ਰੂਪਨਗਰ : ਜ਼ਿਲ੍ਹਾ ਜੱਜ-ਸਹਿਤ-ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ, ਮੋਹਾਲੀ ਸ੍ਰੀ ਮਨਜਿੰਦਰ ਸਿੰਘ ਵੱਲੋਂ ਜ਼ਿਲ੍ਹਾ ਜੇਲ੍ਹ ਰੂਪਨਗਰ ਦਾ ਅੱਜ ਅਚਨਚੇਤ ਦੌਰਾ ਕੀਤਾ ਗਿਆ। ਇਸ ਮੌਕੇ ਮੈਂਬਰ ਸਕੱਤਰ ਪਲਸਾ ਨੇ ਬੈਰਕਾਂ ਦਾ ਨਿਰੀਖਣ ਕੀਤਾ ਅਤੇ ਮਰਦ ਤੇ ਔਰਤ ਵਾਰਡਾਂ ਦੇ ਕੈਦੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਜੇਲ੍ਹ ਹਸਪਤਾਲ, ਲੰਗਰ ਹਾਲ ਅਤੇ ਲੀਗਲ ਏਡ ਕਲੀਨਿਕ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਨੇ ਨੌਜਵਾਨਾਂ ਨੂੰ ਬਹਾਲ ਕਰਨ ਦੀ ਚੱਲ ਰਹੀ ਨਾਲਸਾ ਪੈਨ ਇੰਡੀਆ ਰਿਸਟੋਰਿੰਗ ਦ ਯੂਥ ਮੁਹਿੰਮ ਦਾ ਵਿਸ਼ੇਸ਼ ਜਾਇਜ਼ਾ ਲਿਆ।ਮੈਂਬਰ ਸਕੱਤਰ ਪਲਸਾ ਦੀ ਯੋਗ ਨਿਗਰਾਨੀ ਹੇਠ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਵਿੱਚ ਇਹ ਮੁਹਿੰਮ 25 ਜਨਵਰੀ 2024 ਤੋਂ ਚਲਾਈ ਗਈ ਹੈ। ਜਿਲ੍ਹਾ ਅਤੇ ਸੈਸ਼ਨ ਜੱਜ-ਸਹਿਤ-ਚੇਅਰਪਰਸਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਸ੍ਰੀਮਤੀ ਰਮੇਸ਼ ਕੁਮਾਰੀ ਦੀ ਯੋਗ ਅਗਵਾਈ ਹੇਠ ਇਹ ਮੁਹਿੰਮ ਰੂਪਨਗਰ ਵਿਖੇ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਇਸ ਮੁਹਿੰਮ ਦਾ ਉਦੇਸ਼ ਬਾਲਗ ਜੇਲ੍ਹਾਂ ਵਿੱਚ ਬੰਦ ਸੰਭਾਵੀ ਨਾਬਾਲਗਾਂ ਦੀ ਪਛਾਣ ਕਰਨਾ ਹੈ ਅਤੇ ਜੇਕਰ ਉਹ ਅਪਰਾਧ ਕਰਨ ਦੀ ਮਿਤੀ 'ਤੇ ਨਾਬਾਲਗ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਆਬਜ਼ਰਵੇਸ਼ਨ ਹੋਮਜ਼ ਵਿੱਚ ਸ਼ਿਫਟ ਕਰਨਾ ਹੈ। ਮੈਂਬਰ ਸਕੱਤਰ ਪਲਸਾ ਨੇ ਜੇਲ੍ਹ ਦੇ ਕੈਦੀਆਂ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਨੂੰ ਬਾਲ ਹਿਤੈਸ਼ੀ ਕਾਨੂੰਨਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਸੰਭਾਵੀ ਨਾਬਾਲਗਾਂ ਅਤੇ ਕੈਦੀਆਂ ਨੂੰ ਵੀ ਸੰਬੋਧਨ ਕੀਤਾ। ਉਨ੍ਹਾਂ ਨੇ ਜੇਲ੍ਹ ਵਿਸਟਿੰਗ ਵਕੀਲਾਂ ਨੂੰ ਨਿਰਦੇਸ਼ਤ ਕੀਤਾ ਕਿ ਜੇ ਕੋਈ ਵਿਅਕਤੀ ਨਾਬਾਲਗ ਹੋਣ ਦਾ ਦਾਅਵਾ ਕਰਦਾ ਹੈ ਤਾਂ ਉਨ੍ਹਾਂ ਦੀਆਂ ਅਰਜ਼ੀਆਂ ਦਾਇਰ ਕੀਤੀਆਂ ਜਾਣ।
ਇਸ ਮੌਕੇ ਮਾਣਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਨੇ 28 ਕੈਦੀਆਂ ਨੂੰ ਐਨਕਾਂ ਵੰਡੀਆਂ। ਪਿਛਲੇ ਮਹੀਨੇ ਦੌਰਾਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਨੇ ਕੈਦੀਆਂ ਲਈ ਜ਼ਿਲ੍ਹਾ ਜੇਲ੍ਹ ਰੂਪਨਗਰ ਵਿਖੇ ਵਿਸ਼ੇਸ਼ ਅੱਖਾਂ ਦਾ ਕੈਂਪ ਲਗਾਇਆ ਸੀ। ਜਿਨ੍ਹਾਂ ਕੈਦੀਆਂ ਨੂੰ ਅੱਖਾਂ ਦੀ ਨਿਗ੍ਹਾ ਘੱਟ ਹੋਣ ਕਾਰਨ ਐਨਕਾਂ ਦੀ ਜ਼ਰੂਰਤ ਸੀ, ਉਨ੍ਹਾਂ ਦੀ ਇੱਕ ਸੂਚੀ ਤਿਆਰ ਕੀਤੀ ਗਈ ਅਤੇ ਏ.ਸੀ.ਸੀ.ਪੀ ਕੌਪਸ ਐਨ.ਜੀ.ਓ ਦੇ ਸਹਿਯੋਗ ਨਾਲ ਨਿਗ੍ਹਾ ਦੀਆਂ ਐਨਕਾਂ ਬਣਵਾਈਆਂ ਗਈਆਂ ਅਤੇ ਅੱਜ ਵੰਡੀਆਂ ਗਈਆਂ। ਜਨਾਨਾ ਵਾਰਡ ਦੇ ਹੋਰ ਕੈਦੀਆਂ ਨੂੰ ਕਿਤਾਬਾਂ ਵੰਡੀਆਂ ਗਈਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਮਨਜਿੰਦਰ ਸਿੰਘ, ਮੈਂਬਰ ਸਕੱਤਰ, ਪਲਸਾ ਨੇ ਦੱਸਿਆ ਕਿ ਉਨ੍ਹਾਂ ਨੇ ਸ੍ਰੀ ਗੁਰਮੀਤ ਸਿੰਘ ਸੰਧਾਵਾਲੀਆ, ਮਾਨਯੋਗ ਚੀਫ਼ ਜਸਟਿਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਕਾਰਜਕਾਰੀ ਚੇਅਰਮੈਨ, ਪਲਸਾ ਦੇ ਯੋਗ ਨਿਰਦੇਸ਼ਾਂ ਦੇ ਮੱਦੇਨਜ਼ਰ ਜ਼ਿਲ੍ਹਾ ਜੇਲ੍ਹ ਰੂਪਨਗਰ ਦਾ ਦੌਰਾ ਕੀਤਾ ਹੈ। ਉਨ੍ਹਾਂ ਦਾ ਉਦੇਸ਼ ਪੈਨ ਇੰਡੀਆ ਮੁਹਿੰਮ ਦੀ ਸਮੀਖਿਆ ਕਰਨਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ 18 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਵਿਅਕਤੀ, ਬਾਲਗ ਜੇਲ੍ਹ ਵਿੱਚ ਬੰਦ ਨਾ ਰਹੇ। ਜੇਕਰ ਕੋਈ ਵਿਅਕਤੀ 18 ਸਾਲ ਤੋਂ ਘੱਟ ਉਮਰ ਦਾ ਪਾਇਆ ਜਾਂਦਾ ਹੈ, ਤਾਂ ਉਸਦੀ ਅਰਜ਼ੀ ਜੁਵੇਨਾਈਲ ਜਸਟਿਸ ਬੋਰਡ ਜਾਂ ਸਬੰਧਤ ਅਦਾਲਤਾਂ ਅੱਗੇ ਦਾਇਰ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੀ ਸੂਰਤ ਵਿੱਚ ਕਾਨੂੰਨੀ ਸੇਵਾਵਾਂ ਅਥਾਰਟੀ ਨਾਲ ਟੋਲ ਫਰੀ ਨੰਬਰ 15100 'ਤੇ ਕਿਸੇ ਵੀ ਸਮੇਂ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਸ੍ਰੀਮਤੀ ਹਿਮਾਂਸ਼ੀ ਗਲਹੋਤਰਾ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ, ਸ੍ਰੀ ਅਨਮੋਲਜੀਤ ਸਿੰਘ, ਡਿਪਟੀ ਜੇਲ੍ਹ ਸੁਪਰਡੈਂਟ, ਸ੍ਰੀ ਰਾਜਬੀਰ ਸਿੰਘ ਰਾਏ, ਚੀਫ ਐਲ.ਏ.ਡੀ.ਸੀ ਅਤੇ ਸ੍ਰੀ ਅਸ਼ੀਸ਼ ਕੁਮਾਰ, ਸਹਾਇਕ ਐਲ.ਏ.ਡੀ.ਸੀ, ਰੂਪਨਗਰ ਹਾਜ਼ਰ ਸਨ।