ਡੀਜੀਪੀ ਪੰਜਾਬ ਦੀਆਂ ਹਦਾਇਤਾਂ ਉਪਰੰਤ ਪੁਲਿਸ ਸਟੇਸ਼ਨਾਂ ਵਿੱਚ ਤਾਇਨਾਤ ਪੁਲਿਸ ਬਲ ਵਿੱਚ ਵੱਡਾ ਫੇਰਬਦਲ ਜਾਰੀ
2017 ਤੋਂ ਹੈਰੋਇਨ ਬਰਾਮਦਗੀ ਵਿੱਚ 5.6 ਗੁਣਾ ਵਾਧਾ; ਐਨਡੀਪੀਐਸ ਐਕਟ ਵਿੱਚ ਦੋਸ਼ ਸਾਬਤ ਹੋਣ ਦੀ ਦਰ 81 ਫੀਸਦ
ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਇਸ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ਦੌਰਾਨ ਐਸਏਐਸ ਨਗਰ ਵਿਖੇ ਪੁਲਿਸ ਟੀਮਾਂ ਦੀ ਅਗਵਾਈ ਲਈ ਮੈਦਾਨ ਵਿੱਚ ਉਤਰੇ
ਸਾਰੀਆਂ ਰੇਂਜਾਂ ਦੇ ਏਡੀਜੀਪੀਜ਼/ਆਈਜੀਪੀਜ਼/ਡੀਆਈਜੀਜ਼ ਅਤੇ ਸੀਪੀਜ਼/ਐਸਐਸਪੀਜ਼ ਨੇ ਇਸ ਵਿਸ਼ੇਸ਼ ਕਾਰਵਾਈ ਦੌਰਾਨ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਨਿੱਜੀ ਤੌਰ 'ਤੇ ਕੀਤੀ ਨਿਗਰਾਨੀ
450 ਤੋਂ ਵੱਧ ਪੁਲਿਸ ਟੀਮਾਂ ਨੇ ਪੰਜਾਬ ਭਰ ਦੇ 280 ਡਰੱਗ ਹਾਟਸਪੌਟਸ 'ਤੇ ਚਲਾਇਆ ਇਹ ਵਿਸ਼ੇਸ਼ ਆਪ੍ਰੇਸ਼ਨ: ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ
ਪੰਜਾਬ ਪੁਲਿਸ ਨੇ 140 ਐਫਆਈਆਰ ਦਰਜ ਕਰਕੇ 166 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ; 2.7 ਕਿਲੋ ਹੈਰੋਇਨ, 1.50 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ, ਪੰਜਾਬ ਪੁਲਿਸ ਵੱਲੋਂ ਅੱਜ ਨਸ਼ਿਆਂ ਦੇ ਪਛਾਣੇ ਗਏ ਹੌਟਸਪੌਟਸ ਅਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਨਸ਼ਾ ਸਪਲਾਈ ਦੀ ਕੜੀ ਨੂੰ ਵਿਰਕੀ ਦੇ ਪੱਧਰ (ਪੁਆਇੰਟ ਆਫ਼ ਸੇਲ) ਤੋਂ ਤੋੜਨ ਦੇ ਉਦੇਸ਼ ਨਾਲ ਵਿਆਪਕ ਸੂਬਾ ਪੱਧਰੀ ਘੇਰਾਬੰਦੀ ਅਤੇ ਤਲਾਸ਼ੀ ਆਪ੍ਰੇਸ਼ਨ (ਸੀਏਐਸਓ) ਚਲਾਇਆ ਗਿਆ। ਇਹ ਆਪ੍ਰੇਸ਼ਨ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ 'ਤੇ ਸੂਬੇਸੂਸੂਬੇ ਦੇ ਸਾਰੇ 28 ਪੁਲਿਸ ਜ਼ਿਲ੍ਹਿਆਂ ਵਿੱਚ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਇੱਕੋ ਸਮੇਂ ਚਲਾਇਆ ਗਿਆ। ਸਾਰੀਆਂ ਰੇਂਜਾਂ ਦੇ ਏਡੀਜੀਪੀਜ਼/ਆਈਜੀਪੀਜ਼/ਡੀਆਈਜੀਜ਼ ਅਤੇ ਸੀਪੀਜ਼/ਐਸਐਸਪੀਜ਼ ਨੂੰ ਆਪੋ-ਆਪਣੇ ਜ਼ਿਲ੍ਹੇ ਵਿੱਚ ਨਿੱਜੀ ਤੌਰ 'ਤੇ ਇਸ ਆਪਰੇਸ਼ਨ ਦੌਰਾਨ ਨਿਗਰਾਨੀ ਕਰਨ ਲਈ ਕਿਹਾ ਗਿਆ ਸੀ। ਸੀਪੀਜ਼/ਐਸਐਸਪੀਜ਼ ਨੂੰ ਉਹਨਾਂ ਦੇ ਸਬੰਧਤ ਜ਼ਿਲ੍ਹਿਆਂ ਵਿੱਚ ਨਸ਼ਿਆਂ ਦੇ ਹੌਟਸਪੌਟਸ - ਨਸ਼ੀਲੇ ਪਦਾਰਥਾਂ ਅਤੇ ਮਨੋਵਿਗਿਆਨਕ ਪਦਾਰਥਾਂ ਦੀ ਵਿਕਰੀ ਸਥਾਨਾਂ ਜਾਂ ਉਹ ਖੇਤਰ ਜੋ ਨਸ਼ਾ ਤਸਕਰਾਂ ਲਈ ਛੁਪਣਗਾਹ/ਸੁਰੱਖਿਅਤ ਸਥਾਨ ਬਣ ਗਏ ਹਨ - ਦੀ ਪਛਾਣ ਕਰਕੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਨਾਲ ਸਾਵਧਾਨੀਪੂਰਵਕ ਢੰਗ ਨਾਲ ਇਸ ਆਪ੍ਰੇਸ਼ਨ ਨੂੰ ਨੇਪਰੇ ਚਾੜਨ ਦੀ ਯੋਜਨਾ ਬਣਾਉਣ ਲਈ ਕਿਹਾ ਗਿਆ ਸੀ।
ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ, ਜੋ ਐਸ.ਏ.ਐਸ.ਨਗਰ ਵਿਖੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀ) ਰੋਪੜ ਰੇਂਜ ਨੀਲਾਂਬਰੀ ਜਗਦਲੇ ਅਤੇ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਡਾ. ਸੰਦੀਪ ਗਰਗ ਨਾਲ ਇਸ ਆਪ੍ਰੇਸ਼ਨ ਵਿੱਚ ਸ਼ਾਮਲ ਹੋਏ, ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਸਰਹੱਦੀ ਸੂਬੇ ਤੋਂ ਨਸ਼ਿਆਂ ਦੇ ਖ਼ਾਤਮੇ ਲਈ ਬਹੁ-ਪੱਖੀ ਰਣਨੀਤੀ— ਇਨਫੋਰਸਮੈਂਟ, ਡੀ-ਐਡਿਕਸ਼ਨ ਅਤੇ ਪ੍ਰੀਵੈਂਸ਼ਨ (ਈਡੀਪੀ) — ਅਪਣਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਬਹੁ-ਪੱਖੀ ਰਣਨੀਤੀ ਦੇ ਇਨਫੋਰਸਮੈਂਟ ਹਿੱਸੇ ਤਹਿਤ, ਪੁਲਿਸ ਵੱਲੋਂ ਛੋਟੇ ਨਸ਼ਾ ਤਸਕਰਾਂ ਨੂੰ ਨਾਮਜ਼ਮ ਕਰਕੇ ਨਸ਼ਾ ਸਪਲਾਈ ਦੀ ਕੜੀ ਨੂੰ ਵਿਰਕੀ ਦੇ ਪੱਧਰ ਤੋਂ ਹੀ ਤੋੜਨ 'ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਐਨਡੀਪੀਐਸ ਐਕਟ ਦੀ ਧਾਰਾ 68ਐਫ ਤਹਿਤ ਵੱਡੀਆਂ ਮੱਛੀਆਂ ਦੀਆਂ ਗੈਰ-ਕਾਨੂੰਨੀ ਜਾਇਦਾਦਾਂ ਨੂੰ ਵੀ ਜ਼ਬਤ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਸਰਹੱਦ ਦੇ ਨਾਲ-ਨਾਲ ਸੁਰੱਖਿਆ ਦੀ ਦੂਜੀ ਕਤਾਰ ਨੂੰ ਵੀ ਮਜ਼ਬੂਤ ਕੀਤਾ ਗਿਆ ਹੈ। ਸਪੈਸ਼ਲ ਡੀਜੀਪੀ ਨੇ ਕਿਹਾ ਕਿ ਡੀਜੀਪੀ ਪੰਜਾਬ ਦੇ ਸਪੱਸ਼ਟ ਨਿਰਦੇਸ਼ਾਂ ਤੋਂ ਬਾਅਦ ਕਾਂਸਟੇਬਲ ਰੈਂਕ ਤੋਂ ਲੈ ਕੇ ਇੰਸਪੈਕਟਰ ਰੈਂਕ ਤੱਕ ਦੇ ਸਾਰੇ ਪੁਲਿਸ ਮੁਲਾਜ਼ਮਾਂ, ਜੋ ਤਿੰਨ ਜਾਂ ਤਿੰਨ ਤੋਂ ਵੱਧ ਸਾਲਾਂ ਤੋਂ ਥਾਣੇ ਵਿੱਚ ਤਾਇਨਾਤ ਹਨ, ਦਾ ਸੂਬੇ ਭਰ ਦੇ ਥਾਣਿਆਂ ਵਿੱਚ ਵੱਡੇ ਪੱਧਰ 'ਤੇ ਫੇਰਬਦਲ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਨੂੰ ਐਨ.ਡੀ.ਪੀ.ਐਸ. ਐਕਟ ਤਹਿਤ ਦਰਜ ਕੀਤੇ ਸਾਰੇ ਕੇਸਾਂ ਦੇ ਅਗਲੇ ਅਤੇ ਪਿਛਲੇ ਸਬੰਧਾਂ ਨੂੰ ਘੋਖਣ ਤੇ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਲਈ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿੱਚ ਬੰਦ ਸਾਰੇ ਨਸ਼ਾ ਤਸਕਰਾਂ 'ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।
ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਸੂਬੇ ਵਿੱਚੋਂ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਲਈ ਪੰਜਾਬ ਪੁਲਿਸ ਦੇ ਸਖ਼ਤ ਯਤਨਾਂ ਸਦਕਾ 2017 ਤੋਂ ਹੁਣ ਤੱਕ ਹੈਰੋਇਨ ਦੀ ਬਰਾਮਦਗੀ ਵਿੱਚ 5.6 ਗੁਣਾ (567 ਫ਼ੀਸਦ) ਵਾਧਾ ਹੋਇਆ ਹੈ। ਜ਼ਿਕਰਯੋਗ ਹੈ ਕਿ 2023 ਵਿੱਚ ਪੰਜਾਬ ਪੁਲਿਸ ਵੱਲੋਂ ਰਿਕਾਰਡ 1346 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ ਹੈ ਜਦਕਿ 2022 ਵਿੱਚ 594 ਕਿਲੋਗ੍ਰਾਮ, 2021 ਵਿੱਚ 571 ਕਿਲੋਗ੍ਰਾਮ, 2020 ਵਿੱਚ 760 ਕਿਲੋਗ੍ਰਾਮ, 2019 ਵਿੱਚ 460 ਕਿਲੋਗ੍ਰਾਮ, 2018 ਵਿੱਚ 424 ਕਿਲੋਗ੍ਰਾਮ ਅਤੇ 2017 ਵਿੱਚ 179 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ ਸੀ। ਇਸੇ ਤਰ੍ਹਾਂ ਐਨਡੀਪੀਐਸ ਐਕਟ ਵਿੱਚ ਦੋਸ਼ ਸਾਬਤ ਹੋਣ ਦੀ ਦਰ ਵੀ 2018 ਵਿੱਚ 59 ਫੀਸਦ ਤੋਂ ਵਧ ਕੇ 2023 ਵਿੱਚ 81 ਫੀਸਦ ਹੋ ਗਈ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਤਸਕਰੀ ਵਿਰੁੱਧ ਕਾਨੂੰਨ ਲਾਗੂ ਕਰਨ ਤੋਂ ਇਲਾਵਾ, ਪੰਜਾਬ ਪੁਲਿਸ ਨੇ ਨਸ਼ਿਆਂ ਵਿਰੁੱਧ ਲੜਾਈ ਲਈ ਲੋਕਾਂ ਨੂੰ ਜਾਗਰੂਕ ਕਰਨ ਅਤੇ ਆਮ ਲੋਕਾਂ ਦਾ ਸਮਰਥਨ ਪ੍ਰਾਪਤ ਕਰਨ ਵਾਸਤੇ ਨਸ਼ਿਆਂ ਦੀ ਰੋਕਥਾਮ ਦੇ ਹਿੱਸੇ ਵਜੋਂ ਇੱਕ ਵਿਸ਼ੇਸ਼ ਮੁਹਿੰਮ ਚਲਾਈ ਹੈ। ਉਹਨਾਂ ਅੱਗੇ ਕਿਹਾ ਕਿ ਨਸ਼ਾ ਮੁਕਤੀ ਮੁਹਿੰਮ ਦੇ ਹਿੱਸੇ ਵਜੋਂ, ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲਿਆਂ, ਜੋ ਘੱਟ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਨਾਲ ਫੜੇ ਗਏ, ਨੂੰ ਐਨਡੀਪੀਐਸ ਐਕਟ ਦੀ ਧਾਰਾ 64-ਏ ਦਾ ਉਪਬੰਧ ਜੋ ਉਨ੍ਹਾਂ ਨੂੰ ਨਸ਼ਾ ਮੁਕਤੀ ਅਤੇ ਮੁੜ ਵਸੇਬੇ ਦਾ ਮੌਕਾ ਪ੍ਰਦਾਨ ਕਰਦਾ ਹੈ, ਦਾ ਲਾਹਾ ਲੈਣ ਲਈ ਪ੍ਰੇਰਿਤ ਜਾ ਰਿਹਾ ਹੈ।
ਇਸ ਵਿਸ਼ੇਸ਼ ਆਪ੍ਰੇਸ਼ਨ ਬਾਰੇ ਵੇਰਵੇ ਸਾਂਝੇ ਕਰਦਿਆਂ, ਸਪੈਸ਼ਲ ਡੀਜੀਪੀ ਨੇ ਦੱਸਿਆ ਕਿ 3000 ਤੋਂ ਵੱਧ ਪੁਲਿਸ ਮੁਲਾਜ਼ਮਾਂ ਵਾਲੀਆਂ 450 ਤੋਂ ਵੱਧ ਪੁਲਿਸ ਟੀਮਾਂ ਨੇ ਸੂਬੇ ਭਰ ਦੇ 280 ਡਰੱਗ ਹੌਟਸਪੌਟਸ ‘ਤੇ ਇਹ ਆਪ੍ਰੇਸ਼ਨ ਚਲਾਇਆ। ਉਨ੍ਹਾਂ ਦੱਸਿਆ ਕਿ ਇਸ ਆਪ੍ਰੇਸ਼ਨ ਦੌਰਾਨ ਪੁਲਿਸ ਵੱਲੋਂ 140 ਐਫਆਈਆਰ ਦਰਜ ਕਰਕੇ 166 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਦੌਰਾਨ ਹੋਈ ਬਰਾਮਦਗੀ ਬਾਰੇ ਜਾਣਕਾਰੀ ਦਿੰਦਿਆਂ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ 2.7 ਕਿਲੋਗ੍ਰਾਮ ਹੈਰੋਇਨ, 1.50 ਲੱਖ ਰੁਪਏ ਦੀ ਡਰੱਗ ਮਨੀ, 12.2 ਕਿਲੋ ਭੁੱਕੀ, 5820 ਨਸ਼ੀਲੀਆਂ ਗੋਲੀਆਂ ਅਤੇ ਭਾਰੀ ਮਾਤਰਾ ਵਿੱਚ ਜਾਇਜ਼ ਤੇ ਨਜਾਇਜ਼ ਸ਼ਰਾਬ ਅਤੇ ਲਾਹਣ ਬਰਾਮਦ ਕਰਨ ਤੋਂ ਇਲਾਵਾ 16 ਮੋਟਰ ਸਾਈਕਲ ਅਤੇ ਤਿੰਨ ਕਾਰਾਂ ਜ਼ਬਤ ਕੀਤੀਆਂ ਹਨ।
ਡੱਬੀ: ਮਾਰਚ 2022 ਤੋਂ ਹੁਣ ਤੱਕ ਨਸ਼ਿਆਂ ਦੇ ਖ਼ਾਤਮੇ ਲਈ ਕੀਤੀ ਕਾਰਵਾਈ
* ਗ੍ਰਿਫ਼ਤਾਰ ਕੀਤੇ ਤਸਕਰ/ਸਪਲਾਇਰ: 35385
* 2 ਕਿਲੋਗ੍ਰਾਮ ਅਤੇ ਇਸ ਤੋਂ ਵੱਧ ਹੈਰੋਇਨ ਸਮੇਤ ਫੜੀਆਂ ਵੱਡੀਆਂ ਮੱਛੀਆਂ: 356
* ਕੁੱਲ ਐਫਆਈਆਰ ਦਰਜ: 25887
* ਵਪਾਰਕ ਮਾਤਰਾ ਦੀਆਂ ਕੁੱਲ ਐਫਆਈਆਰ: 3256
* ਜਾਇਦਾਦਾਂ ਜ਼ਬਤ: 200 ਕਰੋੜ ਰੁਪਏ ਦੀਆਂ 459 ਜਾਇਦਾਦਾਂ
* ਕੁੱਲ ਹੈਰੋਇਨ ਬਰਾਮਦ: 2309 ਕਿਲੋਗ੍ਰਾਮ
* ਕੁੱਲ ਅਫੀਮ ਬਰਾਮਦ: 2218 ਕਿਲੋਗ੍ਰਾਮ
* ਕੁੱਲ ਭੁੱਕੀ ਬਰਾਮਦ: 1050 ਕੁਇੰਟਲ
* ਕੁੱਲ ਗਾਂਜਾ ਬਰਾਮਦ: 2568 ਕਿਲੋਗ੍ਰਾਮ
* ਕੁੱਲ ਆਈਸੀਈ ਡਰੱਗ ਬਰਾਮਦ: 46 ਕਿਲੋਗ੍ਰਾਮ
* ਫਾਰਮਾ ਓਪੀਔਡਜ਼ ਦੀਆਂ ਕੁੱਲ ਗੋਲੀਆਂ/ਕੈਪਸੂਲ/ਟੀਕੇ/ਸ਼ੀਸ਼ੀਆਂ ਬਰਾਮਦ: 4.16 ਕਰੋੜ
* ਕੁੱਲ ਡਰੱਗ ਮਨੀ ਬਰਾਮਦ: 24.55 ਕਰੋੜ ਰੁਪਏ
* ਐਨ.ਡੀ.ਪੀ.ਐਸ. ਕੇਸਾਂ ਵਿੱਚ ਭਗੌੜਿਆਂ ਦੀ ਗ੍ਰਿਫਤਾਰੀ: 2956
* ਪੀ.ਆਈ.ਟੀ.- ਐਨ.ਡੀ.ਪੀ.ਐਸ. ਐਕਟ ਤਹਿਤ ਤਿਆਰ ਪ੍ਰਸਤਾਵ: 89