ਮੋਹਾਲੀ : 06-ਅਨੰਦਪੁਰ ਸਾਹਿਬ, ਲੋਕ ਸਭਾ ਹਲਕਾ ਲਈ ਸਹਾਇਕ ਰਿਟਰਨਿੰਗ ਅਫਸਰ ਅਤੇ ਐਸ.ਡੀ.ਐਮ ਮੋਹਾਲੀ ਦੀਪਾਂਕਰ ਗਰਗ ਨੇ ਦੱਸਿਆ ਕਿ ਮਤਦਾਨ ਵਾਲੇ ਦਿਨ (1 ਜੂਨ, 2024) ਵਰਤੋਂ ਲਈ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਅਤੇ ਵੋਟਰ ਵੈਰੀਫਾਈਡ ਪੇਪਰ ਆਡਿਟ ਟ੍ਰੇਲ (ਵੀਵੀਪੀਏਟੀ) ਮਸ਼ੀਨਾਂ ਦੀ ਕਮਿਸ਼ਨਿੰਗ (ਮਤਦਾਨ ਵਾਲੇ ਦਿਨ ਦੀ ਤਿਆਰੀ) ਅੱਜ ਸ਼ਾਮ 53-ਐਸ.ਏ.ਐਸ. ਨਗਰ ਵਿੱਚ ਮੁਕੰਮਲ ਕਰ ਲਈ ਗਈ ਹੈ। ਸਪੋਰਟਸ ਕੰਪਲੈਕਸ, 78, ਮੁਹਾਲੀ ਦੇ ਸਟਰਾਂਗ ਰੂਮ ਵਿਖੇ ਈ.ਵੀ.ਐਮਜ਼ ਅਤੇ ਵੀ.ਵੀ.ਪੀ.ਏ.ਟੀ. ਦੀ ਤਿਆਰੀ ਦਾ ਜਾਇਜ਼ਾ ਲੈਂਦਿਆਂ ਐਸ.ਡੀ.ਐਮ ਗਰਗ ਨੇ ਦੱਸਿਆ ਕਿ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਇਸ ਦੀ ਸ਼ੁਰੂਆਤ ਕੀਤੀ ਗਈ। ਵਿਧਾਨ ਸਭਾ ਹਲਕਾ ਐਸ.ਏ.ਐਸ.ਨਗਰ (ਮੁਹਾਲੀ) ਦੇ 251 ਪੋਲਿੰਗ ਬੂਥਾਂ 'ਤੇ ਮਤਦਾਨ ਵਾਲੇ ਦਿਨ ਵਾਸਤੇ 502 ਬੈਲਟ ਯੂਨਿਟ (28 ਉਮੀਦਵਾਰ + 1 ਨੋਟਾ ਲਈ), 251 ਕੰਟਰੋਲ ਯੂਨਿਟ ਅਤੇ 251 ਵੋਟਰ ਵੈਰੀਫਾਈਬਲ ਪੇਪਰ ਆਡਿਟ ਟ੍ਰੇਲ ਤਿਆਰ ਕੀਤੇ ਗਏ ਸਨ। ਉਨ੍ਹਾਂ ਅੱਗੇ ਕਿਹਾ ਕਿ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ/ਚੋਣ ਵਾਲੇ ਉਮੀਦਵਾਰਾਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਸਾਰਾ ਕੰਮ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕੀਤਾ ਗਿਆ। ਕੁੱਲ 5 ਪ੍ਰਤੀਸ਼ਤ (13) ਈਵੀਐਮ ਅਤੇ ਵੀਵੀਪੀਏਟੀਜ਼ ਨੂੰ ਰੈਂਡਮਲੀ ਚੁਣ ਕੇ ਹਰੇਕ 'ਤੇ 1000 ਵੋਟਾਂ ਦੇ ਮੌਕ ਪੋਲ ਰਾਹੀਂ ਟੈਸਟ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ 20 ਫੀਸਦੀ ਬੀ.ਯੂ., ਸੀ.ਯੂ. ਅਤੇ ਵੀ.ਵੀ.ਪੀ.ਏ.ਟੀ. ਨੂੰ ਚੋਣਾਂ ਵਾਲੇ ਦਿਨ ਤਕਨੀਕੀ ਖਰਾਬੀ ਕਾਰਨ ਬਦਲਣ ਦੀ ਲੋੜ ਦੀ ਸੂਰਤ ਵਿੱਚ ਰਾਖਵੀਆਂ ਰੱਖਿਆ ਗਿਆ ਹੈ। ਇਸ ਪ੍ਰਕਿਰਿਆ ਦੌਰਾਨ ਲੋਕ ਸਭਾ ਚੋਣਾਂ 2024 ਲਈ ਅਨੰਦਪੁਰ ਸਾਹਿਬ ਤੋਂ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਨਾਵਾਂ, ਫੋਟੋਆਂ ਅਤੇ ਚੋਣ ਚਿੰਨ੍ਹਾਂ ਦੇ ਨਾਲ ਬੈਲਟ ਪੇਪਰ ਨਾਲ ਬੈਲਟ ਯੂਨਿਟ ਫਿਕਸ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਸ਼ੀਨਾਂ ਨੂੰ ਪੋਲਿੰਗ ਵਾਲੇ ਦਿਨ 251 ਪੋਲਿੰਗ ਬੂਥਾਂ 'ਤੇ ਲਗਾਇਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਨਿਰੀਖਣ ਦਾ ਮੁੱਖ ਮੰਤਵ ਲੋਕ ਸਭਾ ਚੋਣਾਂ ਲਈ ਪੋਲਿੰਗ ਨੂੰ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਯਕੀਨੀ ਬਣਾਉਣਾ ਹੈ। ਉਨ੍ਹਾਂ ਭਾਰਤ ਇਲੈਕਟ੍ਰਿਕ ਲਿਮਟਿਡ (ਬੀ.ਈ.ਐਲ.) ਦੇ ਇੰਜਨੀਅਰਾਂ ਨਾਲ ਵੀ ਵਿਸਥਾਰਪੂਰਵਕ ਗੱਲਬਾਤ ਕੀਤੀ, ਜਿਨ੍ਹਾਂ ਨੂੰ ਇਹ ਮਸ਼ੀਨਾਂ ਤਿਆਰ ਕਰਨ ਦੀ ਡਿਊਟੀ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਚੋਣਾਂ ਨੂੰ ਨਿਰਵਿਘਨ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਇਹ ਅਭਿਆਸ ਚੋਣਾਂ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ। 2 ਬੀ ਈ ਐੱਲ ਕੰਪਨੀ ਦੇ ਇੰਜੀਨੀਅਰਾਂ ਦੀ ਮਦਦ ਨਾਲ 25 ਸੁਪਰਵਾਈਜ਼ਰਾਂ ਨੇ ਇਹ ਕੰਮ ਸਫਲਤਾਪੂਰਵਕ ਕੀਤਾ।