ਚੰਡੀਗੜ੍ਹ : ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਐਮ.ਆਰ.ਐਸ.ਏ.ਐਫ.ਪੀ.ਆਈ.), ਐਸ.ਏ.ਐਸ. ਨਗਰ (ਮੁਹਾਲੀ) ਦੇ 20 ਕੈਡਿਟਾਂ ਨੇ ਪਿਛਲੇ ਦੋ ਮਹੀਨਿਆਂ ਵਿੱਚ ਸਰਵਿਸਿਜ਼ ਸਿਲੈਕਸ਼ਨ ਬੋਰਡ (ਐਸ.ਐਸ.ਬੀ.) ਦਾ ਇੰਟਰਵਿਊ ਪਾਸ ਕੀਤਾ ਹੈ। ਇਹ ਕੈਡਿਟ ਹੁਣ ਭਾਰਤੀ ਹਥਿਆਰਬੰਦ ਬਲਾਂ ਵਿੱਚ ਕਮਿਸ਼ਨਡ ਅਫਸਰ ਬਣਨ ਲਈ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.) ਜਾਂ ਇਸ ਦੇ ਬਰਾਬਰ ਦੀਆਂ ਟਰੇਨਿੰਗ ਅਕੈਡਮੀਆਂ ਵਿੱਚ ਸਿਖਲਾਈ ਵਾਸਤੇ ਜੁਆਇਨਿੰਗ ਲੈਟਰ ਦੀ ਉਡੀਕ ਵਿੱਚ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਪੰਜਾਬ ਦੇ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਇੰਸਟੀਚਿਊਟ ਦੇ ਇਨ੍ਹਾਂ 20 ਕੈਡਿਟਾਂ ਵਿੱਚ ਮਾਧਵ ਸ਼ਰਮਾ, ਵਿਵਾਨ ਸੂਦਨ, ਅਨਮੋਲ ਬਾਂਕਾ, ਮਨਨ ਅਕਾਸ਼, ਮਨਕਰਨ ਸਿੰਘ ਢਿੱਲੋਂ, ਸਚਕਿਰਤ ਸਿੰਘ, ਕਰਨਵੀਰ ਸਿੰਘ ਗਿੱਲ, ਰਾਜਨਪ੍ਰੀਤ ਸਿੰਘ ਸੇਖੋਂ, ਹੁਸਨਪ੍ਰੀਤ ਸਿੰਘ, ਅਨਮੋਲ, ਆਰੀਅਨ ਕਾਲੀਆ, ਅੱਕੀਰੈੱਡੀ ਸਾਈ ਵੇਦਾਂਸ਼, ਨਵਜੋਤ ਸਿੰਘ ਗਿੱਲ, ਪ੍ਰਣਵ ਠਾਕੁਰ, ਸੂਰਯਾਂਸ਼ ਠਾਕੁਰ, ਸ਼ਿਵੋਮ ਘਈ, ਜੋਬਨਜੀਤ ਸਿੰਘ, ਪ੍ਰਤਿਊਸ਼ ਸਿੰਘ ਬੇਦੀ, ਗੁਨਜੋਤ ਸਿੰਘ ਅਤੇ ਗੁਰਸ਼ੇਰ ਸਿੰਘ ਚੀਮਾ ਸ਼ਾਮਲ ਹਨ। ਇਨ੍ਹਾਂ ਕੈਡਿਟਾਂ ਵਿੱਚੋਂ ਦੋ ਕੈਡਿਟਾਂ ਸੂਰਯਾਂਸ਼ ਠਾਕੁਰ ਤੇ ਅੱਕੀਰੈੱਡੀ ਸਾਈ ਵੇਦਾਂਸ਼ ਨੇ ਐਨ.ਡੀ.ਏ. ਅਤੇ ਟੈਕਨੀਕਲ ਐਂਟਰੀ ਸਕੀਮ (ਟੀ.ਈ.ਐਸ.) ਦੋਵਾਂ ਲਈ ਐਸ.ਐਸ.ਬੀ. ਕਲੀਅਰ ਕੀਤਾ ਹੈ। ਕੈਡਿਟਾਂ ਨੂੰ ਐਸ.ਐਸ.ਬੀ. ਕਲੀਅਰ ਕਰਨ ‘ਤੇ ਵਧਾਈ ਦਿੰਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰੱਖਿਆ ਸੇਵਾਵਾਂ ਵਿੱਚ ਜਾਣ ਦੇ ਇਛੁੱਕ ਸੂਬੇ ਦੇ ਨੌਜਵਾਨਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਯਤਨਸ਼ੀਲ ਹੈ। ਇਹ ਸੂਬੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਵੱਡੀ ਗਿਣਤੀ ਵਿੱਚ ਕੈਡਿਟ ਐਨ.ਡੀ.ਏ. ਲਈ ਕਲੀਅਰ ਕਰ ਰਹੇ ਹਨ। ਮਹਾਰਾਜਾ ਰਣਜੀਤ ਸਿੰਘ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ. ਚੌਹਾਨ, ਵੀ.ਐਸ.ਐਮ., ਨੇ ਕੈਡਿਟਾਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ 57 ਫੀਸਦੀ ਦੀ ਸਫਲਤਾ ਦਰ ਨਾਲ ਇਹ ਸੰਸਥਾ ਆਪਣੀ ਕਿਸਮ ਦੀਆਂ ਦੇਸ਼ ਭਰ ਵਿੱਚੋਂ ਸਭ ਤੋਂ ਸਫਲ ਸੰਸਥਾਵਾਂ ਵਿੱਚੋਂ ਇੱਕ ਹੈ। ਉਨ੍ਹਾਂ ਅੱਗੇ ਦੱਸਿਆ ਕਿ ਐਮ.ਆਰ.ਐਸ.ਏ.ਐਫ.ਪੀ.ਆਈ. ਦੇ 14ਵੇਂ ਕੋਰਸ ਲਈ ਵੀ ਚੋਣ ਮੁਕੰਮਲ ਹੋ ਚੁੱਕੀ ਹੈ ਅਤੇ 01 ਅਪ੍ਰੈਲ, 2024 ਨੂੰ ਇਹ ਕੋਰਸ ਸ਼ੁਰੂ ਹੋ ਜਾਵੇਗਾ।