ਡੇਰਾਬੱਸੀ : ਡੇਰਾਬੱਸੀ ਦੇ ਇੱਕ ਅੰਡਾ ਵਪਾਰੀ ਦਾ ਸਮਾਨ ਖੁਰਦ ਅਤੇ ਵਿਸ਼ਵਾਸਘਾਤ ਕਰਕੇ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਅੰਡਾ ਵਪਾਰੀ ਦੀ ਸ਼ਿਕਾਇਤ ਤੇ ਸੱਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਮਰਾਨ ਅਲੀ ਪੁੱਤਰ ਬਸਾਦ ਅਲੀ ਵਾਸੀ ਔਰੰਗਾਬਾਦ ਯੂ.ਪੀ ਹਾਲ ਵਾਸੀ ਫਲੈਟ ਨੰਬਰ 615 ਐੱਸਬੀਪੀ ਡੇਰਾਬੱਸੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਅੰਡਿਆਂ ਦਾ ਵਪਾਰੀ ਹੈ। ਉਹ ਅਕਸਰ ਡੇਰਾਬੱਸੀ ਏਰੀਏ ਦੇ ਪੋਲਟਰੀ ਫਾਰਮਾਂ ਵਿੱਚੋਂ ਅੰਡਿਆਂ ਦੀ ਸਪਲਾਈ ਲੈਕੇ ਦੂਜੇ ਰਾਜਾਂ ਵਿੱਚ ਭੇਜਦਾ ਹੈ। 9 ਜਨਵਰੀ ਨੂੰ ਯਸ਼ ਪੋਲਟਰੀ ਫਾਰਮ ਪਿੰਡ ਦੰਦਰਾਲਾ ਡੇਰਾਬੱਸੀ ਤੋਂ 1120 ਬੋਕਸ ਅੰਡੇ ਫਰਮ ਬਿਹਾਰ ਨੂੰ ਸਪਲਾਈ ਕਰਨ ਲਈ ਖਰੀਦ ਕੀਤੇ ਸੀ ਜਿਸਦੀ ਕੁੱਲ ਰਕਮ 15 ਲੱਖ 8 ਸੋ ਰੁਪਏ ਸੀ ਇਹ ਅੰਡੇ ਸਪਲਾਈ ਕਰਨ ਲਈ ਉਸ ਨੇ ਟਰੱਕ ਨੰਬਰੀ ਐੱਚਆਰ 74ਏ 5223 ਨੂੰ ਬਜਰੰਗ ਟਰਾਂਸਪੋਰਟ ਤੋਂ ਬੁੱਕ ਕੀਤਾ ਸੀ ਜਿਸਦੇ ਡਰਾਈਵਰ ਸੰਜੀਵ ਉਰਫ ਲਾਡੀ ਵਾਸੀ ਬਲਦੇਵ ਨਗਰ ਅੰਬਾਲਾ ਸ਼ਹਿਰ ਪਾਸ ਦੰਦਰਾਲਾ ਤੋਂ ਅੰਡੇ ਲੋਡ ਕਰਕੇ ਬਿਹਾਰ ਲਈ ਬਿਲਟੀ ਨੰਬਰ 251 ਬਿੱਲ 556 ਨਾਲ ਰਵਾਨਾ ਕੀਤਾ ਸੀ ਅਤੇ ਡਰਾਈਵਰ ਨੂੰ 20 ਹਜਾਰ ਦਾ ਡੀਜਲ ਅਤੇ 10 ਹਜਾਰ ਨਕਦੀ ਦਿੱਤਾ ਸੀ। ਜਿਸਨੇ 4-5 ਦਿਨਾਂ ਵਿੱਚ ਉਕਤ ਅੰਡਿਆਂ ਦੀ ਪਹੁੰਚ ਕਰਨੀ ਸੀ। ਜਦੋਂ ਸੰਜੀਵ ਨੇ ਪੁਹੰਚ ਨਹੀਂ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਟਰੱਕ ਵਿੱਚੋਂ 480 ਬੋਕਸ ਅੰਡੇ ਅਤੇ ਸਰਾਬ ਸਮੇਤ ਥਾਣਾ ਦਰਬੰਗਾ ਬਿਹਾਰ ਵਿਖੇ ਫੜਿਆ ਹੋਇਆ ਹੈ। ਉਸ ਨੂੰ ਲੱਕੀ ਡਰਾਈਵਰ ਨੇ ਦੱਸਿਆ ਕਿ ਉਸ ਨੇ ਆਪਣੇ ਹੋਰ ਸਾਥੀਆ ਨਾਲ ਮਿਲ ਕੇ ਟਰੱਕ ਵਿੱਚੋਂ 640 ਬੋਕਸ ਅੰਡੇ ਕਿਧਰੇ ਵੇਚ ਦਿੱਤੇ ਅਤੇ ਸਰਾਬ ਲੋਡ ਕਰ ਦਿੱਤੀ ਜ਼ੋ ਕਿ ਬਿਹਾਰ ਪੁਲਿਸ ਸਾਥੀਆਂ ਨਾਲ ਫੜ ਲਿਆ। ਜਿਨ੍ਹਾਂ ਦੀ ਪਹਿਚਾਣ ਸੰਜੀਵ ਉਰਫ ਲਾਡੀ, ਲੱਕੀ ਵਾਸੀ ਰਾਜਪੁਰਾ, ਦਿਲਬਾਗ ਸਿੰਘ ਵਾਸੀ ਰਾਜਪੁਰਾ, ਮੁਸਾਰਿਕ ਗੁੱਜਰ, ਅਫਸਰ ਪੁੱਤਰ ਇਸਲਾਮ ਵਾਸੀ ਪਿੰਡ ਬੁੱਢਣਪੁਰ ਜਿਲ੍ਹਾ ਸਹਾਰਨਪੁਰ ਯੂ.ਪੀ, ਮੰਨੂੰ ਵਾਸੀ ਯਮਨਾਨਗਰ, ਅਕਰਮ ਵਾਸੀ ਪਿੰਡ ਅਲੀਪੁਰ ਸ਼ਾਮਲੀ ਯੂ.ਪੀ ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਉਕਤ ਦੋਸ਼ੀਆਂ ਖਿਲਾਫ ਸਮਾਨ ਖੁਰਦ ਬੁਰਦ ਕਰਕੇ ਵਿਸ਼ਵਾਸਘਾਤ ਕਰਕੇ ਠੱਗੀ ਮਾਰਨ ਦੇ ਦੋਸ਼ ਹੇਠ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।