ਫਤਹਿਗੜ੍ਹ ਸਾਹਿਬ : ਡਿਪਟੀ ਕਮਿਸ਼ਨਰ-ਕਮ-ਲਾਇਸੈਂਸਿੰਗ ਅਥਾਰਟੀ ਫਤਹਿਗੜ੍ਹ ਸਾਹਿਬ ਸ੍ਰੀਮਤੀ ਪਰਨੀਤ ਸ਼ੇਰਗਿੱਲ, ਨੇ ਪੰਜਾਬ ਪ੍ਰੀਵੈਨਸ਼ਨ ਆਫ ਹਿਊਮਨ ਸਮੱਗਲਿੰਗ ਐਕਟ,2012(ਪੰਜਾਬ ਐਕਟ, ਨੰ2 ਆਫ 2013) ਦੇ ਸੈਕਸ਼ਨ 6(ਆਈ)(ਜੀ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਫਤਹਿਗੜ੍ਹ ਸਾਹਿਬ ਵਿਖੇ ਸਥਿਤ ਤਿੰਨ ਆਈਲੈਟਸ ਅਤੇ ਵੀਜ਼ਾ ਕੰਨਸਲਟੈਂਸੀ ਕੰਪਨੀਆਂ ਦੇ ਲਾਇਸੰਸ ਰੱਦ ਕੀਤੇ ਗਏ ਹਨ। ਨਿਯਮਾਂ ਮੁਤਾਬਿਕ ਉਨ੍ਹਾਂ ਵੱਲੋਂ ਉਨ੍ਹਾਂ ਦੇ ਲਾਇਸੰਸ ਦੀ ਮਿਆਦ ਖਤਮ ਹੋਣ ਤੋਂ 02 ਮਹੀਨੇ ਪਹਿਲਾਂ ਅਪਲਾਈ ਕਰਨਾਂ ਹੁੰਦਾ ਹੈ ਪਰ ਉਨ੍ਹਾਂ ਵੱਲੋਂ ਆਪਣਾ ਲਾਇਸੰਸ ਰੀਨਿਊ ਕਰਵਾਉਣ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ। ਮਿਆਦ ਲੰਘਣ ਤੋਂ ਬਾਅਦ ਵੀ ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਉਹਨਾਂ ਨੂੰ 15 ਦਿਨ ਦੇ ਅੰਦਰ ਅੰਦਰ ਲਾਇਸੰਸ ਰੀਨਿਊ ਕਰਵਾਉਣ ਲਈ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਕੋਈ ਦਰਖਾਸਤ ਪੇਸ਼ ਨਹੀਂ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਿਮਾਂਸ਼ੂ ਬਾਂਸਲ ਪੁੱਤਰ ਦੇਵ ਰਾਜ ਬਾਂਸਲ ਵਾਸੀ ਬੱਸੀ ਪਠਾਣਾਂ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਨਾਮ 'ਤੇ ਆਈਪੀਸੀ ਐਜੂਕੇਸ਼ਨ ਮਾਈਗ੍ਰੇਸ਼ਨ ਅਤੇ ਟ੍ਰੇਨਿੰਗ ਸਲਿਊਸ਼ਨ ਪ੍ਰ.ਲਿ. ਡਿਫੈਂਸ ਬੰਨ ਰੋਡ,ਚੀਮਾ ਕੰਪਲੈਕਸ ਸਰਹਿੰਦ ਵਿਖੇ ਆਈਲੈਟਸ ਅਤੇ ਵੀਜ਼ਾ ਕੰਨਸਲਟੈਂਸੀ ਦਾ ਲਾਇਸੰਸ ਨੰ.19/ਐਮ.ਸੀ-1 ਮਿਤੀ 27.11.2018 ਨੂੰ ਜਾਰੀ ਕੀਤਾ ਗਿਆ ਸੀ। ਜਿਸ ਦੀ ਮਿਆਦ 26.11.2023 ਤੱਕ ਸੀ। ਗੀਤੇਸ਼ ਸਿੰਗਲਾ ਪੁੱਤਰ ਨਵਨੀਤ ਸਿੰਗਲਾ ਵਾਸੀ ਸਰਹਿੰਦ ਮੰਡੀ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਨਾਮ 'ਤੇ ਐਮ/ਐਸ ਕੌਸਮਿਕ ਐਜੂਕੇਅਰ, ਰੋਪੜ ਬੱਸ ਸਟੈਂਡ ਸਰਹਿੰਦ ਦਾ ਲਾਇਸੰਸ ਨੰ.25/ਐਮ.ਸੀ-1 ਮਿਤੀ 02.01.2019 ਨੂੰ ਜਾਰੀ ਕੀਤਾ ਗਿਆ ਸੀ ਜੋ ਕਿ 31.12.2023 ਤੱਕ ਵੈਲਿਡ ਸੀ। ਇਸੇ ਤਰ੍ਹਾਂ ਗੁਰਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਰੌਣੀ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ ਦੇ ਨਾਮ 'ਤੇ ਐਮ/ਐਸ ਲਰਨਿੰਗ ਟਰੀ, ਐਸ.ਸੀ.ਓ.-07 ਨੈਨੋ ਸਿਟੀ ਸਰਹਿੰਦ ਚੰਡੀਗੜ੍ਹ ਰੋਡ, ਸਾਹਮਣੇ ਮੌਡਰਨ ਵੈਲੀ ਫਤਹਿਗੜ੍ਹ ਸਾਹਿਬ ਵਿਖੇ ਆਈਲੈਟਸ ਕੋਚਿੰਗ ਸੈਂਟਰ ਦਾ ਲਾਇਸੰਸ ਨੰ.16/ਐਮ.ਸੀ-1 ਮਿਤੀ 05.10.2018 ਨੂੰ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 03.10.2023 ਤੱਕ ਸੀ। ਇਸ ਤੋਂ ਇਲਾਵਾ ਐਕਟ/ਰੂਲਜ਼ ਮੁਤਾਬਿਕ ਕਿਸੇ ਵੀ ਕਿਸਮ ਦੀ ਕੋਈ ਵੀ ਸ਼ਿਕਾਇਤ ਆਦਿ ਦੇ ਉਕਤ ਲਾਇਸੰਸੀ ਹਰ ਪੱਖੋਂ ਜ਼ਿੰਮੇਵਾਰ ਹੋਣਗੇ ਅਤੇ ਭਰਪਾਈ ਕਰਨ ਦੇ ਵੀ ਜ਼ਿੰਮੇਵਾਰ ਹੋਣਗੇ।