ਚੰਡੀਗੜ੍ਹ : ਲੋਕ ਸਭਾ ਚੋਣਾਂ -2024 ਦੇ ਮੱਦੇਨਜ਼ਰ, ਪੰਜਾਬ ਪੁਲਿਸ ਨੇ ਮੰਗਲਵਾਰ ਨੂੰ ਰਾਜ ਭਰ ਦੇ ਸਾਰੇ ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ ਅਤੇ ਇਨ੍ਹਾਂ ਦੇ ਆਲੇ-ਦੁਆਲੇ ਇੱਕ ਵਿਸ਼ੇਸ਼ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ (ਕਾਸੋ) ਚਲਾਇਆ। ਇਹ ਅਭਿਆਨ ਪੁਲਿਸ ਦੇ ਡਾਇਰੈਕਟਰ ਜਨਰਲ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ’ਤੇ ਲੋਕਾਂ ਵਿੱਚ ਪੁਲਿਸ ਦਾ ਭਰੋਸਾ ਵਧਾਉਣ ਅਤੇ ਸਮਾਜ ਵਿਰੋਧੀ ਤੱਤਾਂ ’ਤੇ ਸ਼ਿਕੰਜਾ ਕੱਸਣ ਦੇ ਹਿੱਸੇ ਵਜੋਂ ਚਲਾਇਆ ਗਿਆ ।
ਇਹ ਤਲਾਸ਼ੀ ਅਭਿਆਨ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਸਾਰੇ 28 ਪੁਲਿਸ ਜ਼ਿਲਿ੍ਹਆਂ ਵਿੱਚ ਇੱਕੋ ਸਮੇਂ ਚਲਾਇਆ ਗਿਆ , ਜਿਸ ਤਹਿਤ ਪੁਲਿਸ ਟੀਮਾਂ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀ.ਏ.ਪੀ.ਐਫ.) ਦੀਆਂ ਟੀਮਾਂ ਨੇ ਰੇਲਵੇ ਸਟੇਸ਼ਨਾਂ ਅਤੇ ਬੱਸ ਸਟੈਂਡਾਂ ’ਤੇ ਆਉਣ- ਜਾਣ ਵਾਲੇ ਲੋਕਾਂ ਦੀ ਤਲਾਸ਼ੀ ਲਈ। ਪੁਲਿਸ ਟੀਮਾਂ ਨੇ ਉਕਤ ਆਪ੍ਰੇਸ਼ਨ ਦੌਰਾਨ ਵਾਹਨ ਐਪ ਦੀ ਵਰਤੋਂ ਰਾਹੀਂ ਰੇਲਵੇ ਸਟੇਸ਼ਨਾਂ ਅਤੇ ਬੱਸ ਸਟੈਂਡਾਂ ਦੀ ਪਾਰਕਿੰਗ ਵਿੱਚ ਖੜ੍ਹੇ ਦੋਪਹੀਆ / ਚਾਰ ਪਹੀਆ ਵਾਹਨਾਂ ਦੀ ਚੈਕਿੰਗ ਵੀ ਕੀਤੀ।
ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ, ਜੋ ਇਸ ਰਾਜ ਪੱਧਰੀ ਕਾਰਵਾਈ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰ ਰਹੇ ਸਨ, ਨੇ ਕਿਹਾ ਕਿ ਇਸ ਅਭਿਆਨ ਨੂੰ ਨੇਪਰੇ ਚਾੜ੍ਹਨ ਲਈ ਸਾਰੇ ਸੀਪੀਜ਼/ਐਸਐਸਪੀਜ਼ ਨੂੰ, ਹਰੇਕ ਰੇਲਵੇ ਸਟੇਸ਼ਨ/ਬੱਸ ਸਟੈਂਡ ’ਤੇ ਗਜ਼ਟਿਡ ਅਧਿਕਾਰੀ ਦੀ ਨਿਗਰਾਨੀ ਹੇਠ ਘੱਟੋ-ਘੱਟ ਦੋ-ਦੋ ਪੁਲਿਸ ਟੀਮਾਂ ਤਾਇਨਾਤ ਕਰਨ ਲਈ ਕਿਹਾ ਗਿਆ ਸੀ। ਉਨ੍ਹਾਂ ਕਿਹਾ, “ਅਸੀਂ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਸਖ਼ਤੀ ਨਾਲ ਹਦਾਇਤ ਕੀਤੀ ਸੀ ਕਿ ਉਹ ਇਸ ਕਾਰਵਾਈ ਦੌਰਾਨ ਹਰ ਹਰੇਕ ਆਮੋ-ਖ਼ਾਸ ਨਾਲ ਨਿਮਰਤਾ ਨਾਲ ਪੇਸ਼ ਆਉਣ। ਉਨ੍ਹਾਂ ਕਿਹਾ ਕਿ ਲੋਕਾਂ ਦੀ ਘੱਟੋ-ਘੱਟ ਅਸੁਵਿਧਾ ਨੂੰ ਯਕੀਨੀ ਬਣਾਉਣ ਨੂੰ ਧਿਆਨ ਵਿੱਚ ਰੱਖਦਿਆਂ, ਸੂਬੇ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ’ਤੇ ਸ਼ੱਕੀ ਵਿਅਕਤੀਆਂ ਦੀ ਭਾਲ ਕਰਨ ਲਈ, 2000 ਤੋਂ ਵੱਧ ਪੁਲਸ ਕਰਮੀਆਂ ਦੀ ਨਫ਼ਰੀ ਵਾਲੀਆਂ 221 ਪੁਲਸ ਟੀਮਾਂ ਤਾਇਨਾਤ ਕੀਤੀਆਂ ਗਈਆਂ ।
ਉਨ੍ਹਾਂ ਦੱਸਿਆ ਕਿ ਸੂਬੇ ਦੇ 193 ਰੇਲਵੇ ਸਟੇਸ਼ਨਾਂ ਅਤੇ 162 ਬੱਸ ਅੱਡਿਆਂ ’ਤੇ ਚਲਾਏ ਗਏ ਇਸ ਤਲਾਸ਼ੀ ਅਭਿਆਨ ਦੌਰਾਨ 3851 ਤੋਂ ਵੱਧ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ ਗਈ ਅਤੇ ਵਾਹਨ ਐਪ ਦੀ ਵਰਤੋਂ ਕਰਕੇ ਪੁਲਿਸ ਟੀਮਾਂ ਨੇ ਰੇਲਵੇ ਸਟੇਸ਼ਨਾਂ ਅਤੇ ਬੱਸ ਸਟੈਂਡਾਂ ਦੀ ਪਾਰਕਿੰਗ ’ਚ ਖੜ੍ਹੇ 3002 ਵਾਹਨਾਂ ਦੀ ਚੈਕਿੰਗ ਵੀ ਕੀਤੀ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਵੱਲੋਂ ਗੈਰ-ਜ਼ਮਾਨਤੀ ਵਾਰੰਟ (ਐਨ.ਬੀ.ਡਬਲਿਊਜ਼) ਲਾਗੂ ਕਰਨ ਲਈ ਵੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਸਪੈਸ਼ਲ ਡੀ.ਜੀ.ਪੀ. ਨੇ ਕਿਹਾ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਪੰਜਾਬ ਪੁਲਿਸ ਵੱਲੋਂ 1717 ਗੈਰ-ਜ਼ਮਾਨਤੀ ਵਾਰੰਟ ਲਾਗੂ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਅੰਤਰ-ਰਾਜੀ ਸਰਹੱਦਾਂ ’ਤੇ ਅਪਰਾਧੀਆਂ, ਗੈਰ-ਕਾਨੂੰਨੀ ਸ਼ਰਾਬ ਅਤੇ ਨਸ਼ਾ ਤਸਕਰਾਂ ਦੀਆਂ ਗਤੀਵਿਧੀਆਂ ਤੇ ਤਿੱਖੀ ਨਜ਼ਰ ਰੱਖਣ ਲਈ ਵਿਆਪਕ ਰਣਨੀਤੀ ਤਿਆਰ ਕੀਤੀ ਹੈ। ਉਨ੍ਹਾਂ ਕਿਹਾ ਕਿ ਸੀਪੀਜ਼/ਐਸਐਸਪੀਜ਼ ਨੂੰ ਪਹਿਲਾਂ ਹੀ ਸੂਬੇ ਭਰ ਵਿੱਚ ਵਿਸ਼ੇਸ਼ ਨਾਕੇ ਲਗਾਉਣ ਅਤੇ ਗਸ਼ਤ-ਪਾਰਟੀਆਂ ਨੂੰ ਆਪੋ-ਆਪਣੇ ਅਧਿਕਾਰ ਖੇਤਰਾਂ ਵਿੱਚ ਸਮਾਜ ਵਿਰੋਧੀ ਤੱਤਾਂ ’ਤੇ ਨਜ਼ਰ ਰੱਖਣ ਲਈ ਨਿਰਦੇਸ਼ ਦਿੱਤੇ ਗਏ ਹਨ।
ਦੱਸਣਯੋਗ ਹੈ ਕਿ ਪੰਜਾਬ ਪੁਲਿਸ ਨੇ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਲੈ ਕੇ ਹੁਣ ਤੱਕ 433 ਐਫਆਈਆਰਜ਼ ਦਰਜ ਕਰਕੇ 618 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ 37.65 ਕਿਲੋ ਹੈਰੋਇਨ, 60 ਕਿਲੋ ਅਫੀਮ, 10.81 ਕੁਇੰਟਲ ਭੁੱਕੀ, 40 ਕਿਲੋ ਗਾਂਜਾ ਅਤੇ 11 ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ।