ਨਵੀਂ ਦਿੱਲੀ : ਮੰਗਲਵਾਰ ਸ਼ਾਮ ਨੂੰ ਹੋਣ ਵਾਲੇ ਮੈਚ ਤੋਂ ਪਹਿਲਾਂ ਸਨਰਾਈਜ਼ਰਜ਼ ਹੈਦਰਾਬਾਦ ਦੇ ਵਿਕਟਕੀਪਰ ਰਿੱਧੀਮਾਨ ਸਾਹਾ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਖ਼ਬਰ ਮਿਲੀ। ਉੱਥੇ ਹੀ ਦਿੱਲੀ ਕੈਪੀਟਲਜ਼ ਦੇ ਗੇਂਦਬਾਜ਼ ਅਮਿਤ ਮਿਸ਼ਰਾ ਵੀ #Coronavirus ਇਨਫੈਕਟਿਡ ਦੱਸੇ ਜਾ ਰਹੇ ਹਨ।
ਇਸੇ ਲਈ ਇੰਡੀਅਨ ਪ੍ਰੀਮੀਅਰ ਲੀਗ (IPL) ਦੇ 14ਵੇਂ ਅਡੀਸ਼ਨ ਨੂੰ ਫਿਲਹਾਲ ਲਈ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਕੁਝ ਦੇਰ ਪਹਿਲਾਂ ਬੀਸੀਸੀਆਈ (BCCI) ਦੇ ਅਧਿਕਾਰੀਆਂ ਦੀ ਬੈਠਕ ਖ਼ਤਮ ਹੋਈ। ਆਈਪੀਐੱਲ ਮੁਲਤਵੀ ਹੋਣ ਕਾਰਨ ਅੱਜ ਦਾ ਮੈਚ ਵੀ ਨਹੀਂ ਹੋਵੇਗਾ। ਬਾਕੀ ਫ਼ੈਸਲਾ ਅਗਲੇ ਹਫ਼ਤੇ ਕੀਤਾ ਜਾਵੇਗਾ। ਬੀਸੀਸੀਆਈ ਦੇ ਵਾਈਸ ਪ੍ਰੈਜ਼ੀਡੈਂਟ ਰਾਜੀਵ ਸ਼ੁਕਲਾ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਇਸ ਸੀਜ਼ਨ ਲਈ ਟੂਰਨਾਮੈਂਟ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਮੰਗਲਵਾਰ ਦੁਪਹਿਰੇ ਸ਼ੁਕਲਾ ਨੇ ਏਐੱਨਆਈ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਲਗਾਤਾਰ ਸਾਹਮਣੇ ਆ ਰਹੇ ਕੋਰੋਨਾ ਦੇ ਮਾਮਲਿਆਂ ਕਾਰਨ ਬੋਰਡ ਨੇ ਇਹ ਕਦਮ ਚੁੱਕਿਆ ਹੈ। ਇਸ ਸੀਜ਼ਨ ਦੇ ਆਈਪੀਐੱਲ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਲੈ ਲਿਆ ਗਿਆ ਹੈ।
ਕਾਬਿਲੇਗ਼ੌਰ ਹੈ ਕਿ ਸੋਮਵਾਰ ਨੂੰ ਕੋਲਕਾਤਾ ਨਾਈਟਰਾਈਡਰਜ਼ ਦੇ ਖਿਡਾਰੀ ਵਰੁਣ ਚੱਕਰਵਰਤੀ ਤੇ ਸੰਦੀਪ ਵਾਰੀਅਰ ਨੂੰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ। ਇਸ ਤੋਂ ਬਾਅਦ ਸੋਮਵਾਰ 3 ਮਈ ਨੂੰ ਰਾਇਲ ਚੈਲੰਜਰਜ਼ ਬੈਂਗਲੌਰ ਤੇ ਕੋਲਕਾਤਾ ਨਾਈਟਰਾਈਡਰਜ਼ ਦੇ ਮੁਕਾਬਲੇ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਗਿਆ। ਮੰਗਲਵਾਰ ਸਵੇਰੇ ਚੇਨਈ ਸੁਪਰ ਕਿੰਗਜ਼ ਤੇ ਰਾਜਸਥਾਨ ਰਾਇਲਜ਼ ਵਿਚਕਾਰ ਹੋਣ ਵਾਲੇ ਮੁਕਾਬਲੇ ਦੇ ਮੁਲਤਵੀ ਹੋਣ ਦੀ ਜਾਣਕਾਰੀ ਆਈ।