ਮੁਹਾਲੀ : ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਐਸ.ਏ.ਐਸ. ਨਗਰ ਸੋਨਮ ਚੌਧਰੀ ਦੀ ਅਗਵਾਈ ਹੇਠ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ‘ਪਹਿਲ ਪ੍ਰੋਜੈਕਟ’ ਦਾ ਉਦਘਾਟਨ ਪਿੰਡ ਮੱਕੜਾਂ, ਬਲਾਕ ਖਰੜ, ਜ਼ਿਲ੍ਹਾ ਐਸ.ਏ.ਐਸ. ਨਗਰ ਵਿਖੇ ਉਪ ਮੁੱਖ ਕਾਰਜਕਾਰੀ ਅਫਸਰ ਜ਼ਿਲ੍ਹਾ ਪ੍ਰੀਸ਼ਦ ਰਣਜੀਤ ਸਿੰਘ ਵੱਲੋਂ ਕੀਤਾ ਗਿਆ। ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਵਿਕਾਸ ਸਿੰਗਲਾ ਵੱਲੋਂ ਦੱਸਿਆ ਗਿਆ ਕਿ ਪ੍ਰੋਜੈਕਟ ਅਧੀਨ ਸਕੂਲੀ ਵਰਦੀਆਂ ਬਣਾਉਣ ਦਾ ਕੰਮ ਪਿੰਡਾਂ ਵਿੱਚ ਬਣੇ ਸਵੈ-ਸਹਾਇਤਾ ਸਮੂਹਾਂ ਦੀਆਂ ਔਰਤਾਂ ਤੋਂ ਕਰਵਾਇਆ ਜਾਵੇਗਾ ਤਾਂ ਜੋ ਉਨ੍ਹਾਂ ਦੀ ਆਜੀਵਿਕਾ ਵਿੱਚ ਵਾਧਾ ਹੋ ਸਕੇ।
‘ਪਹਿਲ ਪ੍ਰਜੈਕਟ’ ਲਈ ਜ਼ਿਲ੍ਹਾ ਉਦਯੋਗ ਵਿਭਾਗ ਦੇ ਸਹਿਯੋਗ ਨਾਲ ਏ.ਐਲ.ਪੀ. ਕੰਪਨੀ ਨਿਸ਼ੀਕਾਵਾ ਦੇ ਸੀ.ਐਸ.ਆਰ. ਫੰਡ ਤਹਿਤ ਸਿਲਾਈ ਮਸ਼ੀਨਾਂ ਦਿੱਤੀਆਂ ਗਈਆਂ ਹਨ। ਸੀ.ਜੀ.ਸੀ. ਲਾਡਰਾ ਵੱਲੋਂ ਟ੍ਰੇਨਿੰਗ ਲਈ ਵਿਸ਼ੇਸ ਸਹਿਯੋਗ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ‘ਪਹਿਲ ਪ੍ਰੋਜੈਕਟ’ ਤਹਿਤ ਸਰਕਾਰੀ ਸਕੂਲਾਂ ਦੀਆਂ 10,000 ਵਰਦੀਆਂ ਮਾਰਚ-2024 ਤੱਕ ‘ਰਹਿਮਤ ਆਜੀਵਿਕਾ ਕਲੱਸਟਰ ਲੈਵਲ ਸੰਗਠਨ, ਪਿੱਡ ਮੱਕੜਾ’ (ਬਲਾਕ ਖਰੜ) ਦੁਆਰਾ ਬਣਾਈਆਂ ਜਾਣਗੀਆਂ।
ਪਿੰਡਾਂ ਦੀਆਂ ਔਰਤਾਂ ਵਿੱਚ ਇਸ ਪ੍ਰੋਜੈਕਟ ਪ੍ਰਤੀ ਬਹੁਤ ਉਤਸ਼ਾਹ ਦੇਖਿਆ ਗਿਆ। ਸਰਪੰਚ ਪਰਮਜੀਤ ਕੌਰ ਅਤੇ ਬਲਾਕ ਪ੍ਰੋਗਰਾਮ ਮੈਨੇਜਰ ਮਨਦੀਪ ਕੌਰ ਵੱਲੋਂ ਰੀਬਨ ਕੱਟਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਤੇ ਸੀ.ਜੀ.ਸੀ ਕਾਲਜ ਲਾਂਡਰਾ ਦੇ ਪ੍ਰੋਫੈਸਰ ਡਾ. ਅਮਰੇਸ਼ ਕੁਮਾਰ, ਪੰਚਾਇਤ ਸਕੱਤਰ ਯਾਦਵਿੰਦਰ ਸਿੰਘ, ਜ਼ਿਲ੍ਹਾ ਉਦਯੋਗ ਵਿਭਾਗ ਦੇ ਅਧਿਕਾਰੀ, ਪੀ.ਐਸ.ਆਰ.ਐਲ.ਐਮ. ਸਕੀਮ ਤਹਿਤ ਕੰਮ ਕਰ ਰਹੇ ‘ਐਕਟਿਵ ਵਿਮੈਨ ਕਾਡਰ’ ਅਤੇ ਸਮੂਹ ਪੀ.ਐਸ.ਆਰ.ਐਲ.ਐਮ. ਸਟਾਫ ਹਾਜ਼ਰ ਸਨ।