ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਭਾਸ਼ਾ ਵਿਭਾਗ ਪੰਜਾਬ ਦੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਜ਼ਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਵੱਲੋਂ ਦਫ਼ਤਰ ਦੇ ਵਿਹੜੇ 01 ਜਨਵਰੀ 2024 ਨੂੰ ਭਾਸ਼ਾ ਵਿਭਾਗ ਪੰਜਾਬ ਦੀ 76ਵੀਂ ਵਰ੍ਹੇਗੰਢ ਨੂੰ ਸਮਰਪਿਤ ਸਮਾਗਮ ਆਯੋਜਿਤ ਕੀਤਾ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਸ਼੍ਰੀ ਐੱਸ.ਕੇ.ਅਗਰਵਾਲ (ਪ੍ਰਧਾਨ, ਜ਼ਿਲ੍ਹਾ ਖਪਤਕਾਰ ਕਮਿਸ਼ਨ, ਮੋਹਾਲੀ ਅਤੇ ਰੂਪਨਗਰ) ਅਤੇ ਮੁੱਖ ਵਕਤਾ ਵਜੋਂ ਪ੍ਰੋ. ਜਲੌਰ ਸਿੰਘ ਖੀਵਾ (ਸਾਬਕਾ ਪ੍ਰਿੰਸੀਪਲ, ਸਰਕਾਰੀ ਬ੍ਰਿਜਿੰਦਰਾ ਕਾਲਜ, ਫਰੀਦਕੋਟ) ਵੱਲੋਂ ਸ਼ਿਰਕਤ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ, ਪੰਜਾਬ ਦੀ ਵਿਭਾਗੀ ਧੁਨੀ ‘ਧਨੁ ਲੇਖਾਰੀ ਨਾਨਕਾ’ ਨਾਲ ਕੀਤੀ ਗਈ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਪ੍ਰਧਾਨਗੀ ਮੰਡਲ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਨੂੰֹ’ ਕਹਿੰਦਿਆਂ ਮਾਂ-ਬੋਲੀ ਪੰਜਾਬੀ ਨੂੰ ਬਣਦਾ ਸਤਿਕਾਰ ਦੇਣ ਦੀ ਗੱਲ ਆਖੀ ਗਈ। ਉਨ੍ਹਾਂ ਵੱਲੋਂ ਭਾਸ਼ਾ ਵਿਭਾਗ, ਪੰਜਾਬ ਦੇ ਇਤਿਹਾਸ ਅਤੇ ਪ੍ਰਾਪਤੀਆਂ ਤੋਂ ਹਾਜ਼ਰੀਨ ਨੂੰ ਜਾਣੂ ਕਰਵਾਉਂਦੇ ਹੋਏ ਦੱਸਿਆ ਗਿਆ ਕਿ 01 ਜਨਵਰੀ 1948 ਨੂੰ ‘ਪੰਜਾਬੀ ਸੈਕਸ਼ਨ’ ਦੇ ਨਾਂ ਨਾਲ ਸਥਾਪਿਤ ਹੋਇਆ ਅਤੇ 1956 ਤੋਂ ‘ਭਾਸ਼ਾ ਵਿਭਾਗ ਪੰਜਾਬ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸਾਲ 1948 ਤੋਂ ਲੈ ਕੇ ਸਾਲ 2024 ਤੱਕ ਇਹ 76 ਸਾਲਾਂ ਦਾ ਹੋ ਗਿਆ ਹੈ। ਉਨ੍ਹਾਂ ਆਖਿਆ ਕਿ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਬੋਰਡਾਂ ਉੱਤੇ ਪੰਜਾਬੀ ਭਾਸ਼ਾ ਨੂੰ ਤਰਜੀਹ ਦੇਣ ਦਾ ਐਲਾਨ ਕੀਤਾ ਗਿਆ ਜੋ ਬਹੁਤ ਹੀ ਸਲਾਹੁਣਯੋਗ ਹੈ। ਇਸ ਮੌਕੇ ਉਨ੍ਹਾਂ ਨੇਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਮੋਹਾਲੀ ਦੀਆਂ ਸਰਗਰਮੀਆਂ ਬਾਰੇ ਵੀ ਵਿਸਥਾਰ ਸਹਿਤ ਜਾਣੂ ਕਰਵਾਇਆ।
ਮੁੱਖ ਮਹਿਮਾਨ ਸ਼੍ਰੀ ਐੱਸ. ਕੇ. ਅਗਰਵਾਲ ਵੱਲੋਂ ਆਪਣੇ ਭਾਸ਼ਣ ’ਚ ਬੋਲਦਿਆਂ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਮੋਹਾਲੀ ਵੱਲੋਂ ਮਨਾਏ ਜਾ ਰਹੇ ਭਾਸ਼ਾ ਵਿਭਾਗ ਪੰਜਾਬ ਦੇ 76ਵੇਂ ਸਥਾਪਨਾ ਦਿਹਾੜੇ ਸਦਕਾ ਸਾਡੇ ਨਵੇਂ ਸਾਲ ਦੀ ਸ਼ੁਰੂਆਤ ਸਾਹਿਤ ਨਾਲ ਹੋਈ ਹੈ। ਸਾਹਿਤ ਮਨੁੱਖ ਲਈ ਇਕ ਥੈਰੇਪੀ ਵਾਂਗ ਕੰਮ ਕਰਦੇ ਹੈ। ਉਨ੍ਹਾਂ ਆਖਿਆ ਕਿ ਮਾਂ-ਬੋਲੀ ਪੰਜਾਬੀ ਸਦਕਾ ਹੀ ਮੈਂ ਅੱਜ ਇਸ ਮੁਕਾਮ 'ਤੇ ਪਹੁੰਚਿਆ ਹਾਂ। ਉਨ੍ਹਾਂ ਇਹ ਵੀ ਆਖਿਆ ਕਿ ਅਦਾਲਤੀ ਕਾਰਵਾਈ ਕਰਦਿਆਂ ਕਈ ਵਾਰ ਮਾਂ-ਬੋਲੀ ਸਾਡਾ ਸਹਾਰਾ ਬਣਦੀ ਹੈ। ਮੁੱਖ ਬੁਲਾਰੇ ਪ੍ਰੋ. ਜਲੌਰ ਸਿੰਘ ਖੀਵਾ ਵੱਲੋਂ ਭਾਸ਼ਾ ਵਿਭਾਗ, ਪੰਜਾਬ ਦੇ ਸਥਾਪਨਾ ਦਿਹਾੜੇ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਗਿਆ ਕਿ ਭਾਸ਼ਾ ਵਿਭਾਗ ਭਾਸ਼ਾ ਅਤੇ ਸਾਹਿਤ ਦੀ ਤਰੱਕੀ ਲਈ ਸਦਾ ਕਾਰਜਸ਼ੀਲ ਰਿਹਾ ਹੈ ਪਰ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਮੋਹਾਲੀ ਆਪਣੀਆਂ ਨਿਵੇਕਲੀਆਂ ਪੈੜਾਂ ਕਰਕੇ ਮੋਹਰੀ ਹੈ। ਉਨ੍ਹਾਂ ਵੱਲੋਂ ਪੰਜਾਬੀ ਬੋਲੀ ਬਾਰੇ ਸੱਭਿਆਚਾਰ ਦੇ ਪ੍ਰਸੰਗ ਵਿਚ ਗੱਲ ਕਰਦੇ ਹੋਏ ਆਖਿਆ ਗਿਆ ਕਿ ਬੋਲੀ ਦਾ ਆਧਾਰ ਵਿਆਕਰਨ ਨਹੀਂ ਸਗੋਂ ਸੱਭਿਆਚਾਰ ਹੁੰਦਾ ਹੈ। ਮਨੁੱਖ ਦੇ ਵਿਕਾਸ ਦਾ ਆਧਾਰ ਉਸਦੀ ਬੋਲੀ ਅਤੇ ਭਾਸ਼ਾ ਹੈ। ਉਨ੍ਹਾਂ ਬੋਲੀ ਅਤੇ ਭਾਸ਼ਾ ਵਿਚ ਅੰਤਰ ਕਰਦੇ ਹੋਏ ਆਖਿਆ ਕਿ ਬੋਲੀ ਵਿਚ 'ਮੂੰਹ ਆਈ ਬਾਤ' ਹੁੰਦੀ ਹੈ ਅਤੇ ਭਾਸ਼ਾ ਵਿਚ 'ਪਹਿਲਾਂ ਤੋਲੋ ਫਿਰ ਬੋਲੋ' ਦੀ ਪ੍ਰਧਾਨਤਾ ਹੈ। ਉਨ੍ਹਾਂ ਵੱਲੋਂ ਇਹ ਵੀ ਆਖਿਆ ਗਿਆ ਕਿ ਪੰਜਾਬੀ ਵਿਸ਼ਵ ਪੱਧਰ ਦੀ ਭਾਸ਼ਾ ਹੈ ਕਿਉਂਕਿ ਇਸ ਵਿਚ ਵਿਸ਼ਵ ਦੀਆਂ ਅਨੇਕ ਭਾਸ਼ਾਵਾਂ ਦੇ ਸ਼ਬਦ ਜਜ਼ਬ ਹੋ ਚੁੱਕੇ ਹਨ। ਉਨ੍ਹਾਂ ਆਖਿਆ ਕਿ ਸ਼ਬਦ ਦੀ ਮਹਿਮਾ ਇਸੇ ਕਰਕੇ ਕੀਤੀ ਗਈ ਹੈ ਕਿਉਂਕਿ ਸ਼ਬਦ ਦੇ ਪਿੱਛੇ ਇਕ ਪੂਰਾ ਸੰਕਲਪ ਕਾਰਜਸ਼ੀਲ ਹੁੰਦਾ ਹੈ। ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਇਕ ਸੁਚੇਤ ਭਾਸ਼ਾ ਵਿਗਿਆਨੀ ਅਤੇ ਖੋਜੀ ਆਖਿਆ। ਇਨ੍ਹਾਂ ਤੋਂ ਇਲਾਵਾ ਸਤਵਿੰਦਰ ਸਿੰਘ ਧੜਾਕ, ਵਰਿੰਦਰ ਚੱਠਾ, ਧਿਆਨ ਸਿੰਘ ਕਾਹਲੋਂ,ਡਾ. ਪੰਨਾ ਲਾਲ ਮੁਸਤਫ਼ਾਬਾਦੀ, ਦਵਿੰਦਰ ਕੌਰ ਢਿੱਲੋਂ ਵੱਲੋਂ ਵੀ ਆਪਣੇ ਵਿਚਾਰ ਰੱਖੇ ਗਏ। ਇਸ ਸਮਾਗਮ ਦੇ ਮੌਕੇ ਮਨਜੀਤ ਪਾਲ ਸਿੰਘ, ਅਜਮੇਰ ਸਾਗਰ, ਦਿਲਪ੍ਰੀਤ ਕੌਰ, ਜਤਿੰਦਰਪਾਲ ਸਿੰਘ, ਬਲਦੇਵ ਸਿੰਘ, ਮਨਜੀਤ ਸਿੰਘ, ਜਪਨੀਤ ਕੌਰ, ਪਰਦੀਪ ਸਿੰਘ, ਹਰਮਨ ਸਿੰਘ, ਗੁਰਸੇਵਕ ਸਿੰਘ, ਰਣਵੀਰ ਸਿੰਘ ਵੀ ਸ਼ਾਮਿਲ ਹੋਏ। ਸਮਾਗਮ ਦੇ ਅੰਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ਼੍ਰੀ ਰਵੀ ਇੰਦਰ ਸਿੰਘ ਵੱਲੋਂ ਪਤਵੰਤੇ ਸੱਜਣਾਂ ਦਾ ਇਸ ਸਮਾਗਮ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਦਰਸ਼ਨ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।