ਮੋਹਾਲੀ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਅੱਜ ਨੋਡਲ ਅਫ਼ਸਰਾਂ ਨਾਲ ਚੋਣ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ 7 ਮਈ, 2024 ਨੂੰ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਕਰਨ ਲਈ ਆਰ.ਓ ਪੱਧਰ 'ਤੇ ਨੋਟੀਫਿਕੇਸ਼ਨ ਜਾਰੀ ਹੋਣ ਦੇ ਮੱਦੇਨਜ਼ਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣ। ਉਨ੍ਹਾਂ ਦੱਸਿਆ ਕਿ 06-ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਲਈ ਨਾਮਜ਼ਦਗੀਆਂ ਰਿਟਰਨਿੰਗ ਅਫ਼ਸਰ-ਕਮ-ਡਿਪਟੀ ਕਮਿਸ਼ਨਰ, ਰੂਪਨਗਰ ਨੂੰ ਜਦਕਿ 13-ਪਟਿਆਲਾ ਲਈ ਰਿਟਰਨਿੰਗ ਅਫ਼ਸਰ-ਕਮ-ਡਿਪਟੀ ਕਮਿਸ਼ਨਰ, ਪਟਿਆਲਾ ਕੋਲ ਜਮ੍ਹਾਂ ਕਰਵਾਈਆਂ ਜਾਣਗੀਆਂ। ਡਿਪਟੀ ਕਮਿਸ਼ਨਰ ਨੇ ਵੋਟਾਂ ਦੀ ਨਵੀਂ ਰਜਿਸਟ੍ਰੇਸ਼ਨ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਵੋਟਰ ਰਜਿਸਟ੍ਰੇਸ਼ਨ ਫਾਰਮ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 4 ਮਈ, 2024 ਹੈ, ਇਸ ਲਈ 1 ਅਪ੍ਰੈਲ, 2024 ਨੂੰ 18 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਕੋਈ ਵੀ ਵਿਅਕਤੀ ਅਜੇ ਵੀ ਆਨਲਾਈਨ ਜਾਂ ਆਫ਼ਲਾਈਨ ਅਪਲਾਈ ਕਰ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਈ ਵੀ ਐਮ ਦੀ ਪਹਿਲੀ ਰੈਂਡਮਾਈਜ਼ੇਸ਼ਨ 02 ਮਈ, 2024 ਨੂੰ ਕੀਤੀ ਜਾਵੇਗੀ ਅਤੇ ਏ ਆਰ ਓਜ਼ ਨੂੰ ਵੰਡ ਸ਼ੁਰੂ ਕਰ ਦਿੱਤੀ ਜਾਵੇਗੀ। ਉਸਨੇ ਏ ਆਰ ਓਜ਼ ਨੂੰ ਸਪੱਸ਼ਟ ਤੌਰ 'ਤੇ ਪੋਲਿੰਗ ਸਟਾਫ ਦੀ ਸਿਖਲਾਈ ਲਈ ਲਈਆਂ ਗਈਆਂ ਈ ਵੀ ਐਮਜ਼ ਦੇ 38 ਸੈੱਟਾਂ ਨੂੰ ਪੋਲਿੰਗ ਲਈ ਰੱਖੀਆਂ ਗਈਆਂ ਈ ਵੀ ਐਮਜ਼ ਤੋਂ ਵੱਖਰੇ ਤੌਰ 'ਤੇ ਸਟੋਰ ਕਰਨ ਲਈ ਕਿਹਾ। ਜ਼ਿਲ੍ਹੇ ਵਿੱਚ ਪੋਲਿੰਗ ਸਟਾਫ਼ ਵਜੋਂ ਤਾਇਨਾਤ ਕਰਨ ਲਈ 6680 ਕਰਮਚਾਰੀਆਂ ਦੀ ਮਾਨਵੀ ਸ਼ਕਤੀ ਹੈ, ਜਿਨ੍ਹਾਂ ਦੀ ਰੈਂਡਮਾਈਜ਼ੇਸ਼ਨ 30 ਅਪ੍ਰੈਲ, 2024 ਨੂੰ ਕੀਤੀ ਜਾਵੇਗੀ। ਪੋਲਿੰਗ ਸਟਾਫ਼ ਦੀ ਸਿਖਲਾਈ 5 ਮਈ, 2024 ਨੂੰ ਸਰਕਾਰੀ ਪੋਲੀਟੈਕਨਿਕ ਖਰੜ, ਸਰਕਾਰੀ ਐਮੀਨੈਂਸ ਸਕੂਲ ਫੇਜ਼ 3ਬੀ1, ਮੁਹਾਲੀ ਅਤੇ ਕਾਲਜ ਡੇਰਾਬੱਸੀ ਵਿਖੇ ਕਰਵਾਈ ਜਾਵੇਗੀ।ਜ਼ਿਲ੍ਹਾ ਚੋਣ ਅਫ਼ਸਰ ਨੇ ਐਸ.ਡੀ.ਐਮਜ਼-ਕਮ-ਏ.ਆਰ.ਓਜ਼ ਨੂੰ ਸਿਖਲਾਈ ਲਈ ਲੋੜੀਂਦੇ ਪ੍ਰਬੰਧ ਕਰਨ ਲਈ ਕਿਹਾ। ਪੋਲਿੰਗ ਸਟਾਫ਼ ਨੂੰ ਫਾਰਮ ਨੰ. 12 ਅਤੇ ਪੋਸਟਲ ਬੈਲੇਟ ਲਈ ਵੋਟਿੰਗ ਕਪਰਾਟਮੈਂਟ ਸਹੂਲਤ ਦੇਣ ਲਈ ਵੀ ਕਿਹਾ। ਪੋਲਿੰਗ ਸਟਾਫ਼ ਨੂੰ ਬੂਥਾਂ ਤੱਕ ਪਹੁੰਚਾਉਣ ਅਤੇ ਸੈਕਟੋਰਲ ਮੈਜਿਸਟਰੇਟਾਂ ਲਈ ਲੋੜੀਂਦੇ ਵਾਹਨਾਂ ਦੀ ਲੋੜ ਵੀ ਵਿਚਾਰੀ ਗਈ। ਚੋਣ ਅਮਲੇ ਲਈ ਕੁੱਲ 235 ਵਾਹਨਾਂ ਤੋਂ ਇਲਾਵਾ ਸੈਕਟੋਰਲ ਮੈਜਿਸਟਰੇਟਾਂ ਲਈ 80 ਕਾਰਾਂ ਦੀ ਮੰਗ ਰੱਖੀ ਗਈ। ਡਿਪਟੀ ਕਮਿਸ਼ਨਰ ਨੇ 85 ਸਾਲ ਤੋਂ ਵੱਧ ਅਤੇ ਪੀਡਬਲਯੂਡੀ ਵੋਟਰਾਂ ਲਈ ਫਾਰਮ 12-ਡੀ ਦੀ ਸਥਿਤੀ ਦਾ ਵੀ ਜਾਇਜ਼ਾ ਲਿਆ। 12-ਡੀ ਫਾਰਮਾਂ ਲਈ ਨਿਯੁਕਤ ਨੋਡਲ ਅਫਸਰ ਨੂੰ ਵੀ ਇਨ੍ਹਾਂ ਵੋਟਰਾਂ ਦੀ ਸਹਿਮਤੀ ਅਨੁਸਾਰ ਘਰ-ਘਰ ਵੋਟਿੰਗ ਟੀਮਾਂ ਬਣਾਉਣ ਦੀ ਤਾਕੀਦ ਕੀਤੀ ਗਈ। ਇਸ ਤੋਂ ਇਲਾਵਾ, ਜ਼ਰੂਰੀ ਸੇਵਾਵਾਂ ਦੀ ਸ਼੍ਰੇਣੀ ਵਿੱਚ ਰੱਖੇ ਗਏ ਅਤੇ ਭਾਰਤ ਦੇ ਚੋਣ ਕਮਿਸ਼ਨ ਦੁਆਰਾ ਨੋਟੀਫਾਈ ਕੀਤੇ ਗਏ ਵੋਟਰ ਵੀ ਫਾਰਮ 12-ਡੀ ਜਮ੍ਹਾਂ ਕਰਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਦੇ ਹਨ। ਉਨ੍ਹਾਂ ਨੂੰ ਪੋਸਟਲ ਬੈਲਟ ਜਾਰੀ ਕੀਤੇ ਜਾਣਗੇ ਜੋ ਵੋਟਰਾਂ ਦੁਆਰਾ ਸਬੰਧਤ ਸੰਸਦੀ ਹਲਕੇ ਦੇ ਆਰ.