ਲਾਲੜੂ : ਸਿਹਤ ਅਤੇ ਸਿੱਖਿਆ ਖੇਤਰ ਵਿਚ ਵੱਡਾ ਯੋਗਦਾਨ ਪਾ ਰਹੀ ਸਮਾਜ ਸੇਵੀ ਸੰਸਥਾ ਸ਼ੈਲਟਰ ਚੇਰੀਟੇਬਲ ਟਰੱਸਟ ਵੱਲੋਂ ਮਲਕਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਦਫ਼ਤਰ ਲਈ ਟੇਬਲ ਕੁਰਸੀਆਂ, ਕੰਪਿਊਟਰ ਟੇਬਲ ਤੇ ਫਰਨੀਚਰ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਲਾਲੜੂ ਨੂੰ ਸਕੂਲ ਵਿੱਚ ਲੱਗੇ ਟਿਊਬਵੈਲ ਦੇ ਪ੍ਰਬੰਧ ਲਈ ਕਮਰਾ ਬਣਾ ਕੇ ਸੌਂਪਿਆ ਗਿਆ।ਡਾ. ਮੁਲਤਾਨੀ ਨੇ ਕਿਹਾ ਕਿ ਜਿੱਥੇ ਸਕੂਲਾਂ ਵਿੱਚ ਬੱਚਿਆਂ ਲਈ ਸਾਫ ਅਤੇ ਵਾਤਾਵਰਣ ਅਨਕੂਲ ਕਲਾਸ ਰੂਮ ਚਾਹੀਦੇ ਹਨ,ਉੱਥੇ ਅਧਿਆਪਕਾਂ ਲਈ ਉਸੇ ਤਰਾਂ ਸਾਫ ਦਫਤਰ ਵੀ ਚਾਹੀਦਾ ਹੈ।ਇਸ ਤਹਿਤ ਮਲਕਪੁਰ ਸਕੂਲ ਨੂੰ ਫਰਨੀਚਰ ਦਿੱਤਾ ਗਿਆ ਹੈ ਜਦਕਿ ਸਰਕਾਰੀ ਸਕੂਲ ਲਾਲ਼ੜੂ ਦੇ ਸਕੂਲ ਵਿੱਚ ਟਿਊਬਵੈੱਲ ਆਪਰੇਸ਼ਨ ਲਈ ਲੋਹੇ ਦਾ ਕਮਰਾ ਬਣਿਆ ਹੋਇਆ ਸੀ,ਜਿਸ ਵਿੱਚ ਕਰੰਟ ਆਉਣ ਦਾ ਖਤਰਾ ਰਹਿੰਦਾ ਸੀ ਤੇ ਛੋਟੇ ਬੱਚਿਆਂ ਦਾ ਕਦੀ ਵੀ ਨੁਕਸਾਨ ਹੋ ਸਕਦਾ ਸੀ,ਜਿਸ ਤੋਂ ਬਚਾਅ ਲਈ ਸਕੂਲ ਵਿੱਚ ਇੱਕ ਛੋਟਾ ਕਮਰਾ ਬਣਵਾ ਦਿੱਤਾ ਗਿਆ ਜੋ ਅੱਜ ਸਕੂਲ ਸਟਾਫ ਨੂੰ ਸੌਂਪ ਦਿੱਤਾ ਗਿਆ ।ਡਾ ਮੁਲਤਾਨੀ ਨੇ ਦੱਸਿਆ ਕਿ ਪਿਛਲੇ ਵੀਹ ਸਾਲਾਂ ਤੋਂ ਸ਼ੈਲਟਰ ਚੈਰੀਟੇਬਲ ਟਰੱਸਟ ( ਰਜਿ ਸੁਸਾਇਟੀ ) ਲਗਾਤਾਰ ਇਲਾਕੇ ਵਿਚ ਸਿਹਤ ਅਤੇ ਸਿੱਖਿਆ ,ਖੇਡਾਂ ਅਤੇ ਹੋਰ ਸਮਾਜ ਸੇਵਾ ਦਾ ਕੰਮ ਕਰਦੀ ਆ ਰਹੀ ਤੇ ਆਉਣ ਵਾਲੇ ਸਮੇਂ ਵਿੱਚ ਵੀ ਚਾਲੂ ਰੱਖੇਗੀ ।ਯਾਦ ਰਹੇ ਕਿ ਪਿਛਲੇ ਮਹੀਨੇ ਸਕੂਲਾਂ ਦੇ ਇਨਾਮ ਵੰਡ ਸਮਾਰੋਹ ਵਿੱਚ ਸ਼ੈਲਟਰ ਵੱਲੋਂ ਵੱਡੇ ਸਹਿਯੋਗ ਨਾਲ ਦੱਪਰ ਸੂਬੇਦਾਰ ਬਲਬੀਰ ਸਿੰਘ ਮੈਮੋਰੀਅਲ ਹਾਈ ਸਕੂਲ ਜ਼ਿਲ੍ਹਾ ਐਸ ਏਐਸ ਨਗਰ ਵਿੱਚੋਂ ਪਹਿਲੇ ਸਥਾਨ ਤੇ ਆ ਕੇ ਸ਼ੈਲਟਰ ਅਤੇ ਇਲਾਕੇ ਦਾ ਮਾਣ ਵਧਾਇਆ ਸੀ।ਇਸ ਮੌਕੇ ਟਰੱਸਟ ਦੇ ਮੀਤ ਪ੍ਰਧਾਨ ਲਾਭ ਸਿੰਘ, ਜਨਰਲ ਸਕੱਤਰ ਰਾਜਬੀਰ ਸਿੰਘ, ਖਜ਼ਾਨਚੀ ਰਘੂਬੀਰ ਜੁਨੇਜਾ, ਪ੍ਰੈੱਸ ਸਕੱਤਰ ਸਤੀਸ਼ ਰਾਣਾ ਤੋਂ ਇਲਾਵਾ ਮਾਈ ਭਾਗੋ ਵੈਲਫੇਅਰ ਸੁਸਾਇਟੀ ਤੋਂ ਭੁਪਿੰਦਰ ਸਿੰਘ ਜੰਡਲੀ ਸਮੇਤ ਦੋਹਾਂ ਸਕੂਲਾਂ ਦਾ ਸਟਾਫ ਹਾਜ਼ਰ ਸੀ।