ਚੰਡੀਗੜ੍ਹ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਇਤਿਹਾਸਕ ਤੌਰ 'ਤੇ ਅਹਿਮ ਸੂਬੇ ਪੰਜਾਬ ਤੋਂ ਭਾਰਤ ਦੀਆਂ ਰੱਖਿਆ ਸੈਨਾਵਾਂ ਵਿੱਚ ਯੋਗਦਾਨ ਦੇ ਘਟ ਰਹੇ ਰੁਝਾਨ ਨੂੰ ਠੱਲ੍ਹ ਪਾਉਣ ਦੇ ਮਨਸ਼ੇ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਕਰਨ ਹਿੱਤ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਸੂਬੇ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਦੇ ਅਥਾਹ ਮੌਕੇ ਪ੍ਰਦਾਨ ਕਰਨ ਤੋਂ ਇਲਾਵਾ ਮਾਨ ਸਰਕਾਰ ਰੱਖਿਆ ਬਲਾਂ ਦੀਆਂ ਸੰਸਥਾਵਾਂ ਵਿੱਚ ਭਰਤੀ ਤੋਂ ਪਹਿਲਾਂ ਦੀ ਪੜ੍ਹਾਈ ਲਈ ਜ਼ਰੂਰੀ ਜਾਣਕਾਰੀ ਵੀ ਪ੍ਰਦਾਨ ਕਰ ਰਹੀ ਹੈ ਤਾਂ ਜੋ ਸੂਬੇ ਦੇ ਨੌਜਵਾਨਾਂ ਦੀ ਰੱਖਿਆ ਸੇਵਾਵਾਂ ਵਿੱਚ ਵੱਖ-ਵੱਖ ਅਹੁਦਿਆਂ 'ਤੇ ਭਰਤੀ ਯਕੀਨੀ ਬਣਾਈ ਜਾ ਸਕੇ। ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਦੱਸਿਆ ਕਿ ਰਾਸ਼ਟਰੀ ਭਾਰਤੀ ਮਿਲਟਰੀ ਕਾਲਜ ਦੇਹਰਾਦੂਨ, ਉੱਤਰਾਖੰਡ ਵੱਲੋਂ ਜਨਵਰੀ 2025 ਟਰਮ ਵਾਸਤੇ ਦਾਖ਼ਲੇ ਲਈ ਲਿਖਤੀ ਪ੍ਰੀਖਿਆ 1 ਜੂਨ 2024 (ਸ਼ਨੀਵਾਰ) ਨੂੰ ਚੰਡੀਗੜ੍ਹ ਦੇ ਸੈਕਟਰ-15 ਸਥਿਤ ਲਾਲਾ ਲਾਜਪਤ ਰਾਏ ਭਵਨ ਵਿੱਚ ਕਰਵਾਈ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਲੜਕੇ ਅਤੇ ਲੜਕੀਆਂ ਦੋਵੇਂ ਹੀ ਆਰ.ਆਈ.ਐਮ.ਸੀ, ਦੇਹਰਾਦੂਨ ਵਿੱਚ ਦਾਖ਼ਲੇ ਲਈ ਅਪਲਾਈ ਕਰਨ ਦੇ ਯੋਗ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕੈਡਿਟਾਂ ਨੂੰ ਪ੍ਰਤੀ ਕੈਡਿਟ ਪ੍ਰਤੀ ਸਾਲ 48,000 ਰੁਪਏ ਵਜ਼ੀਫ਼ਾ ਰਾਸ਼ੀ ਵਜੋਂ ਦਿੱਤੇ ਜਾਂਦੇ ਹਨ। ਸ. ਜੌੜਾਮਾਜਰਾ ਦੱਸਿਆ ਕਿ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਦਾ ਜਨਮ 2 ਜਨਵਰੀ, 2012 ਤੋਂ 1 ਜੁਲਾਈ, 2013 ਵਿਚਕਾਰ ਹੋਇਆ ਹੋਵੇ। ਉਮੀਦਵਾਰ ਕਿਸੇ ਵੀ ਮਾਨਤਾ ਪ੍ਰਾਪਤ ਸਕੂਲ ਵਿੱਚ ਸੱਤਵੀਂ ਜਮਾਤ ਵਿੱਚ ਪੜ੍ਹਦਾ ਹੋਵੇ ਜਾਂ ਸੱਤਵੀਂ ਪਾਸ ਕਰ ਚੁੱਕਾ ਹੋਵੇ। ਚੁਣੇ ਗਏ ਉਮੀਦਵਾਰ ਨੂੰ ਅੱਠਵੀਂ ਜਮਾਤ ਵਿੱਚ ਦਾਖ਼ਲਾ ਦਿੱਤਾ ਜਾਵੇਗਾ। ਲਿਖਤੀ ਇਮਤਿਹਾਨ ਵਿੱਚ ਅੰਗਰੇਜ਼ੀ, ਗਣਿਤ ਅਤੇ ਸਧਾਰਣ ਗਿਆਨ ਦੇ ਤਿੰਨ ਪੇਪਰ ਸ਼ਾਮਲ ਹੋਣਗੇ। ਲਿਖਤੀ ਪ੍ਰੀਖਿਆ ਵਿੱਚ ਪਾਸ ਹੋਣ 'ਤੇ ਜ਼ੁਬਾਨੀ ਪ੍ਰੀਖਿਆ/ਇੰਟਰਵਿਊ ਲਈ ਜਾਵੇਗੀ ਜਿਸ ਸਬੰਧੀ ਬਾਅਦ ਵਿੱਚ ਸੂਚਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਾਸਪੈਕਟਸ-ਕਮ-ਅਰਜ਼ੀ ਫ਼ਾਰਮ ਅਤੇ ਪੁਰਾਣੇ ਪ੍ਰਸ਼ਨ ਪੱਤਰਾਂ ਦਾ ਕਿਤਾਬਚਾ ਆਰ.ਆਈ.ਐਮ.ਸੀ. ਦੇਹਰਾਦੂਨ ਦੀ ਵੈੱਬਸਾਈਟ
www.rimc.gov.in ’ਤੇ ਜਨਰਲ ਉਮੀਦਵਾਰਾਂ ਲਈ 600 ਰੁਪਏ ਅਤੇ ਅਨੁਸੂਚਿਤ ਜਾਤੀ/ਜਨਜਾਤੀ ਉਮੀਦਵਾਰਾਂ ਲਈ 555 ਰੁਪਏ ਦੀ ਆਨਲਾਈਨ ਅਦਾਇਗੀ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਹੈ। ਭੁਗਤਾਨ ਪ੍ਰਾਪਤ ਹੋਣ ’ਤੇ ਪ੍ਰਾਸਪੈਕਟਸ-ਕਮ-ਅਰਜ਼ੀ ਫ਼ਾਰਮ ਅਤੇ ਪੁਰਾਣੇ ਪ੍ਰਸ਼ਨ ਪੱਤਰਾਂ ਦਾ ਕਿਤਾਬਚਾ ਸਪੀਡ ਪੋਸਟ ਰਾਹੀਂ ਹੀ ਭੇਜਿਆ ਜਾਵੇਗਾ। ਇਸ ਤੋਂ ਇਲਾਵਾ ਜਨਰਲ ਵਰਗ ਦੇ ਉਮੀਦਵਾਰ 600 ਰੁਪਏ ਅਤੇ ਅਨੁਸੂਚਿਤ ਜਾਤੀ/ਜਨਜਾਤੀ ਦੇ ਉਮੀਦਵਾਰ 555 ਰੁਪਏ ਦਾ ਬੈਂਕ ਡਰਾਫ਼ਟ "ਕਮਾਂਡੈਂਟ ਆਰ.ਆਈ.ਐਮ.ਸੀ. ਫੰਡ, ਡਰਾਵੀ ਸ਼ਾਖਾ, ਐਚ.ਡੀ.ਐਫ.ਸੀ. ਬੈਂਕ, ਬੱਲੂਪਰ ਚੌਕ, ਦੇਹਰਾਦੂਨ (ਬੈਂਕ ਕੋਡ-1399), ਉਤਰਾਖੰਡ" ਦੇ ਨਾਂ ਭੇਜ ਕੇ ਕਮਾਂਡੈਂਟ ਆਰ.ਆਈ.ਐਮ.ਸੀ, ਦੇਹਰਾਦੂਨ ਪਾਸੋਂ ਪ੍ਰਾਸਪੈਕਟਸ-ਕਮ-ਐਪਲੀਕੇਸ਼ਨ ਫ਼ਾਰਮ ਅਤੇ ਪੁਰਾਣੇ ਪ੍ਰਸ਼ਨ ਪੇਪਰਾਂ ਦਾ ਕਿਤਾਬਚਾ ਮੰਗਵਾ ਸਕਦੇ ਹਨ। ਆਪਣੇ ਪਤੇ ਸਮੇਤ ਪਿੰਨ ਕੋਡ ਅਤੇ ਸੰਪਰਕ ਨੰਬਰ ਸਾਫ਼-ਸਾਫ਼ ਵੱਡੇ ਅੱਖਰਾਂ ਵਿੱਚ ਟਾਈਪ ਕੀਤਾ ਹੋਵੇ ਜਾਂ ਲਿਖਿਆ ਹੋਵੇ।
ਇਸੇ ਦੌਰਾਨ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਡਾਇਰੈਕਟਰ ਬ੍ਰਿਗੇਡੀਅਰ ਬੀ.ਐਸ. ਢਿੱਲੋਂ ਨੇ ਦੱਸਿਆ ਕਿ ਅਰਜ਼ੀ ਦੋ ਪਰਤਾਂ ਵਿਚ ਹੋਵੇ ਜਿਸ ਨਾਲ ਬੱਚੇ ਦਾ ਜਨਮ ਸਰਟੀਫ਼ਿਕੇਟ, ਰਾਜ ਦਾ ਰਿਹਾਇਸ਼ੀ ਸਰਟੀਫ਼ਿਕੇਟ, ਅਨਸੂਚਿਤ ਜਾਤੀ/ਜਨਜਾਤੀਆਂ ਦੇ ਉਮੀਦਵਾਰਾਂ ਵੱਲੋਂ ਜਾਤੀ ਸਰਟੀਫ਼ਿਕੇਟ, ਤਿੰਨ ਪਾਸ ਪੋਰਟ ਸਾਈਜ਼ ਫ਼ੋਟੋਆਂ, ਜਿਸ ਸੰਸਥਾ ਵਿੱਚ ਬੱਚਾ ਪੜ੍ਹਦਾ ਹੋਵੇ ਉਸ ਦੇ ਪ੍ਰਿੰਸੀਪਲ ਵੱਲੋਂ ਜਾਰੀ ਤਸਦੀਕਸ਼ੁਦਾ ਸਰਟੀਫ਼ਿਕੇਟ ਜਿਸ ਵਿੱਚ ਬੱਚੇ ਦੀ ਜਨਮ ਮਿਤੀ ਤੇ ਕਲਾਸ ਲਿਖੀ ਹੋਵੇ ਅਤੇ ਆਧਾਰ ਕਾਰਡ ਦੀ ਕਾਪੀ ਨਾਲ ਨੱਥੀ ਹੋਣੇ ਜ਼ਰੂਰੀ ਹਨ। ਉਨ੍ਹਾਂ ਦੱਸਿਆ ਕਿ ਮੁਕੰਮਲ ਅਰਜ਼ੀਆਂ 15 ਅਪ੍ਰੈਲ, 2024 ਤੱਕ ਡਾਇਰੈਕਟੋਰੇਟ ਰੱਖਿਆ ਸੇਵਾਵਾਂ ਭਲਾਈ ਪੰਜਾਬ, ਪੰਜਾਬ ਸੈਨਿਕ ਭਵਨ, ਸੈਕਟਰ 21-ਡੀ, ਚੰਡੀਗੜ੍ਹ ਵਿਖੇ ਪਹੁੰਚਣੀਆਂ ਜ਼ਰੂਰੀ ਹਨ।