ਚੰਡੀਗੜ੍ਹ : ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਸੂਬੇ ’ਚ ਵੀਕਐਂਡ Lockdown ਤੇ ਰਾਤ ਦੇ ਕਰਫਿਊ ਦੀ ਪਾਬੰਦੀ 15 ਮਈ ਤਕ ਵਧਾ ਦਿੱਤੀ ਹੈ। ਸੂਬੇ ’ਚ ਦੁਕਾਨਾਂ ਬੰਦ ਹੋਣ ਦਾ ਸਮਾਂ ਸ਼ਾਮ ਨੂੰ ਪੰਜ ਵਜੇ ਹੋਵੇਗਾ, ਜਦਕਿ ਰਾਤ ਦਾ ਕਰਫਿਊ ਸ਼ਾਮ ਛੇ ਵਜੇ ਤੋਂ ਸਵੇਰੇ ਪੰਜ ਵਜੇ ਤਕ ਰਹੇਗਾ।
Lockdown ਵਿਚ ਹੋਮ ਡਲਿਵਰੀ ਦੀ ਇਜਾਜ਼ਤ ਰਾਤ ਨੌਂ ਵਜੇ ਤਕ ਰਹੇਗੀ। ਰਾਤ ਦੇ ਕਰਫਿਊ ਦੌਰਾਨ ਗ਼ੈਰ ਜ਼ਰੂਰੀ ਸਰਗਰਮੀਆਂ ਦੀ ਇਜਾਜ਼ਤ ਨਹੀਂ ਹੋਵੇਗੀ। ਸ਼ਨਿਚਰਵਾਰ ਨੂੰ ਸਵੇਰੇ ਪੰਜ ਵਜੇ ਤੋਂ ਸੋਮਵਾਰ ਸਵੇਰੇ ਪੰਜ ਵਜੇ ਤਕ ਵੀਕਐਂਡ ਲਾਕਡਾਊਨ ਰਹੇਗਾ। ਸਾਰੇ ਨਿੱਜੀ ਦਫ਼ਤਰਾਂ ਨੂੰ ਵਰਕ ਫਰਾਮ ਹੋਮ ਕਰਨ ਲਈ ਕਿਹਾ ਗਿਆ ਹੈ। ਦੁੱਧ, ਡੇਅਰੀ ਉਤਪਾਦ, ਸਬਜ਼ੀਆਂ, ਫਲ ਦੀਆਂ ਦੁਕਾਨਾਂ ਤੇ ਕੈਮਿਸਟ ਸ਼ਾਪ ਖੁੱਲ੍ਹੀਆਂ ਰਹਿਣਗੀਆਂ। ਨਿਰਮਾਣ ਇੰਡਸਟਰੀ ’ਤੇ ਵੀ ਪਾਬੰਦੀ ਨਹੀਂ ਹੋਵੇਗੀ। ਜਿਨ੍ਹਾਂ ਫੈਕਟਰੀਆਂ ’ਚ 24 ਘੰਟੇ ਸ਼ਿਫਟਾਂ ’ਚ ਕੰਮ ਹੁੰਦਾ ਹੈ, ਉਹ ਖੁੱਲ੍ਹੀਆਂ ਰਹਿਣਗੀਆਂ। ਹਵਾਈ ਆਵਾਜਾਈ, ਰੇਲ ਤੇ ਬੱਸ ਆਵਾਜਾਈ ਪ੍ਰਭਾਵਿਤ ਨਹੀਂ ਹੋਵੇਗੀ।