ਦਿੱਲੀ : ਦਿੱਲੀ ਦੇ ਨੇੜਲੇ ਖੇਤਰ ਅਲੀਪੁਰ ਵਿੱਚ ਹੋਲੀ ਵਾਲੇ ਦਿਨ ਇਕ ਫ਼ੈਕਟਰੀ ਵਿੱਚ ਜ਼ਬਰਦਸਤ ਅੱਗ ਲਗ ਗਈ। ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਕਾਲਾ ਧੂੰਆਂ ਪੂਰੇ ਆਸਮਾਨ ਵਿੱਚ ਫ਼ੈਲ ਗਿਆ। ਅੱਗ ’ਤੇ ਕਾਬੂ ਪਾਉਣ ਲਈ ਫ਼ਾਇਰ ਬਿਗ੍ਰੇਡ ਦੀਆਂ 50 ਤੋਂ ਵਧੇਰੇ ਗੱਡੀਆਂ ਨੂੰ ਸੱਦਿਆ ਗਿਆ ਹੈ। ਜ਼ਿਕਰਯੋਗ ਹੈ ਕਿ ਅਲੀਪੁਰ ਦੇ ਬੁਧਪੁਰ ਇਲਾਕੇ ਵਿੱਚ ਸਥਿਤ ਇਕ ਗੋਦਾਮ ਨੂੰ ਭਿਆਨਕ ਅੱਗ ਲਗ ਗਈ। ਅੱਗ ਲੱਗਣ ਕਾਰਨ ਨੇੜਲੇ ਗੁਦਾਮਾਂ ਵਿੱਚ ਅੱਗ ਲੱਗ ਗਈ। ਫ਼ਾਇਰ ਡਾਇਰੈਕਟਰ ਨੇ ਦਸਿਆ ਹੈ ਕਿ ਕੰਟਰੋਲ ਰੂਮ ਨੂੰ ਸਵੇਰੇ 6 ਵਜੇ ਅੱਗ ਲੱਗਣ ਸਬੰਧੀ ਕਾਲ ਆਈ ਸੀ ਅਤੇ ਫ਼ਾਇਰ ਟੈਂਡਰ ਜਲਦੀ ਨਾਲ ਅੱਗ ’ਤੇ ਕਾਬੂ ਪਾਉਣ ਲਈ ਰਵਾਨਾ ਕਰ ਦਿੱਤੇ ਗਏ। ਜਾਣਕਾਰੀ ਅਨੁਸਾਰ 125 ਦੇ ਕਰੀਬ ਫ਼ਾਇਰ ਕਰਮਚਾਰੀ ਅੱਗ ਬੁਝਾਉਣ ਲਈ ਜਦੋ ਜਹਿਦ ਕਰ ਰਹੇ ਹਨ।
ਅੱਗ ਲੱਗਣ ਕਾਰਨ ਨੇੜਲੇ ਗੁਦਾਮ ਵੀ ਪ੍ਰਭਾਵਿਤ ਹੋਏ ਹਨ। ਇਥੇ ਜ਼ਿਆਦਾਤਰ ਏ.ਸੀ., ਫ਼ਰਿੱਜ਼ ਅਤੇ ਕੰਪ੍ਰੈਸ਼ਰਾਂ ਦੇ ਵੱਡੇ ਗਦਾਮ ਹਨ। ਇਸ ਤੋਂ ਇਲਾਵਾ ਕਰਿਆਨਾ ਦੇ ਸਮਾਨ ਦੇ ਵੀ ਵੇਅਰ ਹਾਊਸ ਹਨ ਜਿਹੜੇ ਅੱਗ ਨਾਲ ਪ੍ਰਭਾਵਤ ਹੋਏ ਹਨ। ਫ਼ਾਇਰ ਵਿਭਾਗ ਅਨੂਸਾਰ ਅੱਗ ’ਤੇ ਬਹੁਤ ਜਲਦ ਕਾਬੂ ਪਾ ਲਿਆ ਜਾਵੇਗਾ। ਇਕ ਅੰਦਾਜ਼ੇ ਅਨੁਸਾਰ ਅੱਗ ਲੱਗਣ ਕਾਰਨ ਕਰੋੜਾਂ ਦਾ ਨੁਕਸਾਨ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।