ਮੋਹਾਲੀ : ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਗਾਂਵਾਂ ਨੂੰ ਲੰਪੀ ਸਕਿੰਨ ਬਿਮਾਰੀ ਤੋਂ ਬਚਾਅ ਲਈ ਅੱਜ ਮੁਫਤ ਟੀਕਾਕਰਣ ਦੀ ਸ਼ੁਰੂਆਤ ਕੀਤੀ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਡਾ. ਸ਼ਿਵਕਾਂਤ ਗੁਪਤਾ ਨੇ ਦੱਸਿਆ ਕਿ ਪਸ਼ੂ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਦੀ ਅਗਵਾਈ ਅਧੀਨ ਤੇ ਵਧੀਕ ਮੁੱਖ ਸਕੱਤਰ ਵਿਕਾਸ ਪ੍ਰਤਾਪ ਦੇ ਆਦੇਸ਼ਾਂ ਅਨੁਸਾਰ ਪੰਜਾਬ ਭਰ ਵਿੱਚ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਗੁਰਸ਼ਰਨਜੀਤ ਸਿੰਘ ਬੇਦੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਗਈ
ਮੁਹਿੰਮ ਤਹਿਤ ਜ਼ਿਲ੍ਹੇ ਅੰਦਰ ਲਗਭਗ 40,000 ਗਾਂਵਾਂ ਨੂੰ ਲੰਪੀ ਸਕਿੰਨ ਬਿਮਾਰੀ ਤੋਂ ਬਚਾਅ ਲਈ ਮੁਫਤ ਟੀਕਾਕਰਣ ਕੀਤਾ ਜਾਵੇਗਾ। ਡਾ. ਸ਼ਿਵਕਾਂਤ ਗੁਪਤਾ ਨੇ ਦੱਸਿਆ ਕਿ ਇਸ ਕੰਮ ਲਈ ਜ਼ਿਲ੍ਹੇ ਅੰਦਰ 30 ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਘਰ-ਘਰ ਜਾ ਕੇ ਗਾਂਵਾਂ ਦਾ ਮੁਫਤ ਟੀਕਾਕਰਣ ਕਰਨਗੀਆਂ। ਇਸ ਤੋਂ ਇਲਾਵਾ ਜ਼ਿਲ੍ਹੇ ਅੰਦਰ ਮੌਜੂਦ ਸਾਰੀਆਂ ਗਊਸ਼ਾਲਾਵਾਂ ਵਿੱਚ ਵੀ ਇਹ ਟੀਕੇ ਲਗਾਏ ਜਾਣਗੇ। ਉਹਨਾਂ ਨੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਆਪਣੇ ਪਸ਼ੂਆਂ ਦੇ ਇਹ ਟੀਕੇ ਜ਼ਰੂਰ ਲਗਵਾਉਣ ਅਤੇ ਵਿਭਾਗ ਦੀਆਂ ਟੀਮਾਂ ਦਾ ਸਹਿਯੋਹ ਕਰਨ। ਕੋਈ ਵੀ ਦਿੱਕਤ ਆਉਣ ‘ਤੇ ਪਸ਼ੂ ਪਾਲਕ ਆਪਣੇ ਨੇੜੇ ਦੇ ਸਰਕਾਰੀ ਪਸ਼ੂ ਹਸਪਤਾਲ ਨਾਲ ਸੰਪਰਕ ਕਰ ਸਕਦੇ ਹਨ।