ਕੁਰਾਲੀ/ਖਰੜ : ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮਹਾਨ ਯੋਧਿਆਂ, ਮਾਈ ਭਾਗੋ -ਮਹਿਲਾ ਸਸ਼ਕਤੀਕਰਨ ਅਤੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਝਾਕੀਆਂ ਨੇ ਅੱਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੀਆਂ ਸੜਕਾਂ 'ਤੇ ਆ ਕੇ ਲੋਕਾਂ 'ਤੇ ਡੂੰਘੀ ਛਾਪ ਛੱਡੀ। ਕੁਰਾਲੀ ਵਿੱਚ ਦਾਖ਼ਲ ਹੋਣ ’ਤੇ ਸ. ਜੋਧਾ ਸਿੰਘ ਮਾਨ (ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਪਿਤਾ) ਦੀ ਅਗਵਾਈ ਵਿੱਚ ਸਥਾਨਕ ਲੋਕਾਂ ਵੱਲੋਂ ਝਾਕੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਪੰਜਾਬ ਦਾ ਇਤਿਹਾਸ ਅਤੇ ਸੱਭਿਆਚਾਰ ਬੇਮਿਸਾਲ ਹੈ ਅਤੇ ਇਸ ਨੂੰ ਕੋਈ ਵੀ ਘਟਾ ਕੇ ਨਹੀਂ ਦੇਖ ਸਕਦਾ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਕੌਮੀ ਗਣਤੰਤਰ ਦਿਵਸ ਲਈ ਤਿਆਰ ਕੀਤੀਆਂ ਝਾਕੀਆਂ, ਜਿਨ੍ਹਾਂ ਨੂੰ ਉੱਥੇ ਪ੍ਰਦਰਸ਼ਿਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ, ਨੂੰ ਪੰਜਾਬ ਦੇ ਲੋਕਾਂ ਨੂੰ ਦਿਖਾਉਣ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ।
ਇਨ੍ਹਾਂ ਝਾਕੀਆਂ ਨੇ ਪੰਜਾਬ ਦੇ ਮਹਾਨ ਯੋਧਿਆਂ; ਸ਼ਹੀਦ ਕਰਤਾਰ ਸਿੰਘ ਸਰਾਭਾ, ਡਾ: ਦੀਵਾਨ ਸਿੰਘ ਕਾਲੇਪਾਣੀ, ਮਦਨ ਲਾਲ ਢੀਂਗਰਾ, ਲਾਲਾ ਹਰਦਿਆਲ, ਸਰਦਾਰ ਅਜੀਤ ਸਿੰਘ (ਪਗੜੀ ਸੰਭਾਲ ਜੱਟਾ), ਬਾਬਾ ਖੜਗ ਸਿੰਘ, ਜਲ੍ਹਿਆਂ ਵਾਲੇ ਬਾਗ ਦੀ ਗਾਥਾ, ਮਹਾਨ ਨਾਰੀ ਯੋਧਾ ਮਾਈ ਭਾਗੋ ਜਿਨ੍ਹਾਂ ਨੇ 40 ਮੁਕਤਿਆਂ ਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਦੁਬਾਰਾ ਜੁੜਨ ਦੀ ਪ੍ਰੇਰਨਾ ਦਿੱਤੀ ਅਤੇ ਪੰਜਾਬੀ ਸੱਭਿਆਚਾਰ ਜਿਵੇਂ ਫੁਲਕਾਰੀ ਆਦਿ ਨੂੰ ਦਰਸਾਇਆ ਗਿਆ।
ਅੱਜ ਇਹ ਝਾਕੀਆਂ ਦਾ ਸਫਰ ਕੁਰਾਲੀ ਤੋਂ ਖਰੜ ਤੱਕ ਸ਼ੁਰੂ ਹੋ ਕੇ ਭਲਕੇ ਅਗਲੀ ਮੰਜ਼ਿਲ ਲਈ ਰਵਾਨਾ ਹੋਣ ਲਈ ਚੱਪੜਚਿੜੀ ਖੁਰਦ ਵਿਖੇ ਜਾ ਕੇ ਰੁਕਿਆ। ਖਰੜ ਵਿਖੇ ਤਹਿਸੀਲਦਾਰ ਜਸਵਿੰਦਰ ਸਿੰਘ ਵੱਲੋਂ ਝਾਕੀਆਂ ਦਾ ਸਵਾਗਤ ਕੀਤਾ ਗਿਆ। ਝਾਕੀਆਂ ਨੇ ਲੋਕਾਂ ਨੂੰ ਆਕਰਸ਼ਿਤ ਕੀਤਾ ਅਤੇ ਉਨ੍ਹਾਂ ਦੇਖਣ ਦੇ ਨਾਲ-ਨਾਲ ਉਨ੍ਹਾਂ ਨਾਲ ਸੈਲਫੀ ਵੀ ਲਈਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਝਾਕੀਆਂ ਰਾਹੀਂ ਦਰਸਾਇਆ ਜਾ ਰਿਹਾ ਮਹਾਨ ਇਤਿਹਾਸ ਅਤੇ ਸੱਭਿਆਚਾਰ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਲਈ ਲਾਹੇਵੰਦ ਹੋਵੇਗਾ।