ਚੰਡੀਗੜ੍ਹ : ਪੰਜਾਬ ਸਟੇਟ ਇੰਸਟੀਚਿਊਟ ਆਫ਼ ਸਪੋਰਟਸ (ਪੀ.ਆਈ.ਐਸ.) ਦੇ ਅੰਮ੍ਰਿਤਸਰ, ਪਟਿਆਲਾ, ਮੁਹਾਲੀ, ਬਠਿੰਡਾ, ਰੋਪੜ, ਲੁਧਿਆਣਾ, ਜਲੰਧਰ, ਸ੍ਰੀ ਮੁਕਤਸਰ ਸਾਹਿਬ, ਬਰਨਾਲਾ, ਤਰਨ ਤਾਰਨ, ਸ੍ਰੀ ਆਨੰਦਪੁਰ ਸਾਹਿਬ, ਮਾਹਿਲਪੁਰ, ਫਗਵਾੜਾ ਤੇ ਦਸੂਹਾ ਸਥਿਤ ਰੈਜੀਡੈਸ਼ਲ ਵਿੰਗਾਂ ਵਿੱਚ 2024-25 ਸੈਸ਼ਨ ਲਈ ਖਿਡਾਰੀਆਂ ਦੀ ਭਰਤੀ ਲਈ ਟਰਾਇਲਾਂ ਦਾ ਪ੍ਰੋਗਰਾਮ ਐਲਾਨ ਦਿੱਤਾ ਹੈ। ਇਨ੍ਹਾਂ ਵਿੰਗਾਂ ਵਿੱਚ ਵੱਖ-ਵੱਖ ਉਮਰ ਵਰਗਾਂ ਵਿੱਚ ਖਿਡਾਰੀਆਂ ਦੀ ਚੋਣ ਲਈ 15 ਫਰਵਰੀ ਤੋਂ 19 ਮਾਰਚ ਤੱਕ ਵੱਖ-ਵੱਖ ਥਾਵਾਂ ਉਤੇ ਖੇਡ ਤੇ ਉਮਰ ਵਰਗ ਅਨੁਸਾਰ ਟਰਾਇਲ ਲਏ ਜਾਣਗੇ।
ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਖੇਡਾਂ ਵਿੱਚ ਮੁੜ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਜ਼ਮੀਨੀ ਪੱਧਰ ਉਤੇ ਛੋਟੀ ਉਮਰ ਦੇ ਖਿਡਾਰੀਆਂ ਦੀ ਪ੍ਰਤਿਭਾ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਅੱਗੇ ਵੱਧਣ ਦੇ ਮੌਕੇ ਮੁਹੱਈਆ ਕਰਵਾਉਣ ਲਈ ਟਰਾਇਲ ਪ੍ਰਣਾਲੀ ਨੂੰ ਹੋਰ ਦਰੁੱਸਤ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਖੇਤਰ ਵਿੱਚ ਜਿਹੜੀ ਖੇਡ ਜ਼ਿਆਦਾ ਖੇਡੀ ਜਾਂਦੀ ਜਾਂ ਮਕਬੂਲ ਹੈ, ਉਸੇ ਖੇਡ ਦੇ ਟਰਾਇਲਾਂ ਲਈ ਉਨ੍ਹਾਂ ਥਾਵਾਂ ਨੂੰ ਤਰਜੀਹ ਦਿੱਤੀ ਗਈ ਹੈ ਤਾਂ ਜੋ ਵੱਧ ਤੋਂ ਵੱਧ ਖਿਡਾਰੀ ਟਰਾਇਲਾਂ ਦਾ ਹਿੱਸਾ ਬਣ ਸਕਣ। ਉਨ੍ਹਾਂ ਕਿਹਾ ਕਿ ਸਹੀ ਪ੍ਰਤਿਭਾ ਦੀ ਸ਼ਨਾਖਤ ਲਈ ਖੇਡ ਅਨੁਸਾਰ ਟਰਾਇਲ 15 ਫਰਵਰੀ ਤੋਂ 19 ਮਾਰਚ ਤੱਕ ਚੱਲਣਗੇ ਤਾਂ ਜੋ ਖੇਡ ਵਿਭਾਗ ਦੇ ਅਧਿਕਾਰੀ ਨਿੱਜੀ ਤੌਰ ਉਤੇ ਆਪਣੇ ਨਿਰੀਖਣ ਹੇਠ ਸਮੁੱਚੀ ਪ੍ਰਣਾਲੀ ਨੂੰ ਸੁਚੱਜੇ ਰੂਪ ਵਿੱਚ ਨੇਪਰੇ ਚਾੜ੍ਹ ਸਕਣ।
ਖੇਡ ਵਿਭਾਗ ਵੱਲੋਂ ਟਰਾਇਲਾਂ ਦੇ ਵਿਸਥਾਰ ਪੂਰਵਕ ਵਿਭਾਗ ਦੀ ਵੈਬਸਾਈਟ
www.pbsports.punjab.gov.in ਉਪਰ ਅਪਲੋਡ ਕੀਤੇ ਗਏ ਹਨ ਜਿੱਥੇ ਟਰਾਇਲ ਦੇਣ ਦੇ ਇਛੁੱਕ ਖਿਡਾਰੀ ਟਰਾਇਲ ਵਾਲੀ ਮਿਤੀ ਤੇ ਸਥਾਨ ਦੇਖ ਸਕਦੇ ਹਨ। ਟਰਾਇਲਾਂ ਵਾਲੇ ਦਿਨ ਖਿਡਾਰੀਆਂ ਨੂੰ ਸਵੇਰੇ 8.30 ਵਜੇ ਰਿਪੋਰਟ ਕਰਨੀ ਹੋਵੇਗੀ। ਟਰਾਇਲ ਦੇਣ ਵਾਲਾ ਖਿਡਾਰੀ ਪੰਜਾਬ ਸੂਬੇ ਦਾ ਵਸਨੀਕ ਹੋਵੇ ਅਤੇ ਉਹ ਆਪਣੇ ਨਾਲ ਰਿਹਾਇਸ਼ ਦੇ ਸਬੂਤ ਵਜੋਂ ਆਧਾਰ ਕਾਰਡ/ਵੋਟਰ ਕਾਰਡ, ਜਨਮ ਸਰਟੀਫਿਕੇਟ ਅਤੇ ਦੋ ਪਾਸਪੋਰਟ ਸਾਈਜ਼ ਦੀਆਂ ਫੋਟੋਆਂ ਲੈ ਕੇ ਆਵੇ। ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਟੀ.ਏ./ਡੀ.ਏ. ਨਹੀਂ ਦਿੱਤਾ ਜਾਵੇਗਾ।