ਲਾਲੜੂ : ਨਗਰ ਕੌਂਸਲ ਲਾਲੜੂ ਨੇੜੇ ਪੈਂਦੇ ਪਿੰਡ ਬੱਸੀ 'ਚ ਸ਼ੱਕੀ ਹਾਲਤ ਵਿੱਚ 6 ਗਾਵਾਂ ਦੀ ਮੌਤ ਹੋਣ ਨਾਲ ਪਿੰਡ ਵਾਸੀਆਂ ਤੇ ਹੋਰਨਾਂ ਪਸ਼ੂਪਾਲਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।ਮਰਨ ਵਾਲੀਆਂ ਸਾਰੀਆਂ ਗਾਵਾਂ ਇੱਕੋ ਮਾਲਕ ਦੀਆਂ ਹਨ।ਇਨ੍ਹਾਂ ਮੌਤਾਂ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਬੱਸੀ ਦੇ ਵਸਨੀਕ ਜਨਕ ਸਿੰਘ ਤੇ ਉਨ੍ਹਾਂ ਦੇ ਭਤੀਜੇ ਸਥਾਨਕ ਕੌਂਸਲਰ ਯੁਗਵਿੰਦਰ ਸਿੰਘ ਰਾਠੌਰ ਨੇ ਦੱਸਿਆ ਕਿ ਉਨ੍ਹਾਂ ਕੋਲ ਕਾਫੀ ਪਸ਼ੂ ਹਨ ਤੇ ਪਿਛਲੇ ਕੁੱਝ ਦਿਨਾਂ ਤੋਂ ਉਨ੍ਹਾਂ ਦੀਆਂ ਗਾਵਾਂ ਨੇ ਅਚਾਨਕ ਉਠਣਾ ਤੇ ਕੱਖ ਖਾਣਾ ਬੰਦ ਕਰ ਦਿੱਤਾ।ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਇੱਕ ਦਿਨ ਵਿੱਚ ਹੀ ਉਨ੍ਹਾਂ ਦੀਆਂ ਚਾਰ ਗਾਵਾਂ ਮਰ ਗਈਆਂ।ਉਨ੍ਹਾਂ ਦੱਸਿਆ ਕਿ ਇਸ ਉਪਰੰਤ ਦੋ ਗਾਵਾਂ ਬਾਅਦ ਵਿੱਚ ਇੱਕ-ਇੱਕ ਦਿਨ ਦੇ ਵਕਫ਼ੇ ਮਗਰੋਂ ਮਰੀਆਂ ਹਨ।ਉਨ੍ਹਾਂ ਦੱਸਿਆ ਕਿ ਇਹ ਸਾਰੀਆਂ ਗਾਵਾਂ ਦੁੱਧ ਵਾਲੀਆਂ ਤੇ ਚੰਗੀ ਨਸਲ ਦੀਆਂ ਸਨ,ਜਿਨ੍ਹਾਂ ਦੀ ਮੌਤ ਹੋਣ ਨਾਲ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਘਾਟਾ ਪੈ ਗਿਆ ਹੈ।ਉਨ੍ਹਾਂ ਦੱਸਿਆ ਕਿ ਇਸ ਸਬੰਧੀ ਬਕਾਇਦਾ ਲਾਲੜੂ ਦੀ ਵੈਟਰਨਰੀ ਅਫਸਰ ਨੂੰ ਦੱਸਿਆ ਗਿਆ, ਜਿਨ੍ਹਾਂ ਮ੍ਰਿਤਕ ਪਸ਼ੂਆਂ ਦੇ ਸੈਂਪਲ ਭਰੇ ਹਨ।ਦੂਜੇ ਪਾਸੇ ਇਸ ਸਬੰਧੀ ਸੰਪਰਕ ਕਰਨ ਉਤੇ ਵੈਟਰਨਰੀ ਹਸਪਤਾਲ ਲਾਲੜੂ ਵਿੱਚ ਤਾਇਨਾਤ ਡਾਕਟਰ ਕੁਸਮ ਲਾਂਬਾ ਨੇ ਦੱਸਿਆ ਕਿ ਇਨ੍ਹਾਂ ਗਾਵਾਂ ਦੇ ਸੈਂਪਲ ਜਲੰਧਰ ਜਾਂਚ ਲਈ ਭੇਜੇ ਹੋਏ ਹਨ,ਜਿਨ੍ਹਾਂ ਦੀ ਅਧਿਕਾਰਤ ਰਿਪੋਰਟ ਅਜੇ ਆਉਣੀ ਬਾਕੀ ਹੈ।ਉਨ੍ਹਾਂ ਦੱਸਿਆ ਕਿ ਉਹ ਪੀੜਤ ਪਸ਼ੂਪਾਲਕ ਪਰਿਵਾਰ ਦੇ ਸੰਪਰਕ ਵਿੱਚ ਹਨ।ਜਦੋਂ ਉਨ੍ਹਾਂ ਤੋਂ ਮ੍ਰਿਤਕ ਪਸ਼ੂਆਂ ਦੀ ਸ਼ੁਰੂਆਤੀ ਜਾਂਚ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸ਼ੁਰੂਆਤੀ ਰਿਪੋਰਟ ਵਿੱਚ ਉਕਤ ਪਸ਼ੂਆਂ ਨੂੰ ਅਫਾਰਾ ਹੋਣ ਦੀ ਸ਼ਿਕਾਇਤ ਜਾਪਦੀ ਹੈ,ਜਿਸ ਦੇ ਚੱਲਦਿਆਂ ਪਸ਼ੂ ਦੇ ਫੇਫੜਿਆਂ ਵਿੱਚ ਇਨਫੈਕਸ਼ਨ ਹੋ ਜਾਂਦਾ ਹੈ ਤੇ ਉਹ ਕੱਖ ਵਗੈਰਾ ਘੱਟ ਖਾਣ ਲੱਗ ਜਾਂਦਾ ਹੈ।ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਬਿਮਾਰੀ ਦੇ ਮਾਮਲੇ ਵਿੱਚ ਪਸ਼ੂਆਂ ਦੇ ਵਾੜੇ-ਖੁਰਲੀਆਂ ਦੀ ਸਾਫ-ਸਫਾਈ ਤੇ ਚੰਗੇ ਕੱਖ ਦਾ ਧਿਆਨ ਰੱਖਣਾ ਚਾਹੀਦਾ ਹੈ।