ਓਜ਼ ਨੂੰ ਡਾਕ ਰਾਹੀਂ ਵਾਪਸ ਭੇਜੇ ਜਾ ਸਕਦੇ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਵਲਨਰੇਬਲ ਪੋਲਿੰਗ ਸਟੇਸ਼ਨਾਂ ਤਹਿਤ 89 ਸੰਵੇਦਨਸ਼ੀਲ ਖੇਤਰਾਂ ਦੀ ਸ਼ਨਾਖਤ ਕੀਤੀ ਗਈ ਹੈ। ਉਨ੍ਹਾਂ ਨੇ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗਿਣਤੀ ਕੇਂਦਰਾਂ ਦੇ ਪ੍ਰਬੰਧਾਂ ਨੂੰ ਵੀ ਜਾਣਿਆ। ਖਰੜ ਅਤੇ ਐਸ.ਏ.ਐਸ.ਨਗਰ ਹਲਕਿਆਂ ਦੀ ਗਿਣਤੀ ਸਰਕਾਰੀ ਪੋਲੀਟੈਕਨਿਕ ਖਰੜ ਵਿਖੇ ਜਦਕਿ ਡੇਰਾਬੱਸੀ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਵੇਗੀ। ਇਲੈਕਟ੍ਰੋਨਿਕਲੀ ਟਰਾਂਸਮਿਟਿਡ ਪੋਸਟਲ ਬੈਲਟ ਸਿਸਟਮ ਅਤੇ ਪੋਸਟਲ ਬੈਲਟ ਰਾਹੀਂ ਪਈਆਂ ਵੋਟਾਂ ਦੀ ਗਿਣਤੀ ਆਰ ਓ ਪੱਧਰ 'ਤੇ ਕੀਤੀ ਜਾਵੇਗੀ। ਜ਼ਿਲ੍ਹੇ ਵਿੱਚ ਤਿੰਨ-ਤਿੰਨ ਪਿੰਕ, ਯੂਥ ਅਤੇ ਪੀਡਬਲਯੂਡੀ ਸਟਾਫ ਦੁਆਰਾ ਪ੍ਰਬੰਧਿਤ ਪੋਲਿੰਗ ਬੂਥਾਂ ਤੋਂ ਇਲਾਵਾ 22 ਮਾਡਲ ਪੋਲਿੰਗ ਸਟੇਸ਼ਨ ਹੋਣਗੇ। ਸਾਰੇ 482 ਪੋਲਿੰਗ ਸਥਾਨਾਂ (ਚੋਣ ਬੂਥਾਂ ਦੀਆਂ ਇਮਾਰਤਾਂ ਜਿੱਥੇ ਇੱਕ ਤਿੰਨ ਜ਼ਿਆਦਾ ਚੋਣ ਬੂਥ ਵੀ ਹੋ ਸਕਦੇ ਹਨ) 'ਤੇ ਵਾਲੰਟੀਅਰ/ਵ੍ਹੀਲ ਚੇਅਰ/ਕਿਊ ਮੈਨੇਜਮੈਂਟ ਸਿਸਟਮ ਦੇ ਪ੍ਰਬੰਧ ਕੀਤੇ ਜਾਣਗੇ। ਇਸ ਤੋਂ ਇਲਾਵਾ ਸ਼ਿਕਾਇਤ ਨਿਗਰਾਨ ਪ੍ਰਣਾਲੀ ਦੀ ਪ੍ਰਗਤੀ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਬਾਰੇ ਵੀ ਚਰਚਾ ਕੀਤੀ ਗਈ। ਮੀਟਿੰਗ ਵਿੱਚ ਏ.ਡੀ.ਸੀਜ਼ ਵਿਰਾਜ ਐਸ ਤਿੜਕੇ, ਦਮਨਜੀਤ ਸਿੰਘ ਮਾਨ, ਸੋਨਮ ਚੌਧਰੀ, ਐਸ.ਡੀ.ਐਮਜ਼ ਗੁਰਮੰਦਰ ਸਿੰਘ, ਦੀਪਾਂਕਰ ਗਰਗ, ਹਿਮਾਂਸ਼ੂ ਗੁਪਤਾ, ਅਸਟੇਟ ਅਫ਼ਸਰ ਪੁੱਡਾ ਹਰਬੰਸ ਸਿੰਘ, ਅਸਟੇਟ ਅਫ਼ਸਰ ਗਮਾਡਾ ਖੁਸ਼ਦਿਲ ਸਿੰਘ ਅਤੇ ਭੋਂ ਗ੍ਰਹਿਣ ਅਫ਼ਸਰ ਗਮਾਡਾ ਜਸਲੀਨ ਕੌਰ ਸੰਧੂ ਹਾਜ਼ਰ ਸਨ।