ਕੇ ਚੰਗੇ ਰੈਂਕ ਹਾਸਲ ਕਰ ਸਕਣ। ਇਨ੍ਹਾਂ ਸਕੂਲਾਂ ਨੂੰ ਵਿਦਿਆਰਥੀਆਂ ਦੇ ਛੁਪੇ ਹੋਏ ਹੁਨਰ ਨੂੰ ਤਰਾਸ਼ਣ ਤੇ ਨਿਖਾਰਨ ਵਾਲੀਆਂ ਸੰਸਥਾਵਾਂ ਦੇ ਰੂਪ ਵਿਚ ਵਿਕਸਤ ਕੀਤਾ ਜਾਵੇਗਾ ਤਾਂ ਕਿ ਵਿਦਿਆਰਥੀ ਆਪਣੇ ਮਨਪਸੰਦ ਕਿੱਤੇ ਦੀ ਚੋਣ ਕਰ ਸਕਣ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਸਿੰਗਾਪੁਰ ਵਿਚ ਅਧਿਆਪਨ ਸਿਖਲਾਈ ਲਈ ਭੇਜਿਆ ਤਾਂ ਕਿ ਸਾਡੇ ਅਧਿਆਪਕ ਦੁਨੀਆ ਦੀ ਵਿਕਸਤ ਸਿੱਖਿਆ ਪ੍ਰਣਾਲੀ ਬਾਰੇ ਜਾਣੂੰ ਹੋ ਸਕਣ।
ਨੌਜਵਾਨਾਂ ਦੇ ਸੁਪਨੇ ਸਾਕਾਰ ਕਰਨ ਲਈ ਸਰਕਾਰ ਵੱਲੋਂ ਉਲੀਕ ਵਿਸ਼ੇਸ਼ ਪ੍ਰੋਗਰਾਮ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਲਈ ਸੂਬਾ ਸਰਕਾਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਿਖਲਾਈ ਕੇਂਦਰ ਖੋਲ੍ਹ ਰਹੀ ਹੈ ਜਿੱਥੇ ਆਈ.ਏ.ਐਸ., ਆਈ.ਪੀ.ਐਸ. ਅਤੇ ਹੋਰ ਪੇਸ਼ੇਵਰ ਪ੍ਰੀਖਿਆਵਾਂ ਲਈ ਤਿਆਰੀ ਕਰਵਾਈ ਜਾਵੇਗੀ।