ਲਾਲੜੂ : ਵਾਰਡ ਨੰਬਰ-13 ਵਿੱਚ ਬਿਲਕੁਲ ਚੌਰਾਹੇ ਉੱਤੇ ਪਾਈ ਸਲੈਬ ਦੇ ਟੁੱਟ ਜਾਣ ਕਾਰਨ ਇਸ ਵਾਰਡ ਦੇ ਲੋਕਾਂ ਵਿੱਚ ਭਾਰੀ ਚਿੰਤਾ ਪਾਈ ਜਾ ਰਹੀ ਹੈ। ਲੋਕਾਂ ਨੂੰ ਖਦਸਾ ਹੈ ਕਿ ਇਹ ਟੁੱਟੀ ਸਲੈਬ ਜੇਕਰ ਸਮੇਂ ਰਹਿੰਦਿਆਂ ਠੀਕ ਨਾ ਕੀਤੀ ਗਈ ਤਾਂ ਕਿਸੇ ਮਨੁੱਖ ਜਾਂ ਜਾਨਵਰ ਦਾ ਵੱਡਾ ਨੁਕਸਾਨ ਕਰ ਸਕਦੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਾਰਡ ਨੰਬਰ 13 ਦੇ ਵਸਨੀਕ ਧੂਮ ਸ਼ਰਮਾ, ਸੰਜੀਵ ਸ਼ਰਮਾ, ਪ੍ਰੀਤਮ ਰਾਣਾ, ਪ੍ਰਦੀਪ ਸ਼ਰਮਾ ਤੇ ਸਿਕੰਦਰ ਕੁਮਾਰ ਨੇ ਦੱਸਿਆ ਕਿ ਵਾਰਡ ਨੰਬਰ 13 ਦੇ ਇਸ ਚੌਰਾਹੇ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਬਣਾਏ ਖੱਡੇ ਵਿੱਚ ਸਪਲਾਈ ਦੇਣ ਲਈ ਇੱਕ ਵਾਲ ਲਗਾਇਆ ਹੋਇਆ ਹੈ,ਜਿਸ ਉੱਤੇ ਸੀਮਿੰਟ ਦੀਆਂ ਤਿੰਨ ਸਲੈਬਾਂ ਪਾਈਆਂ ਹੋਈਆਂ ਹਨ। ਇਨ੍ਹਾਂ ਸਲੈਬਾਂ ਵਿੱਚੋਂ ਇੱਕ ਸਲੈਬ ਪੂਰੀ ਤਰ੍ਹਾਂ ਦੋਫਾੜ ਹੋ ਚੁੱਕੀ ਹੈ ਅਤੇ ਇਹ ਸਲੈਬ ਕਿਸੇ ਵੀ ਵੇਲੇ ਖੱਡੇ ਵਿੱਚ ਡਿੱਗ ਸਕਦੀ ਹੈ। ਵਾਰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਸਲੈਬ ਦੇ ਡਿੱਗਣ ਨਾਲ ਜਿੱਥੇ ਕਿਸੇ ਮਨੁੱਖ ਜਾਂ ਜਾਨਵਰ ਨਾਲ ਵੱਡਾ ਹਾਦਸਾ ਵਾਪਰ ਸਕਦਾ ਹੈ, ਉੱਥੇ ਹੀ ਜੇਕਰ ਇਹ ਸਲੈਬ ਸਮਾਂ ਰਹਿੰਦਿਆਂ ਨਾ ਉਠਾਈ ਗਈ ਤਾਂ ਇਹ ਖੱਡੇ ਅੰਦਰ ਪਏ ਸੀਵਰੇਜ ਤੇ ਪੀਣ ਵਾਲੇ ਪਾਣੀ ਦੇ ਪਾਇਪਾਂ ਨੂੰ ਵੀ ਤੋੜ ਦੇਵੇਗੀ, ਜਿਸ ਦੇ ਚਲਦਿਆਂ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦਾ ਗੰਦ -ਮੰਦ ਰਲਣਾ ਯਕੀਨੀ ਹੈ।ਜ਼ਿਕਰਯੋਗ ਹੈ ਕਿ ਇਹ ਸਲੈਬ ਚੌਰਾਹੇ ਉਤੇ ਹੋਣ ਤੋਂ ਇਲਾਵਾ ਕਈ ਪਿੰਡਾਂ ਨੂੰ ਜੋੜਦੀ ਲਾਲੜੂ-ਮਗਰਾ ਵਾਲੀ ਮੁੱਖ ਗਲੀ ਵਿੱਚ ਹੈ,ਜਿੱਥੇ ਦਿਨ ਦੇ ਨਾਲ-ਨਾਲ ਰਾਤ ਨੂੰ ਵੀ ਆਵਾਜਾਈ ਰਹਿੰਦੀ ਹੈ। ਉਕਤ ਵਾਰਡ ਵਾਸੀਆਂ ਨੇ ਕਿਹਾ ਕਿ ਉਹ ਇਸ ਸਬੰਧੀ ਸਥਾਨਕ ਕੌਂਸਲਰ ਉਮੇਸ਼ ਬੱਗਾ(ਲੱਕੀ)ਤੇ ਨਗਰ ਕੌਸਲ ਦੇ ਅਧਿਕਾਰੀਆਂ ਨੂੰ ਵੀ ਜਾਣੂ ਕਰਵਾ ਚੁੱਕੇ ਹਨ, ਪਰ ਕੋਈ ਵੀ ਧਿਰ ਇਸ ਮਸਲੇ ਵੱਲ ਧਿਆਨ ਨਹੀਂ ਦੇ ਰਹੀ। ਇਸ ਸਬੰਧੀ ਸੰਪਰਕ ਕਰਨ ਉੱਤੇ ਸਥਾਨਕ ਕੌਂਸਲਰ ਉਮੇਸ਼ ਬੱਗਾ ਨੇ ਕਿਹਾ ਕਿ ਉਹ ਨਗਰ ਕੌਂਸਲ ਅਧਿਕਾਰੀਆਂ ਨੂੰ ਇਸ ਸਬੰਧੀ ਕਈਂ ਵਾਰੀ ਜਾਣੂ ਕਰਵਾ ਚੁੱਕੇ ਹਨ, ਪਰ ਕੌਂਸਲ ਅਧਿਕਾਰੀ ਵਾਰਡ ਵਾਸੀਆਂ ਦੀ ਇਸ ਸਮੱਸਿਆ ਨੂੰ ਅਹਿਮੀਅਤ ਹੀ ਨਹੀਂ ਦੇ ਰਹੇ। ਦੂਜੇ ਪਾਸੇ ਜਦੋਂ ਇਸ ਸਬੰਧੀ ਸਵੇਰੇ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਗੁਰਬਖਸ਼ੀਸ਼ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਤੇ ਉਹ ਅੱਜ ਹੀ ਦਫਤਰ ਆਉਣ ਉਪਰੰਤ ਇਹ ਸਲੈਬ ਬਾਹਰ ਕਢਵਾ ਦੇਣਗੇ ,ਪਰ ਖਬਰ ਲਿਖੇ ਜਾਣ ਤੱਕ ਇਸ ਮਾਮਲੇ ਵਿੱਚ ਕੋਈ ਵੀ ਕਾਰਵਾਈ ਨਹੀਂ ਹੋਈ ਸੀ।