ਡੇਰਾਬੱਸੀ : ਨਗਰ ਕੌਂਸਲ ਡੇਰਾਬਸੀ ਦੇ ਨਾਲ ਲਗਦੇ ਪਿੰਡਾਂ ਦੇ ਵਿੱਚ ਨਜਾਇਜ ਕਾਲੋਨੀਆਂ ਦਾ ਕਾਰੋਬਾਰ ਲਗਾਤਾਰ ਵੱਧਦਾ ਜਾ ਰਿਹਾ ਹੈ। ਵਾਹੀਯੋਗ ਜਮੀਨਾਂ ਵਿੱਚ ਨਜਾਇਜ ਕਾਲੋਨੀਆਂ ਕੱਟਕੇ ਭੋਲੀ ਭਾਲੀ ਜਨਤਾ ਨਾਲ ਠੱਗੀ ਮਾਰੀ ਜਾ ਰਹੀ ਹੈ ਅਤੇ ਇਹ ਸਾਰਾ ਗੋਰਖਧੰਦਾ ਗਮਾਡਾ ਅਤੇ ਨਗਰ ਕੋਂਸਲ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਧੜੱਲੇ ਨਾਲ ਕੀਤਾ ਜਾ ਰਿਹਾ ਹੈ। ਜਦੋਂ ਕਿ ਪੰਜਾਬ ਸਰਕਾਰ ਅਤੇ ਗਮਾਡਾ ਦੇ ਸਾਰੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਪ੍ਰਸ਼ਾਸਨਿਕ ਅਧਿਕਾਰੀ ਕੁੰਭਕਰਨ ਦੀ ਨੀਦ ਸੋ ਰਹੇ ਹਨ। ਸਰਕਾਰ ਨੂੰ ਜਿਥੇ ਕਰੋੜਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ ਉਥੇ ਹੀ ਆਮ ਭੋਲੀ ਭਾਲੀ ਜਨਤਾਂ ਨਾਲ ਹੇਰਾਫੇਰੀ ਵੀ ਵੱਧਦੀ ਜਾ ਰਹੀ ਹੈ।ਦੱਸਣਯੋਗ ਹੈ ਕਿ ਜਿਥੇ ਪਹਿਲਾ ਕਾਲੋਨਾਇਜਰ ਰਿਹਾਇਸੀ ਕਲੋਨੀਆਂ ਕੱਟ ਕੇ ਵੇਚਦੇ ਸਨ ਉਥੇ ਹੀ ਹੁਣ ਡੇਰਾਬੱਸੀ ਇਲਾਕੇ ਅੰਦਰ ਡੇਰਾਬੱਸੀ ਬਰਵਾਲਾ ਰੋਡ ਅਤੇ ਗੁਲਾਬਗੜ ਬੇਹੜਾ ਰੋਡ ਬਿਲਡਰਾ ਅਤੇ ਕਾਲੋਨਾਈਜ਼ਰਾਂ ਲਈ ਵਾਹੀ ਯੋਗ ਜ਼ਮੀਨਾਂ ਵਿੱਚ ਇੰਡਸਟਰੀਅਲ ਕਲੋਨੀਆਂ ਕੱਟ ਕੇ ਵੇਚਣ ਲਈ ਪਹਿਲੀ ਪਸੰਦ ਬਣ ਗਈ ਹੈ ਕਿਉਕੀ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬਿਨ੍ਹਾਂ ਐੱਨਓਸੀ ਤੋ ਛੋਟੇ ਪਲਾਟਾਂ ਦੀਆਂ ਰਜਿਸਟਰੀਆਂ ਬੰਦ ਕੀਤੀਆਂ ਹੋਈਆਂ ਹਨ
ਜਿਸ ਕਾਰਨ ਇਹ ਚਲਾਕ ਕਲੋਨਾਇਜਰ 650 ਗੱਜ ਤੋਂ ਉੱਪਰ ਦੇ ਪਲਾਟਾਂ ਨੂੰ ਵਾਹੀਯੋਗ ਜਮੀਨ ਦੱਸਕੇ ਮਾਲ ਵਿਭਾਗ ਦੇ ਅਧਿਕਾਰੀਆਂ ਅਤੇ ਪਟਵਾਰੀਆਂ ਦੀ ਮਿਲੀਭੁਗਤ ਨਾਲ ਰਜਿਸਟਰੀਆਂ ਕਰਵਾ ਲੈਂਦੇ ਹਨ ਇਹੀ ਕਾਰਨ ਹੈ ਕਿ ਡੇਰਾਬੱਸੀ ਵਿੱਚ ਇੰਡਸਟਰੀਅਲ ਕਲੋਨੀਆਂ ਦੀ ਗਿਣਤੀ ਤੇਜੀ ਨਾਲ ਵੱਧ ਰਹੀ ਹੈ। ਜਿਆਦਾ ਤਰ ਇੰਡਸਟਰੀਅਲ ਕਲੋਨੀਆਂ ਨਗਰ ਕੌਂਸਲ ਡੇਰਾਬਸੀ ਦੀ ਹੱਦ ਤੋਂ ਬਾਹਰ ਹਨ ਜਿਨ੍ਹਾਂ ਵਿੱਚ ਗਮਾਡਾ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸਰੇਆਮ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ ਬਿਨ੍ਹਾ ਸੀਐੱਲਯੂ ਪ੍ਰਵਾਨ ਕਰਵਾਏ ਸੈਂਕੜੇ ਏਕੜ ਵਾਹੀਯੋਗ ਜਮੀਨ ਉੱਪਰ ਇੰਡਸਟਰੀਅਲ ਕਲੋਨੀਆਂ ਕੱਟ ਕੇ ਵੇਚ ਦਿੱਤੀਆਂ ਗਈਆਂ ਹਨ ਅਤੇ ਸੈਕੜੇ ਏਕੜ ਜਮੀਨ ਤੇ ਲਗਾਤਾਰ ਕੱਟੀਆਂ ਜਾ ਰਹੀਆਂ ਹਨ।
ਡੇਰਾਬੱਸੀ ਨਗਰ ਕੌਂਸਲ ਅੰਦਰ ਵੀ ਭੂ ਮਾਫ਼ੀਆ ਸਰਗਰਮ
ਡੇਰਾਬੱਸੀ ਦੀ ਹੱਦ ਅੰਦਰ ਗੁਲਾਬਗੜ, ਧਨੋਨੀ, ਮਹਿਮੂਦਪੁਰ, ਮੋਰਾਂਵਾਲੀ, ਰੋਣੀ, ਡੇਰਾ ਜਗਾਧਰੀ, ਈਸਾਪੁਰ ਅਤੇ ਭਾਂਖਰਪੁਰ ਵਿਖੇ ਭੂ ਮਾਫੀਆਂ ਪੂਰੀ ਤਰ੍ਹਾਂ ਸਰਗਰਮ ਹੈ। ਇਥੇ ਰੋਜਾਨਾਂ ਨਵੀ ਕਲੋਨੀ ਕੱਟੀ ਜਾ ਰਹੀਆਂ ਹਨ। ਡੇਰਾਬੱਸੀ ਨਗਰ ਕੌਂਸਲ ਦੀ ਹੱਦ ਦੇ ਅੰਦਰ ਅਤੇ ਬਾਹਰ ਧੜਲੇ ਨਾਲ ਸੈਂਕੜੇ ਏਕੜ ਜ਼ਮੀਨ ਵਿੱਚ ਨਾਜਾਇਜ਼ ਕਲੋਨੀਆਂ ਕੱਟੀਆਂ ਜਾ ਰਹੀਆਂ ਹਨ। ਦੱਸਣਯੋਗ ਹੈ ਕਿ ਡੇਰਾਬੱਸੀ ਵਿਚ ਕੱਟੀਆਂ ਜਾ ਰਹੀਆਂ ਕਲੋਨੀਆਂ ਵਿਚੋ 75 ਫੀਸਦੀ ਨਜਾਇਜ ਕਲੋਨੀਆਂ ਹਨ ਜਿਨ੍ਹਾਂ ਦੀ ਗਮਾਡਾ ਅਤੇ ਨਗਰ ਕੌਂਸਲ ਡੇਰਾਬੱਸੀ ਤੋਂ ਕੋਈ ਪ੍ਰਵਾਨਗੀ ਨਹੀ ਲਈ ਹੋਈ ਹੈ।
ਨਗਰ ਕੌਂਸਲ ਦੇ ਅਧਿਕਾਰੀ ਸਿਰਫ ਨੋਟਿਸ ਜਾਰੀ ਕਰਕੇ ਆਪਣਾ ਪੱਲਾ ਝਾੜ ਲੈਂਦੇ ਹਨ ਅਤੇ ਭੂ ਮਾਫੀਆਂ ਦੀ ਮਿਲੀਭੁਗਤ ਨਾਲ ਨਾਜਾਇਜ਼ ਕਲੋਨੀਆਂ ਦਾ ਸਾਮਰਾਜ ਵਧਦਾ ਜਾ ਰਿਹਾ ਹੈ। ਇਥੇ ਕਰੋੜਾ ਅਰਬਾਂ ਰੁਪਏ ਦਾ ਲੈਣ ਦੇਣ ਅੰਡਰ ਟੇਬਲ ਕੀਤਾ ਜਾ ਰਿਹਾ ਹੈ ਜਾ ਅਸਿੱਧੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਕਾਲੇ ਧੰਨ ਦੀ ਸਰੇਆਮ ਵਰਤੋਂ ਵਾਹੀਯੋਗ ਜਮੀਨਾਂ ਉੱਪਰ ਨਾਜਾਇਜ਼ ਕਾਲੋਨੀਆਂ ਕੱਟਕੇ ਕੀਤੀ ਜਾ ਰਹੀ ਹੈ। ਇਹ ਵੀ ਦੱਸਣਯੋਗ ਹੈ ਕਿ ਨਗਰ ਕੌਂਸਲ ਅਤੇ ਪਾਵਰਕੌਮ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਇਨ੍ਹਾਂ ਨਾਜਾਇਜ਼ ਕਲੋਨੀਆਂ ਵਿੱਚ ਉਸਾਰੀ ਅਤੇ ਬਿਜਲੀ ਦੇ ਮੀਟਰ ਵੀ ਲਗਾਏ ਜਾ ਰਹੇ ਹਨ। ਇਨ੍ਹਾਂ ਨਾਜਾਇਜ਼ ਕਲੋਨੀਆਂ ਵਿੱਚ ਸ਼ਰੇਆਮ ਉਸਾਰੀ ਦਾ ਕੰਮ ਚੱਲ ਰਿਹਾ ਹੈ। ਜਿਸ ਪਾਸੇ ਕੋਈ ਵੀ ਨਗਰ ਕੌਂਸਲ ਅਤੇ ਗਮਾਡਾ ਦਾ ਅਧਿਕਾਰੀ ਧਿਆਨ ਨਹੀਂ ਦੇ ਰਿਹਾ।