ਸਾਡੇ ਦੇਸ਼ ਦੇ ਮੇਲੇ - ਤਿਉਹਾਰ ਆਪਣੇ ਆਪ ਵਿੱਚ ਵਿਸ਼ੇਸ਼ ਮਹੱਤਤਾ ਰੱਖਦੇ ਹਨ। ਇਹ ਮੇਲੇ ਸਾਡੇ ਦੇਸ਼ ਦੀ ਸਮਾਜਿਕ , ਆਰਥਿਕ , ਭਾਈਚਾਰਕ , ਵਿਵਹਾਰਿਕ ਤੇ ਭੌਤਿਕ ਸਥਿਤੀ ਤੇ ਸਾਂਝੀਵਾਲਤਾ ਦਾ ਬਾਖੂਬੀ ਪ੍ਰਗਟਾਵਾ ਕਰਦੇ ਹਨ। ਮੇਲੇ ਖੁਸ਼ੀ , ਮੇਲ਼ - ਜੋਲ਼ , ਆਪਸੀ ਪਿਆਰ ਤੇ ਸਤਿਕਾਰ ਦੀ ਨੀਂਹ ਹਨ। ਸਾਡੇ ਦੇਸ਼ ਦੇ ਵਿਸ਼ਵ ਪ੍ਰਸਿੱਧ ਤੇ ਖਾਸ ਮਹੱਤਤਾ ਰੱਖਣ ਵਾਲੇ ਮੇਲਿਆਂ ਵਿੱਚੋਂ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬਿਲਾਸਪੁਰ ਦਾ ਨਲਵਾੜੀ ਮੇਲਾ ਪੂਰੀ ਦੁਨੀਆ ਵਿੱਚ ਆਪਣੀ ਖਾਸ ਥਾਂ ਰੱਖਦਾ ਆਇਆ ਹੈ। " ਨਲਵਾੜੀ " ਸ਼ਬਦ ਤੋਂ ਭਾਵ ਹੈ : ਪਸ਼ੂਆਂ ਦੀ ਖ਼ਰੀਦੋ - ਫਰੋਖ਼ਤ। ਇਸ ਮੇਲੇ ਦਾ ਸੰਬੰਧ ਕਿਸਾਨਾਂ ਦੇ ਪਾਲਤੂ ਪਸ਼ੂਆਂ ਜਿਵੇਂ : ਬੈਲਾਂ ( ਬਲਦਾਂ ) , ਗਾਵਾਂ , ਊਠਾਂ , ਮੱਝਾਂ ਆਦਿ ਨੂੰ ਵੇਚਣ ਤੇ ਖਰੀਦਣ ਨਾਲ ਰਿਹਾ ਹੈ। ਬਿਲਾਸਪੁਰ ਦਾ ਇਹ ਮੇਲਾ ਲਗਭਗ 132 ਸਾਲ ਪੁਰਾਣਾ ਮੇਲਾ ਹੈ। ਆਧੁਨਿਕ ਭਾਰਤ ਦਾ ਮੰਦਿਰ ਅਖਵਾਉਣ ਵਾਲ਼ੇ ਵਿਸ਼ਵ ਪ੍ਰਸਿੱਧ ਭਾਖੜਾ ਡੈਮ ਦੇ ਨਿਰਮਾਣ ਤੋਂ ਪਹਿਲਾਂ ਇਹ ਮੇਲਾ ਬਿਲਾਸਪੁਰ ( ਹਿਮਾਚਲ ਪ੍ਰਦੇਸ਼ ) ਦੇ ਸਾਂਡੂ ਮੈਦਾਨ ਵਿੱਚ ਆਯੋਜਿਤ ਕੀਤਾ ਜਾਂਦਾ ਹੁੰਦਾ ਸੀ। ਭਾਖੜਾ ਡੈਮ ਦੇ ਨਿਰਮਾਣ ਦੇ ਨਾਲ਼ ਹੀ ਬਿਲਾਸਪੁਰ ਦਾ ਇਤਿਹਾਸਿਕ ਨਗਰ ਗੋਬਿੰਦ ਸਾਗਰ ਝੀਲ ਵਿੱਚ ਜਲ - ਮਗਨ (ਸਮਾਹਿਤ ) ਹੋ ਗਿਆ ਤੇ ਹੁਣ ਲਗਭਗ ਪਿਛਲੇ 50 ਸਾਲਾਂ ਤੋਂ ਦੁਨੀਆਭਰ ਵਿੱਚ ਮਸ਼ਹੂਰ ਨਲਵਾੜੀ ਦਾ ਮੇਲਾ ਬਿਲਾਸਪੁਰ ਦੇ ਲੂਹਣੂ ਮੈਦਾਨ ਵਿੱਚ ਬਹੁਤ ਧੂਮਧਾਮ ਤੇ ਉਤਸ਼ਾਹ ਦੇ ਨਾਲ਼ ਮਨਾਇਆ ਜਾਂਦਾ ਹੈ। ਇਸ ਮੇਲੇ ਦਾ ਆਰੰਭ ਮਾਰਚ ਮਹੀਨੇ ਦੇ ਅੱਧ ਦੇ ਕਰੀਬ ( ਚਾਰ ਪ੍ਰਵਿਸ਼ਟੇ ਚੈਤਰ ) ਨੂੰ ਹੁੰਦਾ ਹੈ ਅਤੇ ਇੱਕ ਹਫਤੇ ਤੱਕ ਇਹ ਮੇਲਾ ਆਪਣੀ ਰੌਣਕ ਖੂਬ ਵਖੇਰਦਾ ਹੈ। ਨਲਵਾੜੀ ਮੇਲੇ ਦਾ ਸ਼ੁਭ ਆਰੰਭ " ਖੂੰਟਾ ਗੱਡਣ " ਦੀ ਰਸਮ ਨਾਲ਼ ਹੁੰਦਾ ਹੈ ਅਤੇ ਮੇਲੇ ਦੇ ਆਖਰੀ ਦਿਨ ਦੂਰੋਂ - ਦੂਰੋਂ ਆਏ ਪਹਿਲਵਾਨਾਂ ਦੇ ਅਖਾੜੇ /ਕੁਸ਼ਤੀ ਮੁਕਾਬਲੇ ਹੁੰਦੇ ਹਨ। ਸਥਾਨਕ ਲੋਕਾਂ ਤੇ ਜਾਣਕਾਰਾਂ ਦਾ ਕਹਿਣਾ ਹੈ ਕਿ 1892 ਇਸਵੀ ਵਿੱਚ ਇਸ ਮੇਲੇ ਦਾ ਵਪਾਰਕ ਤੌਰ 'ਤੇ ਆਰੰਭ ਹੋਇਆ ਤੇ ਕੁਸ਼ਤੀਆਂ ਤੇ ਪੇਂਡੂ / ਗ੍ਰਾਮੀਣ ਔਰਤਾਂ ਦੇ ਨਾਚ - ਗਾਣੇ ਇਸ ਮੇਲੇ ਦੀ ਖਾਸੀਅਤ ਰਹੇ ਹਨ। ਇਸ ਮੇਲੇ ਵਿੱਚ ਪੰਜਾਬ ਦੇ ਰੂਪਨਗਰ , ਪਟਿਆਲਾ , ਹੁਸ਼ਿਆਰਪੁਰ ਜਿਲ੍ਹਿਆਂ ਤੋਂ ਇਲਾਵਾ ਨਾਲਾਗੜ , ਬਿਲਾਸਪੁਰ ਦੇ ਦੂਰੋਂ - ਨੇੜਿਓਂ , ਅੰਬਾਲਾ, ਖੰਡੂਰ ਦੇ ਵਪਾਰੀ ਆਦਿ ਆਪਣੇ ਉੱਤਮ ਨਸਲ ਦੇ ਉੱਚੀ ਕੱਦ - ਕਾਠੀ ਵਾਲੇ ਬੈਲਾਂ ( ਬਲਦਾਂ ) ਨੂੰ ਇੱਥੇ ਵੇਚਣ ਲਈ ਲੈ ਕੇ ਆਉਂਦੇ ਹੁੰਦੇ ਸੀ ਅਤੇ ਕਾਂਗੜਾ , ਕਹਿਲੂਰ , ਮੰਡੀ ਸੁਕੇਤ ਆਦਿ ਦੇ ਕਿਸਾਨ ਇਹਨਾਂ ਉੱਚੇ ਕੱਦ - ਕਾਠੀ ਬੈਲਾਂ ਦੀ ਖਰੀਦਦਾਰੀ ਬੜੇ ਚਾਅ - ਉਤਸ਼ਾਹ ਤੇ ਖੁਸ਼ੀ ਨਾਲ਼ ਕਰਦੇ ਹੁੰਦੇ ਸੀ। ਬਜ਼ੁਰਗਾਂ ਅਨੁਸਾਰ ਬਿਲਾਸਪੁਰ ਆਦਿ ਖੇਤਰ ਦੇ ਪਸ਼ੂ ਛੋਟੇ ਕੱਦ ਵਾਲੇ ਹੁੰਦੇ ਸਨ। ਜਦਕਿ ਹਰਿਆਣਾ ਤੇ ਪੰਜਾਬ ਦੇ ਪਸ਼ੂ ਉੱਚੇ ਕੱਦ - ਕਾਠ ਵਾਲੇ ਹੁੰਦੇ ਸਨ ਅਤੇ ਇਸੇ ਕਰਕੇ ਇਹਨਾਂ ਪਸ਼ੂਆਂ ਨੂੰ " ਨੀਲੇ ਪਸ਼ੂ " ਕਿਹਾ ਜਾਂਦਾ ਸੀ। ਬੱਸ ਇਨ੍ਹਾਂ ਨੀਲੇ ਪਸ਼ੂਆਂ ਦੇ ਮੇਲੇ ਦੇ ਕਾਰਨ ਹੀ ਇਸ ਮੇਲੇ ਦਾ ਨਾਂ " ਨਲਵਾੜੀ ਮੇਲਾ " ਪੈ ਗਿਆ। ਪੁਰਾਣੇ ਸਮੇਂ ਕਿਸਾਨ ਸਫੈਦ ਕੁਰਤੇ - ਪਜਾਮੇ ਆਦਿ ਪਾ ਕੇ ਤੇ ਪਗੜੀਆਂ ਪਹਿਣ ਕੇ ਤੇ ਆਪਣੇ ਬੈਲਾਂ ਨੂੰ ਖੂਬ ਸਜਾ ਕੇ ਨਲਵਾੜੀ ਮੇਲੇ ਵਿੱਚ ਲਿਆਉਂਦੇ ਹੁੰਦੇ ਸੀ। ਇਸ ਸਭ ਕੁਝ ਦੇ ਨਾਲ਼ ਨਲਵਾੜੀ ਦੇ ਮੇਲੇ ਦੀ ਰੌਣਕ ਵਿੱਚ ਨਿਖਾਰ ਆ ਜਾਂਦਾ ਹੁੰਦਾ ਸੀ। ਬਲਦਾਂ ਤੋਂ ਇਲਾਵਾ ਹੋਰ ਪਸ਼ੂਆਂ ਦੀ ਵੀ ਖ਼ਰੀਦੋ - ਫਰੋਖ਼ਤ ਕੀਤੀ ਜਾਂਦੀ ਹੁੰਦੀ ਸੀ। ਮੇਲਾ ਕਮੇਟੀ ਵੱਲੋਂ ਉੱਤਮ ਨਸਲ ਦੇ ਪਸ਼ੂ - ਪਾਲਕਾਂ ਨੂੰ ਇਨਾਮ ਵੀ ਦਿੱਤੇ ਜਾਂਦੇ ਹੁੰਦੇ ਸੀ। ਨਲਵਾੜੀ ਮੇਲੇ ਦਾ ਸੰਬੰਧ ਸਿੱਧੇ ਤੌਰ 'ਤੇ ਬੈਲ ਤੇ ਬੇਰ ਫਲ਼ ਨਾਲ਼ ਰਿਹਾ ਹੈ ; ਕਿਉਂਕਿ ਪੰਜਾਬ ਤੇ ਹਰਿਆਣਾ ਵਿੱਚ ਬੇਰ ਦੀ ਪੈਦਾਵਾਰ ਕਾਫੀ ਮਾਤਰਾ ਵਿੱਚ ਹੁੰਦੀ ਹੈ , ਸੋ ਨਲਵਾੜੀ ਮੇਲੇ ਵਿੱਚ ਕਿਸਾਨ ਤੇ ਵਪਾਰੀ ਆਦਿ ਵੇਚਣ ਲਈ ਬੇਰ ਵੀ ਲੈ ਕੇ ਆਉਂਦੇ ਹੁੰਦੇ ਸੀ। ਪੁਰਾਣੇ ਸਮਿਆਂ ਵਿੱਚ ਔਰਤਾਂ ਮੇਲੇ ਦੇ ਬੈਲਾਂ ( ਬਲਦਾਂ ) ਲਈ ਆਟੇ ਦੇ ਪੇੜੇ ਆਦਿ ਲੈ ਕੇ ਮੇਲੇ ਆਉਂਦੀਆਂ ਹੁੰਦੀਆਂ ਸਨ। ਕਿਸਾਨਾਂ , ਮਰਦਾਂ , ਔਰਤਾਂ ਤੇ ਬੱਚਿਆਂ ਸਭ ਵਿੱਚ ਨਲਵਾੜੀ ਮੇਲੇ ਪ੍ਰਤੀ ਬਹੁਤ ਉਤਸੁਕਤਾ ਤੇ ਉਮੰਗ ਰਹੀ ਹੈ। ਇਸ ਤੋਂ ਇਲਾਵਾ ਵੱਖ-ਵੱਖ ਸਮਾਨ ਦੀਆਂ ਦੁਕਾਨਾਂ , ਖੇਡ ਮੁਕਾਬਲਿਆਂ , ਕਲਾਕਾਰਾਂ ਦੇ ਪ੍ਰੋਗਰਾਮ , ਰਾਤ ਦੇ ਪ੍ਰੋਗਰਾਮ , ਸੰਸਕ੍ਰਿਤਿਕ ਪ੍ਰੋਗਰਾਮ , ਝੂਲੇ ਆਦਿ ਨਲਵਾੜੀ ਮੇਲੇ ਦੀ ਸ਼ੋਭਾ ਵਧਾਉਂਦੇ ਹਨ। ਪੁਰਾਣੇ ਸਮੇਂ ਤੋਂ ਲੈ ਕੇ ਹੁਣ ਤੱਕ ਬਿਲਾਸਪੁਰ ਦੇ ਲਕਸ਼ਮੀ ਨਰਾਇਣ ਮੰਦਿਰ ਤੋਂ ਲੂਹਣੂ ਮੈਦਾਨ ਦੇ ਨਲਵਾੜੀ ਦੇ ਮੇਲੇ ਤੱਕ ਸ਼ੋਭਾ - ਯਾਤਰਾ ਵੀ ਵਿਸ਼ੇਸ਼ ਰੂਪ ਵਿੱਚ ਕੱਢੀ ਜਾਂਦੀ ਹੈ। ਇਲਾਕੇ ਦੇ ਜਾਣਕਾਰਾਂ ਦੇ ਮੁਤਾਬਿਕ ਬਿਲਾਸਪੁਰ ਦਾ ਨਲਵਾੜੀ ਮੇਲਾ ਹੁਣ ਤੱਕ ਆਪਣੇ ਇਤਿਹਾਸ ਵਿੱਚ ਕੇਵਲ ਦੋ ਵਾਰ ਨਹੀਂ ਲੱਗਿਆ , ਪਹਿਲੀ ਵਾਰ ਜਦੋਂ 1946 ਵਿੱਚ ਕਹਿਲੂਰ ਦੇ ਰਾਜਾ ਅਨੰਦ ਚੰਦ ਦੇ ਸਮੇਂ ਸੁਤੰਤਰਤਾ ਸੰਗਰਾਮ ਹੋਇਆ ਅਤੇ ਦੂਸਰੀ ਵਾਰ 2020 ਵਿੱਚ ਜਦੋਂ ਵਿਸ਼ਵ ਪੱਧਰੀ ਕਰੋਨਾ ਮਹਾਂਮਾਰੀ ਨੇ ਪੈਰ ਪਸਾਰ ਲਏ। ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਮੇਲੇ ਨੂੰ 1985 ਵਿੱਚ ਸਰਕਾਰ ਨੇ ਰਾਜ - ਪੱਧਰੀ ਮੇਲਾ ਘੋਸ਼ਿਤ ਕੀਤਾ ਸੀ। ਪੁਰਾਤਨ ਰਾਜਿਆਂ ਨੇ ਸਮੇਂ - ਸਮੇਂ 'ਤੇ ਇਸ ਮੇਲੇ ਦੀ ਹਮਾਇਤ ਕੀਤੀ। ਪਰ ਸਮੇਂ ਦੇ ਬਦਲਣ ਦੇ ਨਾਲ਼ - ਨਾਲ਼ ਨਲਵਾੜੀ ਮੇਲੇ ਦੀ ਪੁਰਾਤਨ ਸਥਿਤੀ ਦੇ ਵਿੱਚ ਕਾਫੀ ਬਦਲਾਓ ਆਇਆ ਹੈ। ਟਰੈਕਟਰਾਂ ਤੇ ਹੋਰ ਵਿਗਿਆਨਿਕ ਔਜਾਰਾਂ ਦੀ ਖੇਤੀਬਾੜੀ ਦੇ ਧੰਦੇ ਵਿੱਚ ਵਰਤੋਂ ਵਧਣ ਨਾਲ਼ ਹੁਣ ( ਬੈਲਾਂ ) ਬਲਦਾਂ ਦੀ ਰੌਣਕ ਤੇ ਹੋਂਦ ਤਕਰੀਬਨ ਖਤਮ ਹੀ ਹੋਣ ਕਿਨਾਰੇ ਹੀ ਹੈ। ਕੇਵਲ ਪਸ਼ੂ ਮੁਕਾਬਲਿਆਂ ਆਦਿ ਵਿੱਚ ਬਲ਼ਦ ਦੇਖਣ ਨੂੰ ਮਿਲਦੇ ਹਨ। ਬਜ਼ੁਰਗਾਂ ਤੇ ਜਾਣਕਾਰਾਂ ਦੇ ਅਨੁਸਾਰ ਕਦੇ ਨਲਵਾੜੀ ਮੇਲਾ ਬੰਦਿਆਂ ਨਾਲੋਂ ਪਸ਼ੂਆਂ ਨਾਲ਼ ਵੱਧ ਭਰਿਆ ਹੋਇਆ ਹੁੰਦਾ ਸੀ , ਪਰ ਅੱਜ ਆਧੁਨਿਕਤਾ ਨੇ ਇਸ ਮੇਲੇ ਦੀ ਅਸਲ ਹੋਂਦ ਖਤਮ ਹੀ ਕਰ ਦਿੱਤੀ ਹੈ ਤੇ ਇਸ ਮੇਲੇ ਵਿੱਚ ਪਹਿਲਾਂ ਪਾਕਿਸਤਾਨ , ਹਰਿਆਣਾ , ਪੰਜਾਬ ਤੇ ਹੋਰ ਦੂਰੋਂ - ਦੂਰੋਂ ਪਹਿਲਵਾਨ ਆਉਂਦੇ ਹੁੰਦੇ ਸੀ। ਪਸ਼ੂਆਂ ਦੀ ਖਰੀਦਦਾਰੀ ਲਈ ਹੋਂਦ 'ਚ ਆਇਆ ਨਲਵਾੜੀ ਦਾ ਇਹ ਮੇਲਾ ਅੱਜ ਆਧੁਨਿਕਤਾ ਦੇ ਸਮਾਨ ਦੀ ਖਰੀਦਦਾਰੀ ਤੱਕ ਹੀ ਸਿਮਟਤਾ ਜਾ ਰਿਹਾ ਹੈ। ਲਗਭਗ 132 ਸਾਲ ਪੂਰੇ ਕਰ ਚੁੱਕੇ ਇਸ ਮੇਲੇ ਦਾ ਸਰੂਪ ਕੁਝ ਬਦਲ ਜਿਹਾ ਗਿਆ ਜਾਪਦਾ ਹੈ , ਪਰ ਪ੍ਰਸ਼ਾਸਨ ਅੱਜ ਵੀ ਇਸ ਮੇਲੇ ਨੂੰ ਸਫ਼ਲ ਬਣਾਉਣ ਲਈ ਬਹੁਤ ਉਪਰਾਲੇ ਕਰਦਾ ਹੈ। ਭਾਵੇਂ ਕੁਝ ਵੀ ਹੋਵੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬਿਲਾਸਪੁਰ ਦਾ ਕਿਸਾਨਾਂ ਦੀ ਖੁਸ਼ਹਾਲੀ ਦਾ ਪ੍ਰਤੀਕ ਇਹ ਰਾਜ - ਪੱਧਰੀ " ਨਲਵਾੜੀ ਮੇਲਾ " ਪੂਰੇ ਵਿਸ਼ਵ ਵਿੱਚ ਆਪਣੇ ਆਪ ਵਿੱਚ ਇੱਕ ਵੱਖਰੀ , ਵਿਸ਼ੇਸ਼ ਤੇ ਸੱਭਿਆਚਾਰਕ ਪਹਿਚਾਣ ਰੱਖਦਾ ਹੈ। ਜਦੋਂ ਵੀ ਬਿਲਾਸਪੁਰ ਦਾ ਇਹ ਮੇਲਾ ਦੇਖਣ ਜਾਓ ਤਾਂ ਉੱਥੋਂ ਦਾ ਪ੍ਰਸਿੱਧ ਬਾਬਾ ਨਾਹਰ ਸਿੰਘ ਮੰਦਿਰ , ਲਕਸ਼ਮੀ ਨਾਰਾਇਣ ਮੰਦਿਰ , ਮਹਾਂਰਿਸ਼ੀ ਵੇਦ ਵਿਆਸ ਗੁਫ਼ਾ , ਬਾਬਾ ਵਿਸ਼ਵਕਰਮਾ ਮੰਦਿਰ , ਝੀਲ ਵਿੱਚ ਸਮਾਹਿਤ ਹੋ ਗਏ ਪੁਰਾਤਨ ਸ਼ੈਲੀ ਦੇ ਬਣੇ ਮੰਦਿਰ ਆਦਿ ਮਹਾਨ ਪਾਵਨ ਥਾਵਾਂ ਦੇ ਦਰਸ਼ਨ ਜ਼ਰੂਰ ਕਰਿਓ ਤੇ ਦਰਿਆ ਦੇ ਕਿਨਾਰੇ - ਕਿਨਾਰੇ ਮੇਲਾ ਸਥਲ ਵੱਲ ਪੈਦਲ 2 - 3 ਕੁ ਕਿਲੋਮੀਟਰ ਘੁੰਮ ਕੇ ਪ੍ਰਕ੍ਰਿਤੀ ਨੂੰ ਵੀ ਜ਼ਰੂਰ ਨਿਹਾਰਨਾ ਚਾਹੀਦਾ ਹੈ।ਇਹ ਇੱਕ ਵੱਖਰਾ ਹੀ ਅਹਿਸਾਸ ਹੋਵੇਗਾ। ਜੇਕਰ ਤੁਸੀਂ ਕਿਸ਼ਤੀ ਝੂਟਣ ਦਾ ਅਨੰਦ ਲੈਣਾ ਚਾਹੁੰਦੇ ਹੋ ਤਾਂ ਇੱਥੇ ਤੁਸੀਂ ਇਸਦਾ ਅਨੁਭਵ ਵੀ ਕਰ ਸਕਦੇ ਹੋ।
" ਚਿੱਟੇ ਸਲਾਣੇ ਕੱਪੜੇ
ਪਿਆਜੀ ਸਾਫ਼ਾ ਰੰਗਾਣਾ ,
ਗੋਰ - ਬਗਰੂ ਲਈਣੇ
ਨਲਵਾੜੀਆ ਜੋ ਜਾਣਾ। "
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
ਪ੍ਰਸਿੱਧ ਲੇਖਕ ਸ੍ਰੀ ਅਨੰਦਪੁਰ ਸਾਹਿਬ
( ਸਾਹਿਤ ਵਿੱਚ ਕੀਤੇ ਵਿਸ਼ੇਸ਼ ਕਾਰਜਾਂ ਲਈ ਲੇਖਕ ਦਾ ਨਾਂ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਦਰਜ ਹੈ )