ਬਿਨਾਂ ਕਿਸੇ ਜਾਇਜ਼ ਕਾਰਨ ਤੋਂ ਕਿਸੇ ਨੂੰ ਵੀ ਚੋਣ ਡਿਊਟੀ ਤੋਂ ਛੋਟ ਨਹੀਂ ਦਿੱਤੀ ਜਾਵੇਗੀ
ਮੋਹਾਲੀ, ਖਰੜ ਅਤੇ ਡੇਰਾਬੱਸੀ ਵਿਖੇ ਸਵੇਰ ਅਤੇ ਦੁਪਹਿਰ ਦੇ ਦੋ ਸੈਸ਼ਨਾਂ ਵਿੱਚ ਸਿਖਲਾਈ ਦਿੱਤੀ ਗਈ
ਮੋਹਾਲੀ : ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਆਗਾਮੀ ਲੋਕ ਸਭਾ ਚੋਣਾਂ-2024 ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਹਾਲੀ, ਖਰੜ ਅਤੇ ਡੇਰਾਬੱਸੀ ਵਿਖੇ ਚੋਣ ਅਮਲੇ ਦੀ ਸਿਖਲਾਈ ਦਾ ਪਹਿਲਾ ਸੈਸ਼ਨ ਆਯੋਜਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੋਲਿੰਗ ਸਟਾਫ਼ ਦੀ ਰੈਂਡਮਾਈਜ਼ੇਸ਼ਨ ਤੋਂ ਬਾਅਦ, ਪ੍ਰੀਜ਼ਾਈਡਿੰਗ ਅਫ਼ਸਰਾਂ, ਸਹਾਇਕ ਪ੍ਰੀਜ਼ਾਈਡਿੰਗ ਅਫ਼ਸਰਾਂ ਅਤੇ ਪੋਲਿੰਗ ਅਫ਼ਸਰਾਂ ਸਮੇਤ ਕੁੱਲ 5448 ਪੋਲਿੰਗ ਕਰਮਚਾਰੀਆਂ ਨੂੰ ਸਿਖਲਾਈ ਦੇ ਉਦੇਸ਼ਾਂ ਲਈ ਸਾਫ਼ਟਵੇਅਰ ਦੁਆਰਾ ਚੁਣਿਆ ਗਿਆ ਸੀ। ਭਾਰਤ ਦੇ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਪੋਲਿੰਗ ਸਟਾਫ਼ ਨੂੰ ਈ.ਵੀ.ਐਮ ਅਤੇ ਵੀ.ਵੀ.ਪੀ.ਏ.ਟੀ., ਉਨ੍ਹਾਂ ਦੀਆਂ ਚੋਣ ਡਿਊਟੀਆਂ, ਰਿਪੋਰਟਾਂ ਦੇ ਫਾਰਮੈਟਾਂ ਬਾਰੇ ਜਾਣੂ ਕਰਵਾਉਣ ਲਈ ਪਹਿਲਾ ਸਿਖਲਾਈ ਸੈਸ਼ਨ ਆਯੋਜਿਤ ਕੀਤਾ ਗਿਆ। ਮਾਸਟਰ ਟ੍ਰੇਨਰਾਂ ਅਤੇ ਸੈਕਟਰ ਸੁਪਰਵਾਈਜ਼ਰਾਂ ਦੁਆਰਾ ਵੀਡੀਓਜ਼ ਅਤੇ ਪੀਪੀਟੀ ਦੁਆਰਾ ਪੋਲਿੰਗ ਵਾਲੇ ਦਿਨ ਈਵੀਐਮਜ਼ ਨਾਲ ਸਬੰਧਤ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਵੱਖ ਵੱਖ ਢੰਗ ਤਰੀਕਿਆਂ ਤੋਂ ਜਾਣੂ ਕਰਵਾਇਆ ਗਿਆ। ਉਨ੍ਹਾਂ ਨੂੰ ਇਹ ਵੀ ਕਿਹਾ ਗਿਆ ਕਿ ਉਹ ਵੱਖ-ਵੱਖ ਉਮੀਦਵਾਰਾਂ ਦੇ ਪੋਲਿੰਗ ਏਜੰਟਾਂ ਦੇ ਸਾਹਮਣੇ ਅਸਲ ਪੋਲਿੰਗ ਸ਼ੁਰੂ ਕਰਨ ਤੋਂ ਪਹਿਲਾਂ ਈਵੀਐਮ 'ਤੇ ਮੌਕ ਪੋਲਾ ਨੂੰ ਯਕੀਨੀ ਬਣਾਉਣ। ਉਨ੍ਹਾਂ ਅੱਗੇ ਕਿਹਾ ਕਿ ਲੋਕ ਸਭਾ ਦੀ ਚੋਣ ਲਈ ਡਿਊਟੀ ਨੂੰ ਬਹੁਤ ਸਾਵਧਾਨੀ ਨਾਲ ਨਿਭਾਉਣ ਦੀ ਲੋੜ ਹੈ, ਇਸ ਲਈ ਪੋਲਿੰਗ ਤੋਂ ਪਹਿਲਾਂ ਜ਼ਿਲ੍ਹੇ ਵਿੱਚ ਕੁੱਲ ਚਾਰ ਸਿਖਲਾਈ ਸੈਸ਼ਨ ਕਰਵਾਏ ਜਾਣਗੇ। ਇਹ ਸਿਖਲਾਈ ਅੱਜ ਦੋ ਸੈਸ਼ਨਾਂ ਵਿੱਚ ਸਵੇਰੇ ਅਤੇ ਦੁਪਹਿਰ ( ਕਲਾਸ ਰੂਮਾਂ ਵਿੱਚ) ਸਟਾਫ ਨੂੰ ਮਤਦਾਨ ਦਿਵਸ ਅਤੇ ਚੋਣ ਤਿਆਰੀਆਂ ਦੀ ਤਕਨੀਕਾਂ ਨਾਲ ਲੈਸ ਕਰਨ ਲਈ ਕਰਵਾਈ ਗਈ। ਡਿਪਟੀ ਕਮਿਸ਼ਨਰ ਨੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵਿਰਾਜ ਐਸ ਤਿੜਕੇ, ਏਡੀਸੀ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ, ਏਡੀਸੀ (ਡੀ) ਸੋਨਮ ਚੌਧਰੀ ਅਤੇ ਭੂਮੀ ਗ੍ਰਹਿਣ ਅਫ਼ਸਰ ਗਮਾਡਾ ਜਸਲੀਨ ਸੰਧੂ ਨਾਲ ਸਕੂਲ ਆਫ਼ ਐਮੀਨੈਂਸ, ਫੇਜ਼ 3ਬੀ1, ਮੁਹਾਲੀ, ਸਰਕਾਰੀ ਪੌਲੀਟੈਕਨਿਕ ਕਾਲਜ, ਖੂਨੀ ਮਾਜਰਾ (ਖਰੜ) ਅਤੇ ਸਰਕਾਰੀ ਕਾਲਜ ਡੇਰਾਬੱਸੀ ਦਾ ਦੌਰਾ ਕੀਤਾ ਅਤੇ ਉਪ ਮੰਡਲ ਮੈਜਿਸਟਰੇਟ-ਕਮ-ਸਹਾਇਕ ਰਿਟਰਨਿੰਗ ਅਫਸਰਾਂ, ਦੀਪਾਂਕਰ ਗਰਗ ਮੁਹਾਲੀ, ਗੁਰਮੰਦਰ ਸਿੰਘ ਖਰੜ ਅਤੇ ਹਿਮਾਂਸ਼ੂ ਗੁਪਤਾ ਡੇਰਾਬੱਸੀ ਨੂੰ ਚੋਣ ਸਿਖਲਾਈ ਦੀ ਵਿਧੀ ਅਤੇ ਮਹੱਤਤਾ ਬਾਰੇ ਜਾਣੂ ਕਰਵਾਇਆ।