ਡੇਰਾਬੱਸੀ : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਡੇਰਾਬੱਸੀ ਸਬ ਡਵੀਜ਼ਨ 'ਚ ਪਲਾਸਟਿਕ ਕੈਰੀ ਬੈਗ ਬਣਾਉਣ ਵਾਲੇ ਗੈਰ-ਕਾਨੂੰਨੀ ਯੂਨਿਟ ਦਾ ਪਰਦਾਫਾਸ਼ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਸ.ਏ.ਐਸ.ਨਗਰ ਦੇ ਵਾਤਾਵਰਣ ਇੰਜੀਨੀਅਰ ਗੁਰਸ਼ਰਨ ਦਾਸ ਨੇ ਦੱਸਿਆ ਕਿ ਪੀ.ਪੀ.ਸੀ.ਬੀ ਦੀ ਟੀਮ ਵੱਲੋਂ ਕੀਤੀ ਗਈ ਅਚਨਚੇਤ ਜਾਂਚ ਦੌਰਾਨ ਡੇਰਾਬੱਸੀ ਦੇ ਭਗਵਾਨਪੁਰਾ ਇਲਾਕੇ ਵਿੱਚ ਇੱਕ ਗੈਰ-ਕਾਨੂੰਨੀ ਫੈਕਟਰੀ ਦਾ ਪਤਾ ਲੱਗਾ ਜੋ ਪਾਬੰਦੀਸ਼ੁਦਾ ਪਲਾਸਟਿਕ ਕੈਰੀ ਬੈਗ ਤਿਆਰ ਕਰ ਰਹੀ ਸੀ।
ਉਨ੍ਹਾਂ ਕਿਹਾ ਕਿ ਪਲਾਸਟਿਕ ਕੈਰੀ ਬੈਗਾਂ ਦੀ ਵਰਤੋਂ 'ਤੇ ਪਾਬੰਦੀ ਸਬੰਧੀ 2018 ਵਿੱਚ ਬਣਾਏ ਗਏ ਪੀ ਪੀ ਸੀ ਬੀ ਨਿਯਮਾਂ ਅਨੁਸਾਰ, ਹੈਂਡਲ ਤੋਂ ਬਿਨਾਂ ਪੈਕਿੰਗ ਸਮੱਗਰੀ ਨੂੰ ਛੱਡ ਕੇ ਰਾਜ ਵਿੱਚ ਕੈਰੀ ਬੈਗਾਂ ਦੀ ਵਰਤੋਂ ਅਤੇ ਨਿਰਮਾਣ 'ਤੇ ਪੂਰਨ ਪਾਬੰਦੀ ਹੈ।
ਅਰਸ਼ਦੀਪ ਸਿੰਘ ਐਸ.ਡੀ.ਓ., ਪੀ.ਪੀ.ਸੀ.ਬੀ ਨੇ ਦੱਸਿਆ ਕਿ ਚੈਕਿੰਗ ਦੌਰਾਨ 200 ਕਿਲੋ ਪਾਬੰਦੀਸ਼ੁਦਾ ਪਲਾਸਟਿਕ ਕੈਰੀ ਬੈਗ ਮਿਲਿਆ, ਜਿਸ ਨੂੰ ਜ਼ਬਤ ਕਰ ਲਿਆ ਗਿਆ। ਵਾਤਾਵਰਨ ਇੰਜਨੀਅਰ ਗੁਰਸ਼ਰਨ ਦਾਸ ਨੇ ਦੱਸਿਆ ਕਿ ਪੀ ਪੀ ਸੀ ਬੀ ਵੱਲੋਂ ਸਬੰਧਤ ਯੂਨਿਟ ਦੇ ਖਿਲਾਫ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।