ਨਵੀਂ ਦਿੱਲੀ : ਲੋਕ ਸਭਾ ਸੀਟਾਂ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਰਾਹੁਲ, ਸੋਨੀਆ ਅਤੇ ਮਲਿਕਾਰਜੁਨ ਖੜਗੇ ਨੇ ਮੰਗਲਵਾਰ ਨੂੰ ਸ਼ਾਮ 5.30 ਵਜੇ ਪਾਰਟੀ ਦੇ ਦਿੱਲੀ ਹੈਡਕੁਆਰਟਰ ’ਤੇ ਪ੍ਰੈਸ ਕਾਨਫ਼ਰੰਸ ਕੀਤੀ। ਇਸ ਮੌਕੇ ਰਾਹੁਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਨੂੰ ਮੋਦੀ-ਸ਼ਾਹ ਨਹੀਂ ਚਾਹੀਦਾ। ਉਨ੍ਹਾਂ ਕਿਹਾ ਕਿ ਇਹ ਲੜਾਈ ਸੰਵਿਧਾਨ ਨੂੰ ਬਚਾਉਣ ਲਈ ਸੀ। ਜੇਕਰ ਮੈਂ ਤੁਹਾਨੂੰ ਸੱਚ ਦੱਸਾਂ ਤਾਂ ਮੇਰੇ ਦਿਮਾਗ਼ ਵਿੱਚ ਇਹ ਸੀ ਕਿ ਜਦੋਂ ਸਾਡਾ ਖਾਤਾ ਜ਼ਬਤ ਕੀਤਾ ਗਿਆ ਸੀ ਅਤੇ ਮੁੱਖ ਮੰਤਰੀ ਨੂੰ ਜੇਲ੍ਹ ਵਿੱਚ ਬੰਦ ਕੀਤਾ ਗਿਆ ਸੀ ਤਾਂ ਮੇਰੇ ਦਿਮਾਗ਼ ਵਿੱਚ ਇਹ ਸੀ ਕਿ ਲੋਕ ਸੰਵਿਧਾਨ ਨੂੰ ਬਚਾਉਣ ਲਈ ਲੜਨਗੇ। ਉਨ੍ਹਾਂ ਕਿਹਾ ਕਿ ਮੈਂ ਜਨਤਾ, ਇੰਡੀਆ ਅਲਾਇੰਸ ਦੇ ਭਾਈਵਾਲਾਂ ਅਤੇ ਆਪਣੇ ਵਰਕਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਤੁਸੀਂ ਸੰਵਿਧਾਨ ਨੂੰ ਬਚਾਉਣ ਲਈ ਸਭ ਤੋਂ ਵੱਡਾ ਕਦਮ ਚੁੱਕਿਆ ਹੈ। ਅਸੀਂ ਭਾਰਤ ਨੂੰ ਇਕ ਨਵਾਂ ਰਸਤਾ ਵਿਖਾਇਆ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਅਸੀਂ ਨਤੀਜਾ ਸਵੀਕਾਰ ਕਰਦੇ ਹਾਂ। ਉਨ੍ਹਾਂ ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਲੋਕਾਂ ਦੀ ਜਿੱਤ ਹੇ। ਭਾਜਪਾ ਨੇ ਇਕ ਵਿਅਕਤੀ ਦੇ ਨਾਂ ’ਤੇ ਵੋਟਾਂ ਮੰਗੀਆਂ ਹਨ। ਇਹ ਉਨ੍ਹਾਂ ਦੀ ਹਾਰ ਹੈ। ਲੋਕ ਸਭਾ ਦੀਆਂ 543 ਵਿਚੋਂ 542 ਸੀਟਾਂ ’ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਰੁਝਾਨਾਂ ਵਿੱਚ ਭਾਜਪਾ ਬਹੁਮਤ ਤੋਂ ਦੂਰ ਹੈ। ਉਸ ਨੂੰ 32 ਤੋਂ ਵੱਧ ਸੀਆਂ ਦਾ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਹੈ। 2019 ਵਿੱਚ ਪਾਰਟੀ ਨੂੰ 303 ਸੀਟਾਂ ਮਿਲੀਆਂ ਸਨ। ਹਾਲਾਂਕਿ ਐਨਡੀਏ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ। ਰੁਝਾਨਾਂ ਵਿੱਚ ਐਨ.ਡੀ.ਏ. 298 ਸੀਟਾਂ ’ਤੇ ਅੱਗੇ ਹੈ ਅਤੇ ਭਾਰਤ ਗਠਜੋੜ 228 ਸੀਟਾਂ ’ਤੇ ਅੱਗੇ ਹੈ। ਰੁਝਾਨ ਉਤਰ ਪ੍ਰਦੇਸ਼, ਬਿਹਾਰ, ਅਤੇ ਪੱਛਮੀ ਬੰਗਾਲ ਵਿੱਚ ਐਨਡੀ.ਏ. ਨੂੰ ਨੁਕਸਾਨ ਦਰਸਾਉਂਦੇ ਹਨ। ਲਖਨਊ ਦੇ ਰਾਮਬਾਈ ਇਲਾਕੇ ਵਿੱਚ ਗਿਣਤੀ ਕੇਂਦਰ ’ਤੇ ਬੀਜੇਪੀ ਅਤੇ ਸਪਾ ਵਰਕਰਾਂ ਵਿਚਾਲੇ ਝੜਪ ਹੋ ਗਈ।