ਦਿੱਲੀ : ਸੁਰਿੰਦਰ ਸਿੰਘ ਐਡਵੋਕੇਟ ਸੰਯੋਜਕ ਬ੍ਰਾਂਚ ਸਮਾਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਿਰਦੇ ਸਮਰਾਟ ਬਾਬਾ ਹਰਦੇਵ ਸਿੰਘ ਜੀ ਦੀ ਪਵਿੱਤਰ ਯਾਦ ਵਿੱਚ 'ਸਮਰਪਣ ਦਿਵਸ' 13 ਮਈ 2024 ਦਿਨ ਸੋਮਵਾਰ ਨੂੰ ਸ਼ਾਮ 5 ਵਜੇ ਤੋਂ ਰਾਤ 9.30 ਵਜੇ ਤੱਕ ਸੰਤ ਨਿਰੰਕਾਰੀ ਅਧਿਆਤਮਿਕ ਸਥਾਨ ਸਮਾਲਖਾ (ਹਰਿਆਣਾ) ਵਿਖੇ ਸਤਿਗੁਰ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਰਾਜਪਿਤਾ ਰਮਿਤ ਜੀ ਦੀ ਛਤਰ ਛਾਇਆ ਹੇਠ ਮਨਾਇਆ ਜਾਵੇਗਾ। ਜਿਸ ਵਿੱਚ ਸਮੂਹ ਨਿਰੰਕਾਰੀ ਪਰਿਵਾਰ ਅਤੇ ਸ਼ਰਧਾਲੂ ਸ਼ਾਮਲ ਹੋ ਕੇ ਬਾਬਾ ਹਰਦੇਵ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕਰਨਗੇ।
ਬਾਬਾ ਹਰਦੇਵ ਸਿੰਘ ਜੀ ਪਿਆਰ ਤੇ ਦਇਆ ਦੇ ਜਿਉਂਦੇ ਜਾਗਦੇ ਸਰੂਪ ਸਨ। ਉਨ੍ਹਾਂ ਨੇ ਆਪਣੀ ਸਾਦਗੀ ਅਤੇ ਇਲਾਹੀ ਮੁਸਕਰਾਹਟ ਨਾਲ ਨਾ ਸਿਰਫ਼ ਨਿਰੰਕਾਰੀ ਸ਼ਰਧਾਲੂਆਂ ਨੂੰ ਮੋਹ ਲਿਆ ਸਗੋਂ ਸਾਰੀ ਮਨੁੱਖਤਾ ਨੂੰ ਕਲਿਆਣ ਦਾ ਮਾਰਗ ਅਪਣਾਕੇ ਸਾਰਥਕ ਅਤੇ ਸੰਤੁਸ਼ਟ ਜੀਵਨ ਜਿਊਣ ਦੀ ਕਲਾ ਵੀ ਸਿਖਾਈ। ਇਹੀ ਕਾਰਨ ਸੀ ਕਿ ਉਹ ਹਰ ਵਰਗ ਦੇ ਲੋਕਾਂ ਦੇ ਹਰਮਨ ਪਿਆਰੇ ਬਣੇ ਰਹੇ। ਬਾਬਾ ਜੀ ਨੇ ਮਾਰਗ ਦਰਸ਼ਕ ਬਣਕੇ ਹਰ ਸ਼ਰਧਾਲੂ ਦਾ ਹੱਥ ਫੜਿਆ ਤਾਂ ਜੋ ਉਹ ਸਾਦਾ ਅਤੇ ਸੰਤੁਸ਼ਟੀ ਭਰਿਆ ਜੀਵਨ ਬਤੀਤ ਕਰ ਸਕੇ। ਅਧਿਆਤਮਿਕ ਜਾਗਰੂਕਤਾ ਤੋਂ ਇਲਾਵਾ ਬਾਬਾ ਜੀ ਨੇ ਸਮਾਜ ਭਲਾਈ ਦੇ ਕੰਮਾਂ ਵਿੱਚ ਆਪਣਾ ਸਕਾਰਾਤਮਕ ਯੋਗਦਾਨ ਪਾਇਆ ਜਿਸ ਵਿੱਚ ਖੂਨਦਾਨ ਕਰਨਾ, ਸਫਾਈ ਮੁਹਿੰਮ, ਰੁੱਖ ਲਗਾਉਣ, ਸਿਹਤ ਜਾਂਚ ਕੈਂਪ, ਮਹਿਲਾ ਸਸ਼ਕਤੀਕਰਨ ਅਤੇ ਸਿੱਖਿਆ ਆਦਿ ਵਰਗੇ ਪ੍ਰੋਜੈਕਟ ਮਹੱਤਵਪੂਰਨ ਹਨ।
ਬਾਬਾ ਹਰਦੇਵ ਸਿੰਘ ਜੀ ਨੇ 36 ਸਾਲ ਸਤਿਗੁਰੂ ਦੇ ਰੂਪ ਵਿੱਚ ਨਿਰੰਕਾਰੀ ਮਿਸ਼ਨ ਦੀ ਵਾਗਡੋਰ ਸੰਭਾਲੀ। ਉਨ੍ਹਾਂ ਦੇ ਅਣਥੱਕ ਯਤਨਾਂ ਦਾ ਹੀ ਸਾਕਾਰਾਤਮਕ ਨਤੀਜਾ ਹੈ ਕਿ ਇਹ ਮਿਸ਼ਨ ਦੁਨੀਆ ਦੇ ਹਰ ਮਹਾਂਦੀਪ ਦੇ 60 ਦੇਸ਼ਾਂ ਵਿਚ ਪਹੁੰਚ ਚੁੱਕਾ ਹੈ, ਜਿਸ ਵਿਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਲਗਾਤਾਰ ਸੰਤ ਸਮਾਗਮ, ਯੁਵਕ ਸੰਮੇਲਨ ਅਤੇ ਸਮਾਜ ਭਲਾਈ ਦੇ ਕਾਰਜ ਕਰਵਾਏ ਜਾ ਰਹੇ ਹਨ। ਉਹਨਾਂ ਦੇ ਅਣਮੁੱਲੇ ਯੋਗਦਾਨ ਦੇ ਨਤੀਜੇ ਵਜੋਂ, ਮਿਸ਼ਨ ਨੂੰ ਵਿਸ਼ਵ ਪ੍ਰਸਿੱਧੀ ਦੇ ਨਾਲ-ਨਾਲ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਨਿਰੰਕਾਰੀ ਮਿਸ਼ਨ ਨੂੰ ਸੰਯੁਕਤ ਰਾਸ਼ਟਰ ਦੁਆਰਾ ਸਮਾਜਿਕ ਅਤੇ ਆਰਥਿਕ ਕੌਂਸਲ ਦੇ ਸਲਾਹਕਾਰ ਵਜੋਂ ਵੀ ਮਾਨਤਾ ਦਿੱਤੀ ਗਈ ਸੀ।
ਸੰਸਾਰ ਵਿੱਚ ਸ਼ਾਂਤੀ ਅਤੇ ਸਦਭਾਵਨਾ ਦੀ ਸਥਾਪਨਾ ਲਈ, ਦੂਰਅੰਦੇਸ਼ੀ ਬਾਬਾ ਹਰਦੇਵ ਸਿੰਘ ਜੀ ਨੇ "ਅਨੇਕਤਾ ਵਿੱਚ ਏਕਤਾ", "ਵਸੁਦੇਵ ਕੁਟੁੰਬਕਮ," ਅਤੇ " ਏਕ ਕੋ ਜਾਨੋ, ਏਕ ਕੋ ਮਾਨੋ ਏਕ ਹੋ ਜਾਓ" ਆਦਿ ਤੋਂ ਇਲਾਵਾ ਬਹੁਤ ਸਾਰੇ ਸੰਦੇਸ਼ ਦਿੱਤੇ। ਇਸ ਲੋਕ ਭਲਾਈ ਦੀ ਭਾਵਨਾ ਤੋਂ ਇਲਾਵਾ ਆਪਸੀ ਪਿਆਰ ਅਤੇ ਸਾਂਝ ਦੀਆਂ ਭਾਵਨਾਵਾਂ ਨੂੰ ਮਜ਼ਬੂਤ ਕਰਨ ਲਈ "ਦੀਵਾਰਾਂ ਤੋਂ ਬਿਨਾਂ ਸੰਸਾਰ" ਦੇ ਸੁੰਦਰ ਵਿਚਾਰ ਨੂੰ ਵੀ ਰੂਪ ਦਿੱਤਾ ਹੈ।
ਮੌਜੂਦਾ ਸਮੇਂ ਵਿੱਚ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਯੁਗਦ੍ਰਿਸ਼ਟਾ ਬਾਬਾ ਹਰਦੇਵ ਸਿੰਘ ਜੀ ਦੇ ਇਸ ਸੱਚੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਹਨ। ਨਿਰੰਕਾਰੀ ਮਿਸ਼ਨ ਦਾ ਹਰ ਸ਼ਰਧਾਲੂ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਆਪਣਾ ਜੀਵਨ ਸਾਰਥਕ ਬਣਾ ਰਿਹਾ ਹੈ।