ਚੰਡੀਗੜ੍ਹ : ਲੋਕਤੰਤਰ ਦੀ ਇਸ ਤੋਂ ਵੱਡੀ ਖ਼ੂਬਸੂਰਤੀ ਕੀ ਹੋ ਸਕਦੀ ਹੈ ਕਿ ਇੱਕ ਆਮ ਸਫ਼ਾਈ ਕਰਮਚਾਰੀ ਉਸੇ ਸ਼ਹਿਰ ਦਾ ਪਹਿਲਾ ਨਾਗਰਿਕ ਭਾਵ ਮੇਅਰ ਬਣਿਆ। ਸ਼ਹਿਰ ਦੇ ਨਵੇਂ ਮੇਅਰ ਕੁਲਦੀਪ ਕੁਮਾਰ ਨੇ ਸਾਲ 2018 ਵਿੱਚ ਚੰਡੀਗੜ੍ਹ ਨਗਰ ਨਿਗਮ ਵਿੱਚ ਸਫਾਈ ਕਰਮਚਾਰੀ ਵਜੋਂ ਕੰਮ ਕੀਤਾ। ਹੁਣ ਉਹ ਨਗਰ ਨਿਗਮ ਦੀ ਇਮਾਰਤ ਵਿੱਚ ਹੀ ਮੇਅਰ ਦਾ ਅਹੁਦਾ ਸੰਭਾਲਣਗੇ। ਮੇਅਰ ਕੁਲਦੀਪ ਕੁਮਾਰ ਲਈ ਮੰਗਲਵਾਰ ਦੋਹਰੀ ਖੁਸ਼ੀ ਦਾ ਦਿਨ ਰਿਹਾ। ਇਸ ਦਿਨ ਜਦੋਂ ਉਹ ਦੇਸ਼ ਦੀ ਚੋਟੀ ਦੀ ਅਦਾਲਤ ਦੇ ਹੁਕਮਾਂ ‘ਤੇ ਸ਼ਹਿਰ ਦੇ ਮੇਅਰ ਬਣੇ, ਉਸੇ ਦਿਨ ਉਨ੍ਹਾਂ ਦੇ ਵਿਆਹ ਦੀ 17ਵੀਂ ਵਰ੍ਹੇਗੰਢ ਸੀ। ਉਨ੍ਹਾਂ ਕਿਹਾ ਕਿ ਉਹ ਬਹੁਤ ਖੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਵਿਆਹ ਦੀ ਵਰ੍ਹੇਗੰਢ ਵਾਲੇ ਦਿਨ ਮੇਅਰ ਦੀ ਕੁਰਸੀ ਮਿਲੀ।
ਅਨੁਸੂਚਿਤ ਜਾਤੀ ਨਾਲ ਸਬੰਧਤ ਕੁਲਦੀਪ ਕੁਮਾਰ ਨੂੰ ਜਦੋਂ 30 ਜਨਵਰੀ ਨੂੰ ਹੋਈ ਮੇਅਰ ਦੀ ਚੋਣ ਵਿੱਚ ਹਾਰ ਦਾ ਐਲਾਨ ਕੀਤਾ ਗਿਆ ਤਾਂ ਉਹ ਰੋ ਪਏ, ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ। 21 ਦਿਨ ਅਦਾਲਤ ਵਿੱਚ ਲੜੇ। ਉਹ ਹਾਈਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਗਏ ਅਤੇ ਅਖੀਰ ਜਿੱਤ ਕੇ ਮੁੜ ਮੇਅਰ ਦੀ ਕੁਰਸੀ ‘ਤੇ ਬੈਠ ਗਿਆ। ਕੁਲਦੀਪ ਦੇ ਮੇਅਰ ਬਣਨ ‘ਤੇ ਉਨ੍ਹਾਂ ਦੀ ਪਤਨੀ ਮਮਤਾ ਬਹੁਤ ਖੁਸ਼ ਹੈ।