ਚੰਡੀਗੜ੍ਹ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀ 3 ਮਾਰਚ ਨੂੰ ਹੋ ਰਹੀ ਚੋਣ ਲਈ ਲਖਵਿੰਦਰ ਸਿੰਘ ਜੌਹਲ (ਡਾ.) ਦੀ ਅਗਵਾਈ ਵਾਲੀ ਟੀਮ ਵਲੋਂ ਅੱਜ ਮਨੋਰਥ ਪੱਤਰ ਜਾਰੀ ਕਰ ਦਿੱਤਾ ਗਿਆ। ਮਨੋਰਥ ਪੱਤਰ ਅੱਜ ਇਸ ਵਾਰ ਜਨਰਲ ਸਕੱਤਰੀ ਦੇ ਉਮੀਦਵਾਰ ਡਾ. ਗੁਰਇਕਬਾਲ ਸਿੰਘ ਨੇ ਜਾਰੀ ਕੀਤਾ। ਚੋਣ ਮਨੋਰਥ ਪੱਤਰ ਤਿਆਰੀ ਕਮੇਟੀ ਵਿੱਚ ਡਾ. ਲਖਵਿੰਦਰ ਸਿੰਘ ਜੌਹਲ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨਗੀ ਦੇ ਉਮੀਦਵਾਰ ਡਾਃ ਸ਼ਿੰਦਰਪਾਲ ਸਿੰਘ ਸਾਬਕਾ ਰਜਿਸਟਰਾਰ ਗੁਰੂ ਗਰੰਥ ਸਾਹਿਬ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ, ਜਨਰਲ ਸਕੱਤਰ ਦੇ ਉਮੀਦਵਾਰ ਡਾਃ ਗੁਰਇਕਬਾਲ ਸਿੰਘ ਮੀਤ ਪ੍ਰਧਾਨਗੀ ਲਈ ਉਮੀਦਵਾਰ ਡਾਃ ਭਗਵੰਤ ਸਿੰਘ ਸੰਪਾਦਕ ਜਾਗੋ, ਡਾਃ ਗੁਰਚਰਨ ਕੌਰ ਕੋਚਰ, ਤ੍ਰੈਲੋਚਨ ਲੋਚੀ, ਮਦਨ ਵੀਰਾ ਤੇ ਡਾਃ ਇਕਬਾਲ ਸਿੰਘ ਗੋਦਾਰਾ ਸ਼ਾਮਿਲ ਸਨ। ਡਾਃ ਗੁਰਇਕਬਾਲ ਸਿੰਘ ਨੇ ਦੱਸਿਆ ਕਿ 3 ਮਾਰਚ, 2024 ਨੂੰ ਸਾਲ 2024-26 ਲਈ ਹੋ ਰਹੀ ਚੋਣ ਲਈ ਇਸ ਮਨੋਰਥ ਪੱਤਰ ਵਿੱਚ ਪੰਜਾਬੀ ਸਾਹਿੱਤ ਅਕਾਡਮੀ ਦਾ ਸੰਵਿਧਾਨ ਸੋਧਣ ਲਈ ਵਿਸ਼ੇਸ਼ ਸੁਝਾਅ ਕਮੇਟੀ ਦੀ ਸਥਾਪਨਾ ਕੀਤੀ ਜਾਵੇਗੀ। ਵਿਦੇਸ਼ਾਂ ਵਿਚ ਰਹਿੰਦੇ ਸਰਪ੍ਰਸਤਾਂ ਤੇ ਮੈਂਬਰਜ਼ ਨੂੰ ਅਕਾਡਮੀ ਦੇ ਪ੍ਰਬੰਧ ਵਿਚ ਸੁਚਾਰੂ ਹਿੱਸਾ ਲੈਣ ਲਈ ਭਵਿੱਖ ਮੁਖੀ ਨੇਮ ਬਣਾਏ ਜਾਣਗੇ। ਬਲਰਾਜ ਸਾਹਨੀ ਓਪਨ ਏਅਰ ਥੀਏਟਰ ਦੀ ਮੁਰੰਮਤ ਲਈ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਤੋਂ ਇਲਾਵਾ ਨਿੱਜੀ ਦਾਨਵੀਰਾਂ ਦੀ ਮਦਦ ਨਾਲ, ਇਹ ਕਾਰਜ ਸੰਪੂਰਨ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਵੱਖ ਵੱਖ ਨਾਟਕ ਟੋਲੀਆਂ ਨੂੰ ਇਥੇ ਪੇਸ਼ਕਾਰੀ ਕਰਨ ਲਈ ਸੰਪਰਕ ਕੀਤਾ ਜਾਵੇਗਾ ਤਾਂ ਜੋ ਪੇਸ਼ਾਵਰ ਰੰਗ ਮੰਚ ਨੂੰ ਵਿਕਸਤ ਕਰਨ ਦਾ ਮਾਹੌਲ ਬਣ ਸਕੇ। ਪੰਜਾਬੀ ਭਵਨ ਦੀ ਇਮਾਰਤ ਦੀ ਦਿੱਖ ਨੂੰ ਰੰਗ-ਰੋਗਨ ਕਰਾ ਕੇ ਨਵਿਆਇਆ ਜਾਵੇਗਾ। ਪੰਜਾਬੀ ਭਵਨ ਰੈਫਰੈਂਸ ਲਾਇਬ੍ਰੇਰੀ ਦੀਆਂ ਕਿਤਾਬਾਂ ਨੂੰ ਵੈੱਬਸਾਈਟ ਉੱਤੇ ਪਾਉਣ ਦੇ ਯਤਨ ਆਰੰਭੇ ਜਾਣਗੇ ਅਤੇ ਗੂਗਲ ਵਲੋਂ ਡਿਜੀਟਲ ਡਾਟਾ ਦਾ ਬਹਾਨਾ ਬਣਾ ਕੇ ਪੰਜਾਬੀ ਭਾਸ਼ਾ ਨਾਲ ਕੀਤੇ ਜਾ ਰਹੇ ਵਿਤਕਰੇ ਨੂੰ ਦੂਰ ਕਰਨ ਲਈ ਵੱਖ-ਵੱਖ ਸੰਸਥਾਵਾਂ ਅਤੇ ਸਰਕਾਰੀ ਅਦਾਰਿਆਂ ਨਾਲ ਮਿਲ ਕੇ ਯੂਨੀਕੋਡ ਫੌਂਟ ਵਿਚ ਡਾਟਾ ਉਪਲੱਬਧ ਕਰਵਾਉਣ ਲਈ ਯਤਨ ਕੀਤੇ ਜਾਣਗੇ। ਡਾ. ਗੁਰਇਕਬਾਲ ਸਿੰਘ ਨੇ ਦੱਸਿਆ ਕਿ ਅਕਾਡਮੀ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਕਈ ਸਾਲ ਪਹਿਲਾਂ ਮਿਲੀ ਪ੍ਰਵਾਨਗੀ ਦੇ ਆਧਾਰ 'ਤੇ ਪੀ ਐੱਚ ਡੀ ਪ੍ਰਾਪਤ ਮੈਂਬਰਜ਼ ਦੀ ਮਦਦ ਨਾਲ ਖੋਜ ਕੇਂਦਰ ਵਿਕਸਿਤ ਕੀਤਾ ਜਾਵੇਗਾ। ਲੋੜੀਂਦੀਆਂ ਸ਼ਰਤਾਂ ਦੀ ਪੂਰਤੀ ਲਈ ਕਿਸੇ ਵੀ ਸਥਾਨਕ ਪੋਸਟਗਰੈਜੂਏਟ ਕਾਲਿਜ ਨਾਲ ਸਹਿਮਤੀ ਸਮਝੌਤਾ ਲਿਖਤੀ ਰੂਪ ਵਿੱਚ ਕੀਤਾ ਜਾਵੇਗਾ। ਪੰਜਾਬੀ ਲੇਖਕਾਂ ਦੀਆਂ ਕਿਤਾਬਾਂ ਉੱਤੇ ਗੋਸ਼ਟੀਆਂ ਕਰਾਉਣ ਅਤੇ ਪੰਜਾਬ ਦੇ ਵੱਖ-ਵੱਖ ਪਿੰਡਾਂ/ਸ਼ਹਿਰਾਂ ਵਿਚ ਕੇਂਦਰੀ ਪੰਜਾਬੀ ਲੇਖਕ ਸਭਾਵਾਂ ਜਾਂ ਹੋਰ ਸੰਸਥਾਵਾਂ ਦੀ ਮੰਗ 'ਤੇ ਅਕਾਡਮੀ ਵੱਲੋਂ ਇੱਕ ਵਿਦਵਾਨ ਭੇਜਣ ਦੀ ਵਿਵਸਥਾ ਕੀਤੀ ਜਾਵੇਗੀ। ਇਹ ਮਨੋਰਥ ਪੱਤਰ ਵੱਖ ਵੱਖ ਸੰਸਥਾਵਾਂ, ਉੱਘੇ ਲੇਖਕਾਂ ਤੇ ਪੰਜਾਬੀ ਲੇਖਕ ਸਭਾਵਾਂ ਤੋਂ ਲਏ ਮਸ਼ਵਰਿਆਂ ਉਪਰੰਤ ਪਰਵਾਨ ਕਰ ਕੇ ਜਾਰੀ ਕੀਤਾ ਗਿਆ ਹੈ।