ਖਰੜ : ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਚ ਪੈਂਦੇ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਖਰੜ ਹਲਕਿਆਂ ਪਟਿਆਲਾ ਚ ਪੈਂਦੇ ਡੇਰਾਬੱਸੀ ਹਲਕੇ ਚ 1 ਜੂਨ ਨੂੰ ਹੋਏ ਮਤਦਾਨ ਦੀ ਗਿਣਤੀ ਅੱਜ ਸ਼ਾਂਤੀਪੂਰਣ ਢੰਗ ਨਾਲ ਮੁਕੰਮਲ ਹੋਈ। ਸਰਕਾਰੀ ਪੋਲੀਟੈਕਨਿਕ ਖੂਨੀ ਮਾਜਰਾ (ਖਰੜ) ਵਿਖੇ ਖਰੜ ਅਤੇ ਐੱਸ ਏ ਐੱਸ ਨਗਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਡੇਰਾਬੱਸੀ ਹਲਕੇ ਵਾਸਤੇ ਮਤਗਣਨਾ ਕਰਵਾਈ ਗਈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਸਵੇਰੇ 8 ਵਜੇ ਚੋਣ ਕਮਿਸ਼ਨ ਵੱਲੋਂ ਨਿਯੁਕਤ ਗਿਣਤੀ ਨਿਗਰਾਨ ਮੁਹੰਮਦ ਆਵੇਸ਼ ਦੀ ਨਿਗਰਾਨੀ ਵਿੱਚ ਸਰਕਾਰੀ ਪੋਲੀਟੈਕਨਿਕ ਖੂਨੀ ਮਾਜਰਾ (ਖਰੜ) ਵਿਖੇ ਸ਼ੁਰੂ ਹੋਈ ਇਸ ਮਤਗਣਨਾ ਪ੍ਰਕਿਰਿਆ ਦੌਰਾਨ ਮਾਈਕ੍ਰੋ ਅਬਜ਼ਰਵਰ, ਕਾਊਂਟਿੰਗ ਅਸਿਸਟੈਂਟ ਅਤੇ ਕਾਊਂਟਿੰਗ ਸੁਪਰਵਾਈਜ਼ਰ ਦੀਆਂ 19-19 ਟੀਮਾਂ (ਸਮੇਤ 5-5 ਰਿਜ਼ਰਵ) ਤਾਇਨਾਤ ਕੀਤੇ ਗਏ ਸਨ। ਹਰੇਕ ਹਲਕੇ ਵਾਸਤੇ 14-14 ਟੇਬਲ ਲਾਏ ਗਏ ਸਨ। ਖਰੜ ਹਲਕੇ ਦੀ ਗਿਣਤੀ 20 ਰਾਊਂਡ ਵਿੱਚ ਮੁਕੰਮਲ ਹੋਈ ਜਦਕਿ ਐੱਸ ਏ ਐੱਸ ਨਗਰ ਹਲਕੇ ਦੀ ਗਿਣਤੀ 18 ਰਾਊਂਡ ਚ ਮੁਕੰਮਲ ਕੀਤੀ ਗਈ। ਡੇਰਾਬੱਸੀ ਹਲਕੇ ਲਈ ਗਿਣਤੀ ਦੇ 22 ਰਾਊਂਡ ਪੂਰੇ ਕੀਤੇ ਗਏ। ਉਨ੍ਹਾਂ ਦੱਸਿਆ ਕਿ ਖਰੜ ਹਲਕੇ ਦੀ ਗਿਣਤੀ ਐਸ.ਡੀ.ਐਮ. ਕਮ ਏ.ਆਰ.ਓ. ਗੁਰਮੰਦਰ ਸਿੰਘ, ਐੱਸ ਏ ਐੱਸ ਨਗਰ ਹਲਕੇ ਦੀ ਗਿਣਤੀ ਐਸ.ਡੀ.ਐਮ. ਕਮ ਏ.ਆਰ.ਓ. ਦੀਪਾਂਕਰ ਗਰਗ ਦੀ ਅਗਵਾਈ ਵਿੱਚ ਅਤੇ ਡੇਰਾਬੱਸੀ ਹਲਕੇ ਦੀ ਗਿਣਤੀ ਐਸ.ਡੀ.ਐਮ. ਕਮ ਏ.ਆਰ.ਓ. ਹਿਮਾਂਸ਼ੂ ਗੁਪਤਾ ਦੀ ਅਗਵਾਈ ਵਿੱਚ ਨੇਪਰੇ ਚਾੜ੍ਹੀ ਗਈ। ਜ਼ਿਲ੍ਹਾ ਚੋਣ ਅਫ਼ਸਰ ਨੇ ਗਿਣਤੀ ਪ੍ਰਕਿਰਿਆ ਦੌਰਾਨ ਡਿਊਟੀ ਦੇਣ ਵਾਲੇ ਸਮੁੱਚੇ ਗਿਣਤੀ ਸਟਾਫ਼ ਅਤੇ ਅਧਿਕਾਰੀਆਂ ਦੀ ਮਤਗਣਨਾ ਨੂੰ ਤਰਤੀਬਵਾਰ ਅਤੇ ਮਿੱਥੇ ਸਮੇਂ ਵਿੱਚ ਨੇਪਰੇ ਚਾੜ੍ਹਨ ’ਤੇ ਸ਼ਲਾਘਾ ਕੀਤੀ। ਗਿਣਤੀ ਦੌਰਾਨ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰਾਂ ਨੂੰ ਹਲਕਾਵਾਰ ਪਈਆਂ ਵੋਟਾਂ ਵਿੱਚੋਂ ਖਰੜ ਹਲਕੇ ’ਚ ਪਈਆਂ 159386 ਵੋਟਾਂ ’ਚੋਂ ਕਾਂਗਰਸ ਉਮੀਦਵਾਰ ਨੂੰ 46622, ਆਪ ਉਮੀਦਵਾਰ ਨੂੰ 40983, ਭਾਜਪਾ ਉਮੀਦਵਾਰ ਨੂੰ 40391ਅਤੇ ਅਕਾਲੀ ਦਲ ਉਮੀਦਵਾਰ ਨੂੰ 17654 ਵੋਟਾਂ ਮਿਲੀਆਂ ਜਦਕਿ ਅਕਾਲੀ ਦਲ (ਅ) ਉਮੀਦਵਾਰ ਨੂੰ 5101 ਅਤੇ ਬਹੁਜਨ ਸਮਾਜ ਪਾਰਟੀ ਨੂੰ 2681ਅਤੇ ਨੋਟਾ ਨੂੰ 1166 ਵੋਟਾਂ ਮਿਲੀਆਂ। ਐੱਸ ਏ ਐੱਸ ਨਗਰ ਹਲਕੇ ਵਿੱਚ ਕੁੱਲ ਪਈਆਂ 140267 ਵੋਟਾਂ ’ਚੋਂ ਕਾਂਗਰਸ ਉਮੀਦਵਾਰ ਨੂੰ 41790, ਆਪ ਉਮੀਦਵਾਰ ਨੂੰ 40967, ਭਾਜਪਾ ਉਮੀਦਵਾਰ ਨੂੰ 36005, ਅਕਾਲੀ ਦਲ ਉਮੀਦਵਾਰ ਨੂੰ 12523, ਬਸਪਾ ਉਮੀਦਵਾਰ ਨੂੰ 1981 ਅਤੇ ਅਕਾਲੀ ਦਲ (ਅ) ਨੂੰ 2580 ਵੋਟਾਂ ਮਿਲੀਆਂ। ਇਸ ਹਲਕੇ ’ਚ 1177 ਮਤਦਾਤਾਵਾਂ ਨੇ ਨੋਟਾ ਦੀ ਵਰਤੋਂ ਕੀਤੀ। ਡੇਰਾਬੱਸੀ ਹਲਕੇ ਵਿੱਚ ਪਈਆਂ ਕੁੱਲ 196234 ਵੋਟਾਂ ’ਚੋਂ 65742 ਭਾਜਪਾ ਉਮੀਦਵਾਰ ਨੂੰ, ਉਸ ਤੋਂ ਬਾਅਦ 46621 ਕਾਂਗਰਸ ਉਮੀਦਵਾਰ ਨੂੰ, ਆਪ ਉਮੀਦਵਾਰ ਨੂੰ 36390, ਅਕਾਲੀ ਦਲ ਉਮੀਦਵਾਰ ਨੂੰ 33748, ਬਸਪਾ ਉਮੀਦਵਾਰ ਨੂੰ 4197, ਅਕਾਲੀ ਦਲ (ਅ) ਉਮੀਦਵਾਰ ਨੂੰ 3980 ਵੋਟਾਂ ਮਿਲੀਆਂ ਜਦਕਿ 926 ਮਤਦਾਤਾਵਾਂ ਨੇ ਨੋਟਾ ਦਾ ਬਟਨ ਦਬਾਇਆ।