ਡੇਰਾਬੱਸੀ : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵੀ ਪੰਜਾਬ ਵਿੱਚ ਮਾਈਨਿੰਗ ਮਾਫੀਆ ਖਤਮ ਨਹੀਂ ਹੋਇਆ। ਮੁਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਖੇਤਰ ਵਿੱਚ ਪਿਛਲੇ ਲੰਮੇ ਸਮੇਂ ਤੋਂ ਨਾਜਾਇਜ਼ ਮਾਈਨਿੰਗ ਦਾ ਗੋਰਖਧੰਦਾ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਇਸੇ ਲੜੀ ਵਿਚ ਡੇਰਾਬੱਸੀ ਬਲਾਕ ਅਧੀਨ ਪੈਂਦੇ ਪਿੰਡ ਹੰਸਾਲਾ ਵਿਖੇ ਪੰਚਾਇਤੀ ਜ਼ਮੀਨ ਵਿਚੋਂ ਨਾਜਾਇਜ਼ ਤਰੀਕੇ ਨਾਲ ਨਾਲ ਮਿੱਟੀ ਦੀ ਮਾਈਨਿੰਗ ਦਾ ਗੋਰਖਧੰਦਾ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਹੈ। ਇਸ ਕੰਮ ਵਿੱਚ ਲੱਗੇ ਓਵਰਲੋਡ ਟਿੱਪਰਾਂ ਨੇ ਹਲਕੇ ਦੀਆਂ ਲਿੰਕ ਸੜਕਾਂ ਦੀ ਹਾਲਤ ਬਿਗਾੜ ਕੇ ਰੱਖ ਦਿੱਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਰੇਤਾ ਬਜਰੀ ਦੀਆਂ ਕੀਮਤਾਂ ਸਰਕਾਰੀ ਪੱਧਰ ਤੇ ਤੈਅ ਕਰਦਿਆਂ ਦਾਅਵਾ ਕੀਤਾ ਸੀ ਕਿ ਇਸ ਨਾਲ ਮਾਈਨਿੰਗ ਮਾਫੀਆ ਨੂੰ ਨੱਥ ਪਵੇਗੀ ਅਤੇ ਭ੍ਰਿਸ਼ਟਾਚਾਰ ਖਤਮ ਹੋਵੇਗਾ ਪਰ ਇਸ ਦੇ ਬਾਵਜੂਦ ਵੀ ਨਾਜਾਇਜ਼ ਮਾਈਨਿੰਗ ਕਰਨ ਵਾਲਾ ਮਾਫੀਆਂ ਧੜੱਲੇ ਨਾਲ ਡੇਰਾਬੱਸੀ ਇਲਾਕੇ ਵਿੱਚ ਮਿੱਟੀ ਦੀ ਨਾਜਾਇਜ਼ ਮਾਈਨਿੰਗ ਕਰ ਰਿਹਾ ਹੈ। ਜਿਸਦੇ ਚਲਦੇ ਵਿਰੋਧੀ ਧਿਰਾਂ ਨੇ ਵੀ ਪੰਜਾਬ ਸਰਕਾਰ ਨੂੰ ਇਸ ਮੁੱਦੇ ‘ਤੇ ਘੇਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਡੇਰਾਬੱਸੀ ਇਲਾਕੇ ਵਿੱਚ ਨਾਜਾਇਜ਼ ਮਾਈਨਿੰਗ ਦਾ ਗੋਰਖਧੰਦਾ ਨਿਰੰਤਰ ਜਾਰੀ ਹੈ। ਡੇਰਾਬੱਸੀ ਹਲਕੇ ਵਿੱਚ ਪੈਂਦੇ ਪਿੰਡ ਹੰਸਾਲਾ ਵਿਖੇ ਪਿੰਡ ਦੀ ਪੰਚਾਇਤੀ ਜ਼ਮੀਨ ਵਿੱਚੋਂ ਮਾਈਨਿੰਗ ਮਾਫੀਏ ਵੱਲੋਂ ਉਸ ਦੇ ਦਸ ਫੁੱਟ ਤੱਕ ਜ਼ਮੀਨ ਪੁੱਟ ਦਿੱਤੀ ਹੈ। ਦੱਸਣਯੋਗ ਹੈ ਕਿ ਡੇਰਾਬੱਸੀ ਹਲਕੇ ਵਿੱਚ ਬਣ ਰਹੇ ਐਕਸਪ੍ਰੈਸ ਹਾਈਵੇਅ ਤੇ ਮਿੱਟੀ ਪਾਉਣ ਦੀ ਆੜ ਵਿੱਚ ਮਾਈਨਿੰਗ ਮਾਫੀਆ ਵੱਲੋਂ ਦਸ ਫੁੱਟ ਤੱਕ ਜੇਸੀਬੀ ਅਤੇ ਪੋਕਲੇਨ ਮਸ਼ੀਨਾਂ ਰਾਹੀ ਮਿੱਟੀ ਪੁੱਟੀ ਜਾ ਰਹੀ ਹੈ। ਜਿਨ੍ਹਾਂ ਵੱਲੋਂ ਸ਼ਰੇਆਮ ਮਾਈਨਿੰਗ ਵਿਭਾਗ ਦੇ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਇਸ ਕੰਮ ਵਿੱਚ ਲੱਗੇ ਬਿਨਾਂ ਨੰਬਰੀ ਟਿੱਪਰ ਵੀ ਹਲਕੇ ਦੀਆਂ ਲਿੰਕ ਸੜਕਾਂ ਤੇ ਦੌੜਦੇ ਆਮ ਨਜ਼ਰ ਆਉਂਦੇ ਹਨ। ਜਦੋਂ ਇਸ ਬਾਰੇ ਐੱਸਡੀਓ ਮਾਈਨਿੰਗ ਵਿਭਾਗ ਨਵਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਸ ਨੂੰ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਨਹੀਂ ਹੈ।ਉਹ ਪਿੰਡ ਹੰਸਾਲਾ ਵਿਖੇ ਚੱਲ ਰਹੀ ਨਾਜਾਇਜ਼ ਮਾਈਨਿੰਗ ਦਾ ਦੌਰਾ ਕਰਕੇ ਅਗਲੀ ਕਾਰਵਾਈ ਕਰਨਗੇ।
3 ਫੁੱਟ ਤੱਕ ਦੀ ਪ੍ਰਵਾਨਗੀ ਤੋਂ ਬਾਅਦ ਚੁੱਕੀ ਜਾ ਰਹੀ ਦਸ ਫੁੱਟ ਤੱਕ ਮਿੱਟੀ
ਦੱਸਣਯੋਗ ਹੈ ਕਿ ਡੇਰਾਬੱਸੀ ਇਲਾਕੇ ਅੰਦਰ ਭਾਰਤ ਮਾਲਾ ਸਕੀਮ ਵਿੱਚ ਬਣੇ ਰਹੇ ਐਕਸਪ੍ਰੈਸ ਹਾਈਵੇਅ ਤੇ ਮਿੱਟੀ ਪਾਉਣ ਵਿੱਚ ਮਿੱਟੀ ਚੁੱਕਣ ਲਈ 3 ਫੁੱਟ ਦੀ ਪ੍ਰਵਾਨਗੀ ਮਿਲਦੀ ਹੈ ਪਰ ਮਾਈਨਿੰਗ ਮਾਫੀਆਂ ਜੇਸੀਬੀ ਅਤੇ ਪੋਕਲੇਨ ਮਸ਼ੀਨਾਂ ਰਾਹੀਂ 6 ਫੁੱਟ ਤੋਂ ਵੀ ਵੱਧ ਮਿੱਟੀ ਪੁੱਟ ਲੈਂਦੇ ਹਨ। ਜਿਨ੍ਹਾਂ ਖਿਲਾਫ ਕੋਈ ਵੀ ਮਾਈਨਿੰਗ ਵਿਭਾਗ ਦਾ ਅਧਿਕਾਰੀ ਬਣਦੀ ਕਾਨੂੰਨੀ ਕਾਰਵਾਈ ਨਹੀਂ ਕਰਦਾ। ਦੱਸਣਯੋਗ ਹੈ ਕਿ ਡੇਰਾਬੱਸੀ ਬਲਾਕ ਅਧੀਨ ਪੈਂਦੇ ਪਿੰਡ ਹੰਸਾਲਾ ਵਿੱਚ ਲਗਾਤਾਰ ਮਿੱਟੀ ਦੀ ਨਾਜਾਇਜ਼ ਮਾਈਨਿੰਗ ਦਾ ਕੰਮ ਪੂਰੇ ਜੋਰਾਂ ਨਾਲ ਚੱਲ ਰਿਹਾ ਹੈ। ਇਸ ਬਾਰੇ ਪਿੰਡ ਦੇ ਲੋਕਾਂ ਨੇ ਸਥਾਨਕ ਪ੍ਰਸ਼ਾਸਨ ਨੂੰ ਸ਼ਿਕਾਇਤ ਵੀ ਕੀਤੀ ਸੀ ਪਰ ਅੱਜ ਤੱਕ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਮਿੱਟੀ ਦੀ ਨਾਜਾਇਜ਼ ਮਾਈਨਿੰਗ ਵਿੱਚ ਲੱਗੇ ਟਿੱਪਰਾਂ ਵਿੱਚ ਪਰਚੀ ਤੋਂ ਵੱਧ ਮਿੱਟੀ ਭਰਕੇ ਮਾਈਨਿੰਗ ਦੇ ਨਿਯਮਾਂ ਦੀ ਸ਼ਰੇਆਮ ਉਲੰਘਣਾ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਸਰਕਾਰੀ ਰਿਕਾਰਡ ਵਿਚ 600 ਰੁਪਏ ਦੀ ਮਿੱਟੀ ਦੀ ਰਸੀਦ ਕੱਟੀ ਜਾਂਦੀ ਹੈ। ਜਦ ਕਿ ਟਿੱਪਰਾਂ ਵਿੱਚ 1200 ਤੱਕ ਨਾਜਾਇਜ਼ ਤਰੀਕੇ ਨਾਲ ਮਿੱਟੀ ਭਰਕੇ ਨਾਜਾਇਜ਼ ਤਰੀਕੇ ਨਾਲ ਮਾਈਨਿੰਗ ਕੀਤੀ ਜਾ ਰਹੀ ਹੈ।