ਮੁਹਾਲੀ : ਲੋਕਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਭਾਵੇਂ ਹੁਣੇ ਸਿਆਸੀ ਸਰਗਰਮੀਆਂ ਨੇ ਪੂਰਾ ਜੋਰ ਨਹੀਂ ਫੜਿਆ ਹੈ ਪਰੰਤੂ ਚੋਣ ਲੜਣ ਦੇ ਚਾਹਵਾਨ ਆਗੂਆਂ ਵਲੋਂ ਪਾਰਟੀ ਟਿਕਟ ਹਾਸਿਲ ਕਰਨ ਲਈ ਜੋੜ ਤੋੜ ਦੀ ਕਾਰਵਾਈ ਜੋਰਾਂ ਤੇ ਹੈ ਅਤੇ ਚੋਣ ਲੜਣ ਦੇ ਚਾਹਵਾਨ ਆਗੂ ਪਾਰਟੀ ਅਗਵਾਈ ਵਿਚਲੇ ਆਪਣੇ ਸੰਪਰਕ ਸੂਤਰਾਂ ਨਾਲ ਤਾਲਮੇਲ ਕਰਕੇ ਆਪਣੀ ਦਾਅਵੇ ਦਾਰੀ ਜਤਾ ਰਹੇ ਹਨ। ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ ਤਾਂ ਪਾਰਟੀ ਵਲੋਂ ਪੰਜਾਬ ਵਿੱਚ ਛੇ ਸੀਟਾਂ ਤੇ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾ ਚੁੱਕਿਆ ਹੈ ਅਤੇ ਬਾਕੀ ਦੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਵੀ ਅਗਲੇ ਕੁੱਝ ਦਿਨਾਂ ਵਿੱਚ ਕੀਤੇ ਜਾਣ ਦੀ ਪੂਰੀ ਸੰਭਾਵਨਾ ਹੈ। ਪਾਰਟੀ ਦੇ ਅੰਦਰੂਨੀ ਸੂਤਰਾਂ ਅਨੁਸਾਰ ਪਾਰਟੀ ਵਲੋਂ ਇਹਨਾਂ ਸੀਟਾਂ ਤੇ ਉਮੀਦਵਾਰਾਂ ਦੀ ਚੋਣ ਤੋਂ ਪਹਿਲਾਂ ਪਾਰਟੀ ਕਾਡਰ ਤੋਂ ਅੰਦਰੂਨੀ ਵੋਟਿੰਗ ਵੀ ਕਰਵਾਈ ਗਈ ਹੈ।
ਇਸ ਸੰਬੰਧੀ ਹਲਕਾ ਆਨੰਦਪੁਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਹਲਕਾ ਆਨੰਦਪੁਰ ਸਾਹਿਬ ਤੋਂ ਭਾਵੇਂ ਕਈ ਆਗੂਆਂ ਦਾ ਨਾਮ ਲਿਆ ਜਾ ਰਿਹਾ ਹੈ। ਪਾਰਟੀ ਸੂਤਰਾਂ ਅਨਸਾਰ ਪਾਰਟੀ ਵਲੋਂ ਇਸ ਸੀਟ ਲਈ ਸਾਬਕਾ ਐਮ ਪੀ ਸ੍ਰੀ ਅਵਿਨਾਸ ਰਾਏ ਖੰਨਾ, ਪਾਰਟੀ ਦੇ ਸੂਬਾ ਮੀਤ ਪ੍ਰਧਾਨ ਸੁਭਾਸ ਸਰਮਾ, ਪਾਰਟੀ ਦੇ ਸੂਬਾ ਸਹਿ ਖਜਾਂਚੀ ਸੁਖਵਿੰਦਰ ਸਿੰਘ ਗੋਲਡੀ, ਜਿਲ੍ਹਾ ਮੁਹਾਲੀ ਦੇ ਪ੍ਰਧਾਨ ਸ੍ਰੀ ਸੰਜੀਵ ਵਸਿਸਠ ਅਤੇ ਪਾਰਟੀ ਦੇ ਜਿਲ੍ਹਾ ਰੋਪੜ ਦੇ ਪ੍ਰਧਾਨ ਸ੍ਰੀ ਅਜੈਵੀਰ ਸਿੰਘ ਲਾਲਪੁਰਾ ਦੇ ਨਾਮ ਤੇ ਚਰਚਾ ਕੀਤੀ ਹੈ ਅਤੇ ਇਹਨਾਂ ਬਾਰੇ ਪਾਰਟੀ ਦੇ ਮੈਂਬਰਾਂ ਪੱਕੇ ਵਿੱਚੋਂ ਕਿਸੇ ਇੱਕ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਹੈ।