ਸੁਨਾਮ : ਸੂਬੇ ਦੇ ਖਜ਼ਾਨੇ ਵਿੱਚ ਟੈਕਸਾਂ ਰਾਹੀਂ ਅਦਾਇਗੀ ਕਰਨ ਵਾਲੇ ਵਪਾਰ ਉਪਰ ਹੁਣ ਸਾਫ ਤੌਰ ਤੇ ਖਤਰਾ ਮੰਡਰਾਉਂਦਾ ਦਿਖਾਈ ਦੇ ਰਿਹਾ ਹੈ ਜਦਕਿ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਵਪਾਰ ਨੂੰ ਹਮੇਸ਼ਾ ਪ੍ਰਫੁੱਲਿਤ ਕਰਨ ਦੀਆਂ ਗੱਲਾਂ ਕੀਤੀਆਂ ਗਈਆਂ ਪਰ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਵਪਾਰ ਦੀ ਜ਼ਮੀਨੀ ਹਕੀਕਤ ਕੁਝ ਹੋਰ ਬਣਨ ਨਾਲ ਸੂਬੇ ਦਾ ਉਦਯੋਗ ਬਾਹਰੀ ਰਾਜਾਂ ਵੱਲ ਜਾ ਰਿਹਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਵਪਾਰ ਮੰਡਲ ਸੁਨਾਮ ਯੂਨਿਟ ਦੇ ਪ੍ਰਧਾਨ ਪਵਨ ਗੁੱਜਰਾਂ ਨੇ ਕੀਤਾ। ਵਪਾਰ ਮੰਡਲ ਯੂਨਿਟ ਪ੍ਰਧਾਨ ਪਵਨ ਗੁੱਜਰਾਂ ਨੇ ਕਿਹਾ ਕਿ ਵਪਾਰਕ ਖੇਤਰ ਨਾਲ ਹਮੇਸ਼ਾ ਤ੍ਰਾਸਦੀ ਰਹੀ ਹੈ ਜਿਵੇਂ ਕਿ ਪਿਛਲੇ ਸਮੇਂ ਦੌਰਾਨ ਦੁਨੀਆਂ ਭਰ ਵਿੱਚ ਆਈ ਕੋਰੋਨਾ ਮਹਾਮਾਰੀ ਨੇ ਪਹਿਲਾਂ ਵਪਾਰ ਨੂੰ ਵੱਡੀ ਢਾਹ ਲਾਈ ਹੈ ਅਤੇ ਸਮੇਂ-ਸਮੇਂ ਦਿੱਤੇ ਗਏ ਧਰਨਿਆਂ ਅਤੇ ਰੇਲ ਰੋਕੋ ਅੰਦਲੋਨਾਂ ਨਾਲ ਵਪਾਰ ਨੂੰ ਹੋਰ ਵੀ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਹੁਣ ਹਾਲਾਤ ਇਹ ਬਣ ਚੁੱਕੇ ਹਨ ਕਿ ਵਪਾਰਕ ਖੇਤਰ ਤੇ ਵੱਡਾ ਆਰਥਿਕ ਖਤਰਾ ਮੰਡਰਾਉਂਦਾ ਦਿਖਾਈ ਦੇ ਰਿਹਾ ਹੈ ਅਤੇ ਪਹਿਲਾਂ ਵੀ ਸਰਕਾਰਾਂ ਵੱਲੋਂ ਅਜਿਹੇ ਵਿੱਚੋਂ ਬਾਹਰ ਕੱਢਣ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ ਅਤੇ ਹਰ ਵਾਰ ਸਿਆਸੀ ਪਾਰਟੀਆਂ ਵੱਲੋਂ ਵੋਟਾਂ ਦੀ ਰਾਜਨੀਤੀ ਕਰਕੇ ਆਪਣਾ ਸਮਾਂ ਗੁਜਾਰਿਆ ਗਿਆ ਜਿਸ ਨਾਲ ਵਪਾਰ ਹਮੇਸ਼ਾ ਹੇਠਾਂ ਵੱਲ ਜਾਂਦਾ ਰਿਹਾ। ਉਹਨਾਂ ਕਿਹਾ ਕਿ ਜੇਕਰ ਇਹੀ ਹਾਲਾਤ ਰਹੇ ਤਾਂ ਇੱਕ ਦਿਨ ਸੂਬੇ ਵਿੱਚੋਂ ਵਪਾਰ ਖਤਮ ਹੋ ਜਾਵੇਗਾ ਅਤੇ ਇਸ ਨਾਲ ਸਿਰਫ ਵਪਾਰਕ ਖੇਤਰ ਨੂੰ ਹੀ ਢਾਹ ਨਹੀਂ ਲੱਗੇਗੀ ਬਲਕਿ ਸਰਕਾਰ ਦੇ ਖਜ਼ਾਨੇ ਤੇ ਵੀ ਅਸਰ ਪਵੇਗਾ। ਉਹਨਾਂ ਕਿਹਾ ਕਿ ਸਮੂਹ ਵਪਾਰੀ ਵਰਗ ਵੱਲੋਂ ਸਮੇਂ-ਸਮੇਂ ਤੇ ਆਪਣੀਆਂ ਸਮੱਸਿਆਵਾਂ ਅਤੇ ਆਵਾਜ਼ ਚੁੱਕੀ ਜਾਂਦੀ ਰਹੀ ਹੈ ਪਰ ਸਰਕਾਰ ਵੱਲੋਂ ਇਸ ਵੱਲ ਕੋਈ ਧਿਆਨ ਨਾ ਦੇਣ ਕਰਕੇ ਸੂਬੇ ਦਾ ਉਦਯੋਗ ਬਾਹਰੀ ਸੂਬਿਆਂ ਵੱਲ ਜਾ ਰਿਹਾ ਹੈ ਜਿਸ ਨਾਲ ਇਹਨਾਂ ਉਦਯੋਗਾਂ ਰਾਹੀਂ ਆਉਣ ਵਾਲਾ ਟੈਕਸ ਵੀ ਸੂਬਾ ਸਰਕਾਰ ਦੀ ਬਜਾਏ ਦੂਜੇ ਸੂਬਿਆਂ ਦੀ ਸਰਕਾਰ ਦੇ ਖਜ਼ਾਨੇ ਵਿੱਚ ਜਾ ਰਿਹਾ ਹੈ। ਉਹਨਾਂ ਕਿਹਾ ਵਪਾਰੀ ਵਰਗ ਨੇ ਹਮੇਸ਼ਾ ਸਰਕਾਰਾਂ ਦਾ ਸਾਥ ਅਤੇ ਸਹਿਯੋਗ ਕੀਤਾ ਹੈ ਅਤੇ ਸਰਕਾਰਾਂ ਨੂੰ ਵੀ ਵਪਾਰ ਪ੍ਰਤੀ ਸੋਚਣ ਦੀ ਲੋੜ ਹੈ ਤਾਂ ਜੋ ਸੂਬੇ ਦਾ ਉਦਯੋਗ ਸੂਬੇ ਵਿੱਚ ਰਹਿ ਕੇ ਹੀ ਤਰੱਕੀ ਕਰ ਸਕੇ। ਇਸ ਮੌਕੇ ਵੱਖ-ਵੱਖ ਵਪਾਰਕ ਸੰਗਠਨਾਂ ਦੇ ਅਜੇ ਮਸਤਾਨੀ, ਸੋਮ ਨਾਥ, ਸੁਰਜੀਤ ਸਿੰਘ ਆਨੰਦ, ਅਮਰ ਨਾਥ ਸਿੰਗਲਾ ਅਤੇ ਰਾਕੇਸ਼ ਕੁਮਾਰ ਕਾਕਾ ਨੇ ਵੀ ਸਰਕਾਰ ਨੂੰ ਵਪਾਰ ਦੀ ਪ੍ਰਫੁੱਲਤਾ ਵੱਲ ਧਿਆਨ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਸਮਾਂ ਰਹਿੰਦੇ ਵਪਾਰ ਨੂੰ ਡੂੰਘੇ ਸੰਕਟ ਵਿੱਚ ਜਾਣ ਤੋਂ ਬਚਾਇਆ ਜਾ ਸਕੇ।