ਰਾਜਨੀਤਕਾਂ ਨੂੰ ਇਸ ਸਮੇਂ ਦੌਰਾਨ ਕੋਈ ਲੰਗਰ, ਕੋਈ ਭੰਡਾਰਾ ਨਹੀਂ ਲਾਉਣ ਦਿੱਤਾ ਜਾਵੇਗਾ
ਪੁਲਿਸ, ਆਬਕਾਰੀ, ਜੀ ਐਸ ਟੀ ਵਿਭਾਗਾਂ ਨੂੰ ਕਿਸੇ ਵੀ ਕਿਸਮ ਦੇ ਮਤਦਾਤਾਵਾਂ ਨੂੰ ਲੋਭ ਦੇਣ ਦੇ ਤਰੀਕਿਆਂ ਨੂੰ ਰੋਕਣ ਲਈ ਵਿਸ਼ੇਸ਼ ਚੌਕਸੀ ਰੱਖਣ ਦੇ ਨਿਰਦੇਸ਼
ਸਟੈਟਿਕ ਸਰਵੇਲੈਂਸ ਟੀਮਾਂ ਅਤੇ ਫਲਾਇੰਗ ਸਕੁਐਡ ਟੀਮਾਂ ਦੀ ਗਿਣਤੀ ’ਚ ਵਾਧਾ
ਚੋਣਾਂ ਦੇ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਸੰਚਾਲਨ ਲਈ ਲਗਭਗ 4,000 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਜਾਣਗੇ, ਐਸ ਐਸ ਪੀ ਡਾ: ਸੰਦੀਪ ਗਰਗ
ਡੀ ਸੀ ਅਤੇ ਐਸ ਐਸ ਪੀ ਨੇ 48 ਘੰਟਿਆਂ ਦੌਰਾਨ ਵਧੇਰੇ ਚੌਕਸ ਰਹਿਣ ਲਈ ਸਾਰੇ ਨੋਡਲ ਅਫਸਰਾਂ ਨਾਲ ਕੀਤੀ ਮੀਟਿੰਗ
ਮੋਹਾਲੀ : ਲੋਕ ਸਭਾ ਚੋਣਾਂ-2024 ਨੂੰ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਬਣਾਉਣ ਲਈ ਭਲਕੇ (ਬੁੱਧਵਾਰ) ਸ਼ਾਮ ਤੋਂ 72 ਘੰਟੇ ਦੀ ਸਟੈਂਡਰਡ ਓਪਰੇਟਿੰਗ (ਐਸ ਓ ਪੀ) ਪ੍ਰਕਿਰਿਆ ਲਾਗੂ ਹੋ ਜਾਵੇਗੀ, ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੁਹਾਲੀ ਵਿਖੇ ਐਸ ਐਸ ਪੀ ਡਾ. ਸੰਦੀਪ ਗਰਗ ਨਾਲ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ।
ਡਿਪਟੀ ਕਮਿਸ਼ਨਰ ਸ੍ਰੀਮਤੀ ਜੈਨ ਨੇ ਦੱਸਿਆ ਕਿ ਵੋਟਾਂ ਨੂੰ ਕਿਸੇ ਵੀ ਤਰ੍ਹਾਂ ਦੇ ਲੋਭ-ਲਾਲਚ ਤੋਂ ਮੁਕਤ ਰੱਖਣ ਲਈ ਨਕਦੀ, ਨਸ਼ੇ, ਸ਼ਰਾਬ ਅਤੇ ਕੀਮਤੀ ਸਮਾਨ ਦੀ ਢੋਆ-ਢੁਆਈ ’ਤੇ ਸਖ਼ਤ ਨਜ਼ਰ ਰੱਖੀ ਜਾਵੇਗੀ ਤਾਂ ਜੋ ਕੋਈ ਵੀ ਅਜਿਹੀ ਵਸਤੂ ਜੋ ਇਕ ਜਾਂ ਦੂਜੇ ਢੰਗ ਨਾਲ ਚੋਣ ਪ੍ਰਕਿਰਿਆ ਵਿਚ ਵਿਘਨ ਪਾ ਸਕਦੀ ਹੈ, ਦੀ ਢੋਆ ਢੁਆਈ ਨਾ ਕਰ ਸਕੇ।
ਉਨ੍ਹਾਂ ਕਿਹਾ ਕਿ ਪੁਲਿਸ, ਆਬਕਾਰੀ, ਜੀ ਐਸ ਟੀ, ਸਟੈਟਿਕ ਸਰਵੇਲੈਂਸ ਅਤੇ ਫਲਾਇੰਗ ਸਕੁਐਡ ਟੀਮਾਂ ਸਮੇਤ ਚੈਕਿੰਗ ਟੀਮਾਂ ਨੂੰ ਵਾਹਨ ਅਤੇ ਲਾਰੀਆਂ ਦੀ ਚੈਕਿੰਗ ਕਰਨ ਲਈ ਵਾਧੂ ਚੌਕਸੀ ’ਤੇ ਰੱਖਿਆ ਜਾਵੇਗਾ। ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ 50,000 ਤੋਂ ਵੱਧ ਦੀ ਰਕਮ ਆਪਣੇ ਨਾਲ ਲੈ ਕੇ ਜਾਣੀ ਹੈ ਤਾਂ ਸਾਰੇ ਜਾਇਜ਼ ਦਸਤਾਵੇਜ਼ ਆਪਣੇ ਕੋਲ ਰੱਖਣ। ਉਨ੍ਹਾਂ ਕਿਹਾ ਕਿ ਉਪਰੋਕਤ ਸਾਰੀਆਂ ਟੀਮਾਂ ਨੂੰ ਇੱਕ ਟੀਮ ਵਜੋਂ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਡਰ ਰਹਿਤ ਰੱਖਣ ਲਈ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਨੱਥ ਪਾਈ ਜਾ ਸਕੇ।
ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਤਸਕਰੀ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਰੋਕਣ ਲਈ ਟਰੱਕਾਂ ਅਤੇ ਵਪਾਰਕ ਵਾਹਨਾਂ ਦੀ ਜ਼ਿਲ੍ਹੇ ’ਚ ਅਤੇ ਅੰਤਰ-ਰਾਜੀ ਆਵਾਜਾਈ ਦੀ ਸਖ਼ਤੀ ਨਾਲ ਜਾਂਚ ਕੀਤੀ ਜਾਵੇਗੀ। ਉਸਨੇ ਆਪਣੇ ਪੁਲਿਸ ਹਮਰੁਤਬਾ ਨੂੰ ਸਮਾਜ ਵਿਰੋਧੀ ਅਨਸਰਾਂ ਦੀ ਹਰਕਤ ਨੂੰ ਰੋਕਣ ਲਈ ਅੰਤਰਰਾਜੀ ਸਰਹੱਦਾਂ ’ਤੇ ਸਾਂਝੀ ਨਾਕਾਬੰਦੀ ਲਈ ਯੂ ਟੀ ਅਤੇ ਹੋਰ ਗੁਆਂਢੀ ਰਾਜਾਂ ਦੀ ਪੁਲਿਸ ਨਾਲ ਸੰਪਰਕ ਵਿੱਚ ਰਹਿਣ ਲਈ ਕਿਹਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮੇਂ ਦੌਰਾਨ ਆਮ ਵਰਤਾਰੇ ਵਾਲੇ ਧਾਰਮਿਕ ਸਥਾਨਾਂ ਤੋਂ ਇਲਾਵਾ ਕੋਈ ਵੀ ਲੰਗਰ ਅਤੇ ਭੰਡਾਰੇ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸੇ ਤਰ੍ਹਾਂ, ਪੈਸੇ ਦੇ ਪ੍ਰਵਾਹ ਨੂੰ ਰੋਕਣ ਲਈ ਗੈਰ-ਸਰਕਾਰੀ ਸੰਗਠਨਾਂ ਅਤੇ ਸਵੈ ਸਹਾਇਤਾ ਸਮੂਹਾਂ ਨੂੰ ਗ੍ਰਾਂਟਾਂ ਦੀ ਵੰਡ ਦੀ ਆਗਿਆ ਵੀ ਨਹੀਂ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਮੇਂ ਲਈ ਸਟੈਟਿਕ ਸਰਵੇਲੈਂਸ ਅਤੇ ਫਲਾਇੰਗ ਸਕੁਐਡ ਦੀਆਂ ਟੀਮਾਂ ਮੌਜੂਦਾ 9 ਪ੍ਰਤੀ ਹਲਕੇ ਤੋਂ ਵਧਾ ਕੇ 12 ਕਰ ਦਿੱਤੀਆਂ ਗਈਆਂ ਹਨ। ਖਰੜ ਹਲਕੇ ਵਿੱਚ ਪੈਂਦੇ ਅੱਠ ਪੋਲਿੰਗ ਸਥਾਨਾਂ, ਜਿੱਥੇ ਮੋਬਾਈਲ ਕੁਨੈਕਟੀਵਿਟੀ ਘੱਟ ਹੈ, ਵਿੱਚ ਮਾਈਕਰੋ ਅਬਜ਼ਰਵਰ, ਵੈਬਕਾਸਟਿੰਗ ਅਤੇ ਸੀਸੀਟੀਵੀ ਕੈਮਰੇ ਤਾਇਨਾਤ ਕਰਨ ਤੋਂ ਇਲਾਵਾ ਮੋਟਰ ਸਾਈਕਲਾਂ ਅਤੇ ਮੈਸੇਂਜਰਾਂ ਨਾਲ ਲੈਸ ਕੀਤਾ ਗਿਆ ਹੈ। ਇਸੇ ਤਰ੍ਹਾਂ, 33 ਸਥਾਨਾਂ ’ਤੇ ਸਥਿਤ 89 ਕਮਜ਼ੋਰ/ਨਾਜ਼ੁਕ ਪੋਲਿੰਗ ਬੂਥਾਂ ’ਤੇ ਵੀ ਸਖਤ ਨਿਗਰਾਨੀ ਰੱਖੀ ਜਾਵੇਗੀ। ਸਾਰੇ ਮੈਰਿਜ ਪੈਲੇਸਾਂ, ਰਿਜ਼ੋਰਟਾਂ, ਬੈਂਕੁਇਟ ਹਾਲਾਂ, ਲੋਕਲ ਬਾਡੀਜ਼ ਦੇ ਕਮਿਊਨਿਟੀ ਹਾਲਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਅਗਲੇ 72 ਘੰਟਿਆਂ ਦੀ ਬੁਕਿੰਗ ਤੁਰੰਤ ਪ੍ਰਭਾਵ ਨਾਲ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਕੋਲ ਦੱਸਣ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਇਨ੍ਹਾਂ ਦੀ ਵਰਤੋਂ ਚੋਣਾਂ ਨਾਲ ਸਬੰਧਤ ਇਕੱਠਾਂ ਲਈ ਥਾਂ ਨਹੀਂ ਕੀਤੀ ਜਾ ਰਹੀ।
ਉਨ੍ਹਾਂ ਕਿਹਾ ਕਿ ਹੁਣ ਤੱਕ ਸੀ ਵਿਜਿਲ ਅਤੇ ਟੋਲ ਫ੍ਰੀ ਨੰਬਰ 1950 ’ਤੇ ਐਮ ਸੀ ਸੀ ਦੀ ਉਲੰਘਣਾ ਨਾਲ ਸਬੰਧਤ 825 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਅਤੇ ਜ਼ਿਆਦਾਤਰ ਸ਼ਿਕਾਇਤਾਂ ਦਾ ਨਿਸ਼ਚਿਤ ਸਮੇਂ ਵਿੱਚ ਨਿਪਟਾਰਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਐਸ ਐਸ ਟੀ/ਐਫ ਐਸ ਟੀ ਟੀਮਾਂ ਵੱਲੋਂ 2.5 ਕਰੋੜ ਦੀ ਨਕਦੀ ਜ਼ਬਤ ਕੀਤੀ ਗਈ ਹੈ ਜਦਕਿ 3.21 ਕਰੋੜ ਦੀ ਪੁਲੀਸ ਨੇ ਬਰਾਮਦ ਕੀਤੀ ਹੈ। ਜ਼ਿਲੇ ਵਿੱਚ 16 ਮਾਰਚ (ਆਚਾਰ ਜ਼ਾਬਤਾ ਲਾਗੂ ਹੋਣ ਦੇ ਦਿਨ) ਤੋਂ ਲੈ ਕੇ ਦਿਨ ਤੱਕ 3.64 ਕਰੋੜ ਰੁਪਏ ਦੀਆਂ ਹੋਰਨਾਂ ਵਸਤੂਆਂ ਦੀ ਰਿਕਵਰੀ ਕੀਤੀ ਗਈ ਹੈ। ਇਸੇ ਤਰ੍ਹਾਂ 2.25 ਕਰੋੜ ਰੁਪਏ ਦੀਆਂ ਕੀਮਤੀ ਵਸਤਾਂ, 14 ਲੱਖ ਰੁਪਏ ਮੁੱਲ ਦੀ ਸ਼ਰਾਬ, 3.41 ਕਰੋੜ ਮੁੱਲ ਦੇ ਨਸ਼ੇ ਬਰਾਮਦ ਕੀਤੇ ਗਏ ਹਨ।
ਸੀਨੀਅਰ ਪੁਲਿਸ ਕਪਤਾਨ ਡਾ. ਸੰਦੀਫ ਗਰਗ ਨੇ ਪਿਛਲੇ 72 ਘੰਟਿਆਂ ਦੌਰਾਨ ਸੁਰੱਖਿਆ ਪ੍ਰਬੰਧਾਂ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਗਾਊਂ ਤੈਨਾਤੀ ਯੋਜਨਾ ਤਹਿਤ 4000 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਇਸ ਤੋਂ ਇਲਾਵਾ 70 ਪੈਟਰੋਲਿੰਗ ਟੀਮਾਂ 24 ਘੰਟੇ ਫੀਲਡ ਵਿੱਚ ਸਰਗਰਮ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਟੀਮਾਂ ਦੀ ਮਦਦ ਨਾਲ ਹੁਣ ਤੱਕ 12 ਕਰੋੜ ਦੀ ਰਿਕਵਰੀ ਕੀਤੀ ਜਾ ਚੁੱਕੀ ਹੈ, ਜਿਸ ਵਿੱਚੋਂ 6.5 ਕਰੋੜ ਦੀ ਨਕਦੀ ਹੈ। 56 ਦੇ ਕਰੀਬ ਹਥਿਆਰ ਬਰਾਮਦ ਕੀਤੇ ਗਏ ਹਨ ਅਤੇ ਚੋਣ ਪ੍ਰਕਿਰਿਆ ਨੂੰ ਸਾਫ਼-ਸੁਥਰਾ ਅਤੇ ਨਿਰਪੱਖ ਰੱਖਣ ਲਈ ਬੇਈਮਾਨ ਤੱਤਾਂ ਪ੍ਰਤੀ ਜ਼ੀਰੋ ਟੋਲਰੈਂਸ ਦੀ ਨੀਤੀ ਬਣਾਈ ਗਈ ਹੈ।
ਉਨਾਂ ਕਿਹਾ ਕਿ ਜ਼ਿਲੇ ਵਿੱਚ ਅਮਨ-ਕਾਨੂੰਨ ਬਣਾਈ ਰੱਖਣ ਅਤੇ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਜ਼ਿਲਾ ਪੁਲਿਸ ਵੱਲੋਂ ਪੁਖਤਾ ਕਦਮ ਚੁੱਕੇ ਜਾ ਰਹੇ ਹਨ। ਇਸ ਤੋਂ ਪਹਿਲਾਂ ਡੀ ਸੀ ਵੱਲੋਂ ਐਸ ਐਸ ਪੀ ਡਾ. ਸੰਦੀਪ ਗਰਗ, ਏ ਡੀ ਸੀ ਵਿਰਾਜ ਐਸ ਤਿੜਕੇ, ਦਮਨਜੀਤ ਸਿੰਘ ਮਾਨ ਅਤੇ ਸੋਨਮ ਚੌਧਰੀ, ਐਮ ਸੀ ਕਮਿਸ਼ਨਰ ਨਵਜੋਤ ਕੌਰ, ਸਹਾਇਕ ਕਮਿਸ਼ਨਰ ਜੀ ਐਸ ਟੀ ਮੁਨੀਸ਼ ਨਈਅਰ ਅਤੇ ਈ ਟੀ ਓ ਆਬਕਾਰੀ ਦੀਵਾਨ ਚੰਦ ਨਾਲ ਇੱਕ ਸਮੀਖਿਆ ਮੀਟਿੰਗ ਵੀ ਕੀਤੀ ਗਈ ਅਤੇ ਪਿਛਲੇ 72 ਘੰਟਿਆਂ ਦੌਰਾਨ ਵਧੇਰੇ ਚੌਕਸ ਰਹਿਣ ਲਈ ਕਿਹਾ ਗਿਆ